ਕਾਊਂਟਰ ਇੰਟੈਲੀਜੈਂਸ ਅਤੇ ਨਾਭਾ ਪੁਲਿਸ ਦੀਆਂ ਟੀਮਾਂ ਨੇ ਇਕ ਗੁਪਤ ਸੂਚਨਾ ਮਿਲਣ ਮਗਰੋਂ ਨਾਭਾ ਬਲਾਕ ਦੇ ਪਿੰਡ ਰੋਹਟੀ ਬਸਤਾ ਸਿੰਘ ਚ ਬੁੱਧਵਾਰ ਸ਼ਾਮ ਨੂੰ ਇਕ ਘਰ 'ਤੇ ਛਾਪਾ ਮਾਰਿਆ, ਜਿਥੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਨਕਲੀ ਕਰੰਸੀ ਬਣਾਉਣ ਦਾ ਸਾਮਾਨ ਮਿਲਿਆ।
Picture from www.babushahi.com
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਚਾਰ ਘੰਟੇ ਦੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਇੱਕ ਸਥਾਨਕ ਨਿਵਾਸੀ ਗੋਗੀ ਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਕੋਲੋਂ ਨਕਲੀ ਕਰੰਸੀ ਬਣਾਉਣ ਲਈ 2000 ਦੇ ਲਗਭਗ 1 ਲੱਖ ਰੁਪਏ ਦੇ ਨੋਟ, ਇੱਕ ਲੈਪਟਾਪ, ਇੱਕ ਫੋਟੋਕਾਪੀ ਮਸ਼ੀਨ, ਰੰਗ ਅਤੇ ਹੋਰ ਲੋੜੀਂਦੇ ਉਪਕਰਣ ਜ਼ਬਤ ਕੀਤੇ ਹਨ। ਗੋਗੀ ਖਾਂ ਪਹਿਲਾਂ ਵੀ ਚੈੱਕ ਬਾਊਂਸ ਦੇ ਵੱਖ ਵੱਖ ਮਾਮਲਿਆਂ ਵਿੱਚ ਮੁਲਜ਼ਮ ਹੈ।
ਇਹ ਵੀ ਕਿਹਾ ਗਿਆ ਹੈ ਕਿ ਉਕਤ ਨੇ ਕੁਝ ਸਾਲ ਪਹਿਲਾਂ ਆਪਣਾ ਨਾਮ ਸਾਬਰ ਅਲੀ ਤੋਂ ਬਦਲ ਲਿਆ ਸੀ। ਪੁਲਿਸ ਨੇ ਇਸ ਮਾਮਲੇ ਚ ਗੋਗੀ ਖਾਨ ਤੋਂ ਇਲਾਵਾ ਘਨੁਦਕੀ ਪਿੰਡ ਦੇ ਅਵਤਾਰ ਸਿੰਘ ਅਤੇ ਫੱਗਣ ਮਾਜਰਾ ਪਿੰਡ ਦੇ ਸਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਾਭਾ ਦੇ ਡੀਐਸਪੀ ਵਰਿੰਦਰ ਜੀਤ ਸਿੰਘ ਥਿੰਦ ਨੂੰ ਦੱਸਿਆ ਕਿ ਸਤਪਾਲ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਵਿੱਚ ਇੱਕ ਜਾਅਲੀ ਕਰੰਸੀ ਮਾਮਲੇ ਵਿੱਚ ਦੋਸ਼ੀ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਅੱਜ ਸ਼ਾਮੀਂ ਰੋਹਟੀ ਬਸਤਾ ਸਿੰਘ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਨਾਭਾ ਦੇ ਸਦਰ ਥਾਣੇ ਚ ਉਨ੍ਹਾਂ ਖਿਲਾਫ ਆਈਪੀਸੀ ਦੀ ਧਾਰਾ 489-ਏ, ਬੀ, ਸੀ ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਨੇ ਕਿਹਾ, "ਉਹ 500 ਅਤੇ 200 ਰੁਪਏ ਵਾਲੇ ਨੋਟ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਹਾਲੇ ਤੱਕ ਇਸ ਵਿੱਚ ਸਫਲ ਨਹੀਂ ਹੋ ਸਕੇ ਸਨ। ਹਾਲਾਂਕਿ ਉਨ੍ਹਾਂ ਨੇ 2000 ਨੋਟਾਂ ਦੇ ਅਜਿਹੇ ਨੋਟ ਬਣਾਏ ਹਨ ਜੋ ਕਿਸੇ ਨੂੰ ਆਸਾਨੀ ਨਾਲ ਧੋਖਾ ਦੇ ਸਕਦੇ ਹਨ।"