ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਗਲਾ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 75 ਵਰ੍ਹਿਆਂ ਦੇ ਸਨ। ਉਨ੍ਹਾਂ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ `ਚ ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਆਪਣੀ ਪਤਨੀ, ਇੱਕ ਪੁੱਤਰ ਤੇ ਧੀ ਛੱਡ ਗਏ ਹਨ। ਸਾਲ 2002 ਤੋਂ ਲੈ ਕੇ 2007 ਤੱਕ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਉਹ ਖ਼ਜ਼ਾਨਾ ਮੰਤਰੀ ਰਹੇ ਸਨ। ਸੁਰਿੰਦਰ ਸਿੰਗਲਾ ਦਾ ਅੰਤਿਮ ਸਸਕਾਰ ਭਲਕੇ ਸ਼ੁੱਕਰਵਾਰ ਨੂੰ 11 ਵਜੇ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ `ਚ ਹੋਵੇਗਾ।
ਸੁਰਿੰਦਰ ਸਿੰਗਲਾ ਦਾ ਸਿਆਸੀ ਕਰੀਅਰ ਬੇਦਾਗ਼ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਟਵਿਟਰ `ਤੇ ਆਪਣੇ ਟਵੀਟ ਦੌਰਾਨ ਕਿਹਾ: ‘‘ਆਪਣੇ ਦੋਸਤ ਤੇ ਮੇਰੀ ਪਿਛਲੀ ਕੈਬਿਨੇਟ ਵਿੱਚ ਮੇਰੇ ਸਹਿਯੋਗੀ ਸੁਰਿੰਦਰ ਸਿੰਗਲਾ ਦੇ ਦੇਹਾਂਤ ਦੀ ਖ਼ਬਰ ਤੋਂ ਦੁਖੀ ਹਾਂ। ਉਨ੍ਹਾਂ ਖ਼ਜ਼ਾਨਾ ਮੰਤਰੀ ਰਹਿੰਦਿਆਂ ਕਈ ਅਹਿਮ ਸੁਧਾਰ ਕੀਤੇ ਸਨ। ਆਪਣੇ ਬਠਿੰਡਾ ਵਿਧਾਨ ਸਭਾ ਹਲਕੇ ਲਈ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕਾਰਜ ਬੇਮਿਸਾਲ ਰਹੇ ਸਨ। ਅਸੀਂ ਤੁਹਾਨੂੰ ਕਦੇ ਭੁਲਾ ਨਹੀਂ ਸਕਾਂਗੇ, ਪਿਆਰੇ ਦੋਸਤ।``
Sad to hear about demise of my friend & my former cabinet colleague Surinder Singla. As Finance Minister in my previous stint he brought in many significant reforms. His development work for his constituency Bathinda was exemplary. We all will miss you dear friend.
— Capt.Amarinder Singh (@capt_amarinder) June 28, 2018
ਸਾਲ 2007 ਤੋਂ ਬਾਅਦ ਸੁਰਿੰਦਰ ਸਿੰਗਲਾ ਆਪਣੀਆਂ ਸਿਆਸੀ ਗਤੀਵਿਧੀਆਂ ਕੁਝ ਘਟਾ ਦਿੱਤੀਆਂ ਸਨ ਪਰ ਫਿਰ ਵੀ ਉਹ ਬਠਿੰਡਾ ਦੀ ਗਾਂਧੀ ਮਾਰਕਿਟ ਤੇ ਪਾਰਸ ਰਾਮ ਨਗਰ ਵਿੱਚ ਪਾਰਟੀ ਵਰਕਰਾਂ ਨੂੰ ਜ਼ਰੂਰ ਮਿਲਦੇ ਹੁੰਦੇ ਸਨ।
ਸੁਰਿੰਦਰ ਸਿੰਗਲਾ ਸਦਾ ਬਠਿੰਡਾ ਨੂੰ ਇੱਕ ‘ਸਮਾਰਟ ਸਿਟੀ` ਬਣਾਉਣਾ ਚਾਹੁੰਦੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਅਦ `ਚ ਚੰਡੀਗੜ੍ਹ ਵਿਖੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸੁਰਿੰਦਰ ਸਿੰਗਲਾ ਦੀ ਮੌਤ ਉਨ੍ਹਾਂ ਲਈ ਨਿੱਜੀ ਘਾਟਾ ਹੈ।
ਉਨ੍ਹਾਂ ਵਿਛੜੀ ਆਤਮਾ ਦੇ ਸਤਿਕਾਰ ਵਜੋਂ ਸ਼ੁਕਰਵਾਰ ਨੂੰ ਸੂਬਾ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਸਿੰਗਲਾ ਨੇ ਉਨ੍ਹਾਂ ਦੇ ਮੁੱਖ ਮੰਤਰੀ ਦੇ ਪਿਛਲੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਵਜੋਂ ਸੂਬੇ ਦੀ ਆਰਥਿਕਤਾ ਨੂੰ ਸਥਿਰ ਕਰਨ ਲਈ ਵਿਲੱਖਣ ਯੋਗਦਾਨ ਦਿੱਤਾ ਅਤੇ ਸ੍ਰੀ ਸਿੰਗਲਾ ਉਨ੍ਹਾਂ ਨੂੰ ਹਮੇਸ਼ਾਂ ਹੀ ਯਾਦ ਆਉਂਦੇ ਰਹਿਣਗੇ। ਉਨ੍ਹਾਂ ਨੇ ਬਠਿੰਡਾ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਸ੍ਰੀ ਸਿੰਗਲਾ ਵਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਸ੍ਰੀ ਸਿੰਗਲਾ ਇਕ ਯੋਗ ਪ੍ਰਸ਼ਾਸਕ ਅਤੇ ਅਰਥਸ਼ਾਸਤਰੀ ਸਨ ਜਿਨ੍ਹਾਂ ਦੇ ਵਿਛੋੜੇ ਨਾਲ ਕਾਂਗਰਸ ਅਤੇ ਲੋਕਾਂ ਲਈ ਇਕ ਖਲਾਅ ਪੈਦਾ ਹੋ ਗਿਆ ਹੈ ਜਿਨ੍ਹਾਂ ਵਾਸਤੇ ਉਨ੍ਹਾਂ ਨੇ ਅਣਥੱਕ ਸੇਵਾ ਕੀਤੀ। ਮੁੱਖ ਮੰਤਰੀ ਨੇ ਸ੍ਰੀ ਸਿੰਗਲਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਸੇ ਦੌਰਾਨ ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ , ਨਵੀਂ ਦਿੱਲੀ ਰਾਖੀ ਗੁਪਤਾ ਨੇ ਪੰਜਾਬ ਸਰਕਾਰ ਦੀ ਤਰਫੋ ਸੁਰਿੰਦਰ ਸਿੰਗਲਾ ਦੀ ਦੇਹ 'ਤੇ ਪੁਸ਼ਪਮਾਲਾਵਾਂ ਭੇਂਟ ਕੀਤੀ।