ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਵਿਧਾਇਕਾ ਵੱਲੋਂ ਮੋਗਾ ਦੇ 'ਏਐੱਸਆਈ ਨੂੰ ਧਮਕੀ' ਦੀ ਆਡੀਓ ਵਾਇਰਲ

ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ

ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਮੋਗਾ ਪੁਲਿਸ ਦੇ ਇੱਕ ਏਐੱਸਆਈ ਨੂੰ ਕਥਿਤ ਤੌਰ ’ਤੇ ਧਮਕੀ ਦੇਣ ਦੀ ਇੱਕ ਆਡੀਓ ਅੱਜ–ਕੱਲ੍ਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਉਸ ਆਡੀਓ ਵਿੱਚ ਰਾਜਵਿੰਦਰ ਕੌਰ ਭਾਗੀਕੇ ਤੇ ਦੀਨਾ ਸਾਹਿਬ ਪੁਲਿਸ ਚੈੱਕ ਪੋਸਟ ਉੱਤੇ ਤਾਇਨਾਤ ਏਐੱਸਆਈ ਕੁਲਵੰਤ ਸਿੰਘ ਵਿਚਾਲੇ ਜ਼ੁਬਾਨੀ ਬਹਿਸ ਸੁਣਾਈ ਦਿੰਦੀ ਹੈ। ਭਾਗੀਕੇ ਪਹਿਲਾਂ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਵਿਧਾਇਕਾ ਰਹਿ ਚੁੱਕੇ ਹਨ ਪਰ ਸਾਲ 2016 ’ਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਤੋਂ ਹਾਰ ਗਏ ਸਨ।

 

 

ਸਿਆਸੀ ਆਗੂਆਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਧਮਕੀ ਦੇਣ ਦੀ ਆਡੀਓ ਕੋਈ ਪਹਿਲੀ ਵਾਰ ਵਾਇਰਲ ਨਹੀਂ ਹੋਈ। ਪਿਛਲੇ ਸਾਲ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਫ਼ੋਨ ਉੱਤੇ ਇੱਕ ਮਹਿਲਾ ਐੱਸਐੱਚਓ ਨੂੰ ਧਮਕੀਆਂ ਦਿੰਦੇ ਸੁਣੇ ਗਏ ਸਨ ਤੇ ਉਹ ਆਡੀਓ ਵੀ ਵਾਇਰਲ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਪਿਛਲੇ ਵਰ੍ਹੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਨੂੰ ਧਮਕੀਆਂ ਦਿੱਤੀਆਂ ਸਨ।

 

 

ਹੁਣ ਜਿਹੜੀ ਆਡੀਓ ਵਾਇਰਲ ਹੋਈ ਹੈ, ਉਸ ਵਿੱਚ ਰਾਜਵਿੰਦਰ ਕੌਰ ਭਾਗੀਕੇ ਸ੍ਰੀ ਕੁਲਵੰਤ ਸਿੰਘ ਨੂੰ ਆਖਦੇ ਸੁਣਦੇ ਹਨ ਕਿ ਉਨ੍ਹਾਂ ਨੂੰ ਪੁਲਿਸ ਦੀ ਨੌਕਰੀ ਛੱਡ ਦੇਣੀ ਚਾਹੀਦੀ ਹੈ, ਜੇ ਉਨ੍ਹਾਂ ਨੂੰ ਸਿਆਸਤ ਵਿੱਚ ਇੰਨੀ ਹੀ ਦਿਲਚਸਪੀ ਹੈ। ਭਾਗੀਕੇ ਉਸ ਨੂੰ ਇਹ ਵੀ ਆਖਦੇ ਹਨ ਕਿ ਉਨ੍ਹਾਂ ਨੇ ਤਾਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਤੋਤਾ ਸਿੰਘ ਨੂੰ ਸਬਕ ਸਿਖਾ ਦਿੱਤਾ ਸੀ, ਤੂੰ ਤਾਂ ਚੀਜ਼ ਹੀ ਕੀ ਹੈਂ। ‘ਤੂੰ ਮੇਰੇ ਹਲਕੇ ’ਚ ਤਾਇਨਾਤ ਹੈਂ, ਤੂੰ ਮੇਰਾ ਨੰਬਰ ਸੇਵ ਕਿਉਂ ਨਹੀਂ ਕੀਤਾ?’ ਇਸ ਦੇ ਜੁਆਬ ਵਿੱਚ ਏਐੱਸਆਈ ਆਖਦਾ ਹੈ ਕਿ ਜਦੋਂ ਵੀ ਕਦੇ ਲੋੜ ਹੋਵੇਗੀ, ਉਹ ਨੰਬਰ ਸੇਵ ਕਰ ਲਵੇਗਾ।

 

 

ਰਾਜਵਿੰਦਰ ਕੌਰ ਭਾਗੀਕੇ ਨਾਲ ਜਦੋਂ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਖ਼ੁਦ ਏਐੱਸਆਈ ਕੁਲਵੰਤ ਸਿੰਘ ਨੂੰ ਫ਼ੋਨ ਕੀਤਾ ਸੀ ਕਿਉਂਕਿ ਉਹ ਕਿਸੇ ਦੀ ਸੁਣ ਹੀ ਨਹੀਂ ਰਿਹਾ ਸੀ ਤੇ ਬਿਨਾ ਵਜ੍ਹਾ ਉਨ੍ਹਾਂ ਦੇ ਕਾਰਕੁੰਨਾਂ ਨੂੰ ਤੰਗ ਕਰ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਹ ਏਐੱਸਆਈ ਦੀਨਾ ਸਾਹਿਬ ਪਿੰਡ ਦੇ ਉਨ੍ਹਾਂ ਦੇ ਸਮਰਥਕਾਂ ਉੱਤੇ ਦਬਾਅ ਪਾ ਰਿਹਾ ਸੀ ਕਿ ਉਹ ਵਿਰੋਧੀ ਧੜੇ ਵਿੱਚ ਚਲੇ ਜਾਣ ਤੇ ਉਨ੍ਹਾਂ ਵਿਰੁੱਧ ਝੂਠੇ ਕੇਸ ਪਾਉਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਪੁਲਿਸ ਅਧਿਕਾਰੀ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਤੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਤੱਕ ਨਹੀਂ ਬੁਲਾਈ।

 

 

ਉੱਧਰ ਏਐੱਸਆਈ ਕੁਲਵੰਤ ਸਿੰਘ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਕੋਈ ਵੀ ਆ ਕੇ ਸਥਾਨਕ ਪਿੰਡਾਂ ਤੋਂ ਉਨ੍ਹਾਂ ਬਾਰੇ ਪੁੱਛ ਸਕਦਾ ਹੈ ਕਿ ਆਮ ਲੋਕਾਂ ਨਾਲ ਉਨ੍ਹਾਂ ਦਾ ਵਿਵਹਾਰ ਕਿਹੋ ਜਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਹੈ। ਭਾਗੀਕੇ ਹੁਰਾਂ ਦੇ ਸਮਰਥਕਾਂ ਦਾ ਮਾਮਲਾ ਤਾਂ ਨਿਹਾਲ ਸਿੰਘ ਵਾਲਾ ਦੇ ਐੱਸਐੱਚਓ ਨੇ ਖ਼ੁਦ ਸੁਲਝਾ ਦਿੱਤਾ ਸੀ। ਹੁਣ ਸਾਬਕਾ ਵਿਧਾਇਕ ਬੇਬੁਨਿਆਦ ਇਲਜ਼ਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਾਰਾ ਮਾਮਲਾ ਮੋਗਾ ਦੇ ਐੱਸਐੱਸਪੀ ਦੇ ਧਿਆਨ ਗੋਚਰੇ ਲਿਆਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex MLA threatens MOGA ASI Audio goes Viral