ਗਾਹਕਾਂ ਤੋਂ ਵੱਧ ਕੀਮਤ ਵਸੂਲਣ ਅਤੇ ਖਾਦ ਖੁਰਾਕ ਦੀ ਮਾਪਕ ਇਕਾਈ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ਼ ਪੰਜਾਬ ਸਰਕਾਰ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ ਵੱਖ-ਵੱਖ ਥਾਂਈਂ ਛਾਪੇਮਾਰੀ ਕੀਤੀ। ਇਨ੍ਹਾਂ ਛਾਪੇਮਾਰੀਆਂ ਦੌਰਾਨ ਵਿੰਗ ਵੱਲੋਂ 30 ਮਾਮਲੇ ਦਰਜ ਕੀਤੇ ਗਏ ਅਤੇ ਚਲਾਨਾਂ ਤੋਂ 2,47,000 ਰੁਪਏ ਦੀ ਕੰਪਾਊਂਡਿੰਗ ਫੀਸ ਇਕੱਤਰ ਹੋਵਗੀ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਵਿਭਾਗ ਦੇ ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ ਅੱਜ ਤੇ ਕੱਲ੍ਹ ਦੋ ਦਿਨਾਂ ਅੰਦਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸੜਕ-ਕੰਢੇ ਖੁੱਲ੍ਹੇ ਢਾਬਿਆਂ ’ਤੇ ਅਚਨਚੇਤੀ ਛਾਪੇ ਮਾਰ ਕੇ ਚੈਕਿੰਗ ਕੀਤੀਆਂ।
ਛਾਪੇਮਾਰੀਆਂ ਦੌਰਾਨ ਲੀਗਲ ਮੈਟ੍ਰੋਲੋਜੀ ਦੇ ਇੰਸਪੈਕਟਰਾਂ ਅਤੇ ਸਟਾਫ ਦੀਆਂ ਟੀਮਾਂ ਵੱਲੋਂ ਕਈ ਥਾਵਾਂ ’ਤੇ ਐਮ.ਆਰ.ਪੀ ਨਾਲ ਛੇੜ-ਛਾੜ, ਮੁੱਲ ਨਾਲੋਂ ਵੱਧ ਪੈਸੇ ਲੈਣ, ਘੱਟ ਤੋਲਣ ਆਦਿ ਵਰਗੀਆਂ ਕਈਆਂ ਕਿਸਮ ਦੀਆਂ ਬੇਨਿਯਮੀਆਂ ਪਾਈਆਂ ਗਈਆਂ। ਚੈਕਿੰਗ ਦੌਰਾਨ ਲੀਗਲ ਮੈਟ੍ਰੋਲੋਜੀ ਐਕਟ ਤੇ ਰੂਲਜ਼ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 30 ਮਾਮਲੇ ਵੀ ਦਰਜ ਕੀਤੇ ਗਏ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆਉਣ ’ਤੇ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਕਿਸਮ ਦੀ ਬੇਨਿਯਮੀ ਜਿਵੇਂ ਮੁੱਲ ਨਾਲੋਂ ਵੱਧ ਪੈਸੇ ਮੰਗਣਾ, ਘੱਟ ਤੋਲਣਾ ਜਾਂ ਮਾਪਣਾ ਅਤੇ ਘਟੀਆ ਕਿਸਮ ਦੀ ਪੈਕਿੰਗ ਆਦਿ ਸਬੰਧੀ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹੀਆਂ ਅਚਨਚੇਤ ਪੜਤਾਲਾਂ ਤੇ ਛਾਪੇਮਾਰੀਆਂ ਭਵਿੱਖ ਵਿੱਚ ਵੀ ਨਿਰੰਤਰ ਰੂਪ ਵਿੱਚ ਜਾਰੀ ਰਹਿਣਗੀ।
.