ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਜੋਕਿ ਅਕਾਲੀ ਉਮੀਦਵਾਰ ਦਾ ਪਿੰਡ ਹੈ, ਦੀ ਸਮੁੱਚੀ ਪੰਚਾਇਤ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ।
ਜ਼ਿਕਰਯੋਗ ਹੈ ਕਿ ਸਮੁੱਚੀ ਪੰਚਾਇਤ ਸਾਬਕਾ ਐਮ ਪੀ ਅਮਰੀਕ ਸਿੰਘ ਆਲੀਵਾਲ ਦੀ ਪ੍ਰੇਰਨਾ ਸਦਕਾ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ। ਕੈਪਟਨ ਸੰਧੂ ਨੇ ਸਰਪੰਚ ਜਗਵੇਦ ਸਿੰਘ ਦਿਓਲ ਸਮੂਹ ਪੰਚਾਇਤ ਮੈਂਬਰਾਂ ਨੂੰ ਸਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ।
ਕੈਪਟਨ ਸੰਧੂ ਨੇ ਕਿਹਾ ਕਿ ਦਾਖਾਂ ਦੇ ਲੋਕਾਂ ਨੇ ਜਿਸ ਨੂੰ ਪਿਛਲੀ ਵਾਰ ਜਿਤਾਇਆ ਸੀ ਉਸ ਨੇ ਦਾਖਾ ਹਲਕੇ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਆਪਣੇ ਬਾਰੇ ਜ਼ਿਕਰ ਕਰਦੇ ਕਿਹਾ ਕਿ ਮੈਂ ਇੱਕ ਗ਼ੈਰ ਸਿਆਸੀ ਪਰਿਵਾਰ ਵਿਚੋਂ ਹਾਂ ਅਤੇ ਮੈਨੂੰ ਸਿਆਸੀ ਲੋਕਾਂ ਵਾਂਗ ਭਾਸ਼ਣਬਾਜ਼ੀ ਤਾਂ ਨਹੀਂ ਕਰਨੀ ਆਉਂਦੀ ਪ੍ਰੰਤੂ ਇੱਕ ਆਮ ਵਰਕਰ ਹੋਣ ਦੇ ਨਾਤੇ ਮੁੱਖ ਮੰਤਰੀ ਅਤੇ ਪਾਰਟੀ ਨੇ ਜੋ ਵੀ ਮੇਰੀ ਡਿਊਟੀ ਲਗਾਈ ਉਸਨੂੰ ਪੂਰਾ ਨਿਭਾਇਆ।
ਉਨ੍ਹਾਂ ਭਰੋਸਾ ਦਿੱਤਾ ਕਿ ਤੁਸੀਂ ਮੈਨੂੰ ਜਿਤਾਓ ਮੈਂ ਤੁਹਾਡੀ ਆਸਾਂ ਤੇ ਖਰਾ ਉਤਰਾਂਗਾ। ਅਗਲੇ ਢਾਈ ਸਾਲ ਕਾਂਗਰਸ ਦੀ ਸਰਕਾਰ ਹੀ ਪੰਜਾਬ ਵਿੱਚ ਰਹੇਗੀ ਅਤੇ ਤੁਹਾਡੇ ਰਾਹੀਂ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ। ਉਨ੍ਹਾਂ ਕਿਹਾ ਕਿ ਆਉਣ ਵਾਲੇ ਢਾਈ ਸਾਲਾਂ ਵਿੱਚ ਆਪਾਂ ਇਕੱਠੇ ਹੋ ਕੇ ਦਾਖਾਂ ਦੀ ਕਿਸਮਤ ਬਦਲ ਸਕਦੇ ਹਾਂ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦੇ ਹੋਏ ਦੁਹਰਾਇਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੋ ਮੈਂ ਪਟਿਆਲੇ ਬਾਰੇ ਸੋਚਦਾ ਹਾਂ ਉਹ ਹੀ ਮੈਂ ਦਾਖਾਂ ਬਾਰੇ ਸੋਚਦਾ ਹਾਂ। ਸੰਧੂ ਨੇ ਕਿਹਾ ਕਿ ਮੈਂ ਦਾਖਾਂ ਵਿੱਚ ਰਹਿ ਕੇ ਕੰਮ ਕਰਾਂਗਾ।
ਇਸ ਮੌਕੇ ਬੋਲਦਿਆਂ ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅਕਾਲੀ ਉਮੀਦਵਾਰ ਇਯਾਲੀ ਦਾ ਹੰਕਾਰ ਹੀ ਉਸ ਨੂੰ ਲੈ ਡੁੱਬੇਗਾ ਉਨ੍ਹਾਂ ਦੋਸ਼ ਲਾਇਆ ਲਈ ਅਕਾਲੀਆਂ ਨੇ ਇਸ ਇਲਾਕੇ ਦਾ ਮਾਈਨਿੰਗ ਅਤੇ ਨਸ਼ੇ ਨਾਲ ਬੁਰਾ ਹਾਲ ਕਰ ਦਿੱਤਾ ਸੀ।
ਇਸ ਦੌਰਾਨ ਕੈਪਟਨ ਸੰਦੀਪ ਸੰਧੂ ਅਤੇ ਸਮੂਹ ਬੁਲਾਰਿਆਂ ਨੇ ਅਪੀਲ ਕੀਤੀ ਕਿ ਆਉਣ ਵਾਲੀ 21 ਅਕਤੂਬਰ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਭੁਗਤਾ ਕੇ ਹਲਕਾ ਦਾਖਾ ਦੀ ਕਿਸਮਤ ਸਵਾਰੀਏ, ਤਾਂ ਜੋ ਵਿਧਾਨ ਸਭਾ ਵਿੱਚ ਦਾਖਾ ਹਲਕੇ ਦੀ ਨੁਮਾਇੰਦਗੀ ਵਧੀਆ ਤਰੀਕੇ ਦੇ ਨਾਲ ਨਾਲ ਆਉਣ ਵਾਲੇ ਢਾਈ ਸਾਲਾਂ ਵਿੱਚ ਦਾਖਾ ਹਲਕੇ ਦਾ ਕਾਇਆ ਕਲਪ ਹੋ ਸਕੇ।
.