ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰੀਸਰਚ ਐਂਡ ਟ੍ਰੇਨਿੰਗ (NCERT) ਦੇ ਸਾਬਕਾ ਡਾਇਰੈਕਟਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਅਜੋਕੇ ਦੌਰ ਵਿੱਚ ਉਚੇਰੀ ਸਿੱਖਿਆ ਦਾ ਨਿਜੀਕਰਨ ਆਮ ਹੋ ਰਿਹਾ ਹੈ। ਅਧਿਆਪਕਾਂ ਦੀਆਂ ਆਸਾਮੀਆਂ ਘਟਦੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਪੁਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੰਸਥਾਨਾਂ ਵਿੱਚ ਸੀਨੀਅਰ ਅਧਿਆਪਕ ਹੁਣ ਜਿਵੇਂ ਅਲੋਪ ਹੀ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਨ ਦੀਆਂ ਨੈਤਿਕਤਾਵਾਂ ਉੱਤੇ ਹੁਣ ਬਹੁਤ ਜ਼ਿਆਦਾ ਦਬਾਅ ਹੈ।
ਪੰਜਾਬ ਯੂਨੀਵਰਸਿਟੀ ਦੇ ਲੋਕ–ਪ੍ਰਸ਼ਾਸਨ (Public Administration) ਵਿਭਾਗ ਦੇ ਇੱਕ ਵਿਦਿਆਰਥੀ ਸਮੂਹ ‘ਫ਼ਾਹਮ’ ਵੱਲੋਂ ਕਰਵਾਈ ਜਾਣ ਵਾਲੀ ਭਾਸ਼ਣ–ਲੜੀ ਦੀ ਪਹਿਲੀ ਵਰ੍ਹੇ–ਗੰਢ ਮੌਕੇ ਬੋਲਦਿਆਂ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਸੀਂ ਅੱਜ ਜਿਸ ਪੜਾਅ ਵਿੱਚੋਂ ਲੰਘ ਰਹੇ ਹਾਂ, ਉਸ ਵਿੱਚ ਸੰਕਟ ਡੂੰਘਾ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਹੁਣ ਸਿੱਖਣ ਦੇ ਕਾਰੋਬਾਰ ਦਾ ਧੁਰਾ ਨਹੀਂ ਰਿਹਾ। ਅਧਿਆਪਕਾਂ ਨੂੰ ਪੂਰਵ–ਨਿਰਧਾਰਤ ਨਤੀਜਿਆਂ ਦੀ ਹੀ ਪਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਸਰਕਾਰ ਦਾ ਦੋਸ਼ ਨਹੀਂ ਹੈ। ਸਾਰੀਆਂ ਹੀ ਸਰਕਾਰਾਂ ਇਹੋ ਜਿਹੀਆਂ ਨੀਤੀਆਂ ਦੀ ਹੀ ਪਾਲਣਾ ਕਰ ਰਹੀਆਂ ਹਨ।
ਸ੍ਰੀ ਕਿਸ਼ਨ ਕੁਮਾਰ ਨੇ ਕਿਹਾ ਕਿ ਅਧਿਆਪਨ ਦੇ ਮੁੱਖ ਤੌਰ ਉੱਤੇ ਦੋ ਪੱਖ – ਰਿਲੇਸ਼ਨਲ ਤੇ ਇੰਸਟਰੂਮੈਂਟਲਿਸਟ – ਹੁੰਦੇ ਹਨ। ‘ਰਿਲੇਸ਼ਨਲ’ ਪੱਖ ਵਿੱਚ ਵਿਦਿਆਰਥੀ ਨਾਲ ਸਬੰਧ ਮਜ਼ਬੂਤ ਕਰਨਾ ਹੁੰਦਾ ਹੈ। ਉਨ੍ਹਾਂ ਰਾਬਿੰਦਰਨਾਥ ਟੈਗੋਰ ਦੇ ਹਵਾਲੇ ਨਾਲ ਕਿਹਾ ਕਿ ਅਧਿਆਪਕ ਨੂੰ ਤਾਂ ਬੱਚੇ ਦੇ ਨਾਲ–ਨਾਲ ਚੱਲਣਾ ਪੈਂਦਾ ਹੈ। ਇੱਕ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਦੀ ਪੂਰੀ ਦੇਖਭਾਲ ਕਰਨੀ ਪੈਂਦੀ ਹੈ।
ਸ੍ਰੀ ਕਿਸ਼ਨ ਕੁਮਾਰ ਨੇ ਕਿਹਾ ਕਿ ਇੰਸਟਰੂਮੈਂਟਲਿਸਟ ਪੱਖ ਵਿੱਚ ਅਧਿਆਪਕ ਗਿਆਨ ਦੇ ਪਾਸਾਰ ਤੇ ਉਸ ਨੂੰ ਜਜ਼ਬ ਕਰਨ ਦਾ ਸਾਧਨ ਹੁੰਦਾ ਹੈ। ਫਿਰ ਉਸ ਤੋਂ ਬਾਅਦ ਉਹ ਵਿਦਿਆਰਥੀਆਂ ਨੂੰ ਇਹ ਸਭ ਸਮਝਾਉਂਦਾ ਹੈ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਦੇਸ਼ ਦੇ ਵਿਦਿਅਕ ਢਾਂਚੇ ਬਾਰੇ ਬੋਲਦਿਆਂ ਕਿਹਾ ਕਿ ਇਸ ਉੱਤੇ ਬਸਤੀਵਾਦ ਦਾ ਪ੍ਰਭਾਵ ਹੈ ਤੇ ਤਦ ਬਸਤੀਵਾਦ ਸਮੁੱਚੇ ਵਿਸ਼ਵ ਵਿੱਚ ਹੀ ਸੀ। ਆਧੁਨਿਕ ਵਿਸ਼ਵ ਦਾ ਜਨਮ ਉਸੇ ਦੌਰਾਨ ਹੋਇਆ ਸੀ। ਉਨ੍ਹਾਂ ਕਿਹਾ ਕਿ 19ਵੀਂ ਸਦੀ ਦੌਰਾਨ ਸਕੂਲ ਅਧਿਆਪਕਾਂ ਦਾ ਰੁਤਬਾ ਛੋਟਾ ਹੁੰਦਾ ਸੀ, ਇਸੇ ਲਈ ਅਧਿਆਪਕਾਂ ਦੀ ਸਿਖਲਾਈ ਦੇ ਕੋਰਸਾਂ ਵਿੱਚ ਵੀ ਬਹੁਤਾ ਮੁਕਾਬਲਾ ਨਹੀਂ ਸੀ ਹੁੰਦਾ। ਉਨ੍ਹਾਂ ਕਿਹਾ ਕਿ ਨੀਤੀ ਹੁਣ ਬਦਲੇਗੀ ਨਹੀਂ। ਕੁਝ ਗੱਲਾਂ ਜੋ ਵਾਪਰ ਗਈਆਂ, ਉਹ ਬਿਹਤਰ ਨਹੀਂ ਹਨ ਤੇ ਨਾ ਹੀ ਪਹਿਲਾਂ ਵਾਲੇ ਹਾਲਾਤ ਹੁਣ ਕਦੇ ਵਾਪਸ ਆ ਸਕਦੇ ਹਨ।