ਤਸਵੀਰਾਂ: ਸਮੀਰ ਸਹਿਗਲ, ਅੰਮ੍ਰਿਤਸਰ – ਹਿੰਦੁਸਤਾਨ ਟਾਈਮਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਖੋ–ਵੱਖਰੇ ਸਮਾਰੋਹਾਂ ਦੀ ਲੜੀ ਵਿੱਚ ਅੱਜ 87 ਦੇਸ਼ਾਂ ਦੇ ਰਾਜਦੂਤ ਤੇ ਹੋਰ ਨੁਮਾਇੰਦੇ ਅੱਜ ਖ਼ਾਸ ਤੌਰ ’ਤੇ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਸਭਨਾਂ ਦਾ ਸੁਆਗਤ ਕੀਤਾ ਗਿਆ।
ਗੁਆਂਢੀ ਦੇਸ਼ਾਂ ਭੂਟਾਨ, ਅਫ਼ਗ਼ਾਨਿਸਤਾਨ, ਨੇਪਾਲ, ਸ੍ਰੀ ਲੰਕਾ, ਮਿਆਂਮਾਰ ਦੇ ਨਾਲ–ਨਾਲ ਮੋਰੱਕੋ, ਆਸਟ੍ਰੇਲੀਆ, ਮੰਗੋਲੀਆ ਜਿਹੇ ਦੇਸ਼ਾਂ ਤੋਂ ਆਏ ਇਨ੍ਹਾਂ ਵਿਦੇਸ਼ੀ ਨੁਮਾਇੰਦਿਆਂ ਨੇ ਅੱਜ ਮੱਥਾ ਟੇਕਿਆ।
ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।
ਏਐੱਨਆਈ ਦੀ ਰਿਪੋਰਟ ਮੁਤਾਬਕ ‘ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਪ੍ਰੀਸ਼ਦ’ (ICCR) ਦੇ ਪ੍ਰਧਾਨ ਵਿਨੇ ਸਹੱਸਰਬੁੱਧੀ ਅਤੇ ਅਮਰੀਕੀ ਮਿਸ਼ਨਾਂ ਦੇ ਡਿਪਟੀ ਚੀਫ਼ ਵੀ ਇਸ ਮੌਕੇ ਮੌਜੂਦ ਸਨ।
ਇਹ ਸਮਾਰੋਹ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲਮੇਲ ਨਾਲ ICCR ਵੱਲੋਂ ਕਰਵਾਇਆ ਗਿਆ ਸੀ। ਦਰਅਸਲ, ਪਹਿਲਾਂ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਸ਼ਾਨਦਾਰ ਤੇ ਵਿਸ਼ਾਲ ਤਰੀਕੇ ਮਨਾਇਆ ਜਾਵੇਗਾ।