ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿਆਦਾਤਰ ਚੁੱਪ ਰਹਿਣ ਵਾਲੇ ਫ਼ਰੀਦਕੋਟ ਦੇ ‘ਆਪ’ MP ਤੋਂ ਲੋਕਾਂ ਨੂੰ ਵੱਡੀਆਂ ਆਸਾਂ

ਜ਼ਿਆਦਾਤਰ ਚੁੱਪ ਰਹਿਣ ਵਾਲੇ ਫ਼ਰੀਦਕੋਟ ਦੇ ‘ਆਪ’ MP ਤੋਂ ਲੋਕਾਂ ਨੂੰ ਵੱਡੀਆਂ ਆਸਾਂ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 6

 

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਪ੍ਰੋ. ਸਾਧੂ ਸਿੰਘ ਐੱਮਪੀ (MP) ਹਨ।  78 ਸਾਲਾ ਸਾਧੂ ਸਿੰਘ ਅੰਗਰੇਜ਼ੀ ਵਿਸ਼ੇ ਦੇ ਪੋਸਟ–ਗ੍ਰੈਜੂਏਟ ਹਨ। ਸਾਲ 2014 ਦੀਆਂ ਚੋਣਾਂ ਦੌਰਾਨ ਉਹ ਪਹਿਲੀ ਵਾਰ ਐੱਮਪੀ ਬਣੇ ਸਨ। ਉਹ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਵੀ ਮੈਂਬਰ  ਹਨ।

 

 

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕੀ ਸੀ ਤੇ ਬਾਕੀ ਦੀਆਂ ਛੇ ਸੀਟਾਂ ਕਾਂਗਰਸ ਦੀ ਝੋਲ਼ੀ ਪਈਆਂ ਸਨ। ਇਹ ਗੱਲ ਇਸ ਵਾਰ ਦੀਆਂ ਚੋਣਾਂ ਦੌਰਾਨ ਸ੍ਰੀ ਸਾਧੂ ਸਿੰਘ ਲਈ ਚਿੰਤਾਜਨਕ ਹੋ ਸਕਦੀ ਹੈ।

 

 

ਫ਼ਰੀਦਕੋਟ ਹਲਕੇ ਵਿੱਚ ਦਿਹਾਤੀ ਤੇ ਸ਼ਹਿਰੀ ਵੋਟਰਾਂ ਦੀ ਗਿਣਤੀ ਲਗਭਗ ਬਰਾਬਰ ਜਿਹੀ ਹੈ। ਇਸ ਵਿੱਚ ਰਾਮਪੁਰਾ ਫੂਲ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ਵਿਧਾਨ ਸਭਾ ਹਲਕੇ ਆ ਜਾਂਦੇ ਹਨ।

 

 

ਪਿਛਲੇ ਕੁਝ ਸਮਿਆਂ ਦੌਰਾਨ ਆਮ ਆਦਮੀ ਪਾਰਟੀ ਨੇ ਕਈ ਉਤਾਰ–ਚੜ੍ਹਾਅ ਤੱਕੇ ਪਰ ਪ੍ਰੋ. ਸਾਧੂ ਸਿੰਘ ਇਨ੍ਹਾਂ ਸਾਰੇ ਮਾਮਲਿਆਂ ਉੱਤੇ ਚੁੱਪ ਹੀ ਵੱਟੀ ਰੱਖੀ। ਉਨ੍ਹਾਂ ਨੂੰ ਉਨ੍ਹਾਂ ਦੇ ਹਲਕੇ ਵਿੱਚ ਨਾ ਤਾਂ ਕਿਤੇ ਬਹੁਤਾ ਵੇਖਿਆ ਗਿਆ ਤੇ ਨਾ ਹੀ ਸੁਣਿਆ ਗਿਆ। ਪ੍ਰੋ. ਸਾਧੂ ਸਿੰਘ ਜ਼ਿਆਦਾਤਰ ਚੁੱਪ ਰਹਿਣਾ ਹੀ ਪਸੰਦ ਕਰਦੇ ਹਨ। ਸ਼ਹਿਰ ਦੇ ਬਾਹਰਵਾਰ ਬਣੇ ਉਨ੍ਹਾਂ ਦੇ ਕਿਰਾਏ ਦੀ ਇਮਾਰਤ ਵਿੱਚ ਬਣੇ ਦਫ਼ਤਰ ਵਿੱਚ ਵੀ ਕਦੇ ਬਹੁਤਾ ਭੀੜ–ਭੜੱਕਾ ਨਹੀਂ ਵੇਖਿਆ ਗਿਆ।

 

 

ਪ੍ਰੋ. ਸਾਧੂ ਸਿੰਘ ਨੇ ਆਪਣੇ ਹਲਕੇ ਵਿੱਚ ਸਰਕਾਰੀ ਫ਼ੰਡਾਂ ਦੀ ਮਦਦ ਨਾਲ ਬੇਹੱਦ ਪਾਰਦਰਸ਼ਤਾ ਨਾਲ ਵਿਕਾਸ ਕਾਰਜ ਕਰਵਾਏ ਹਨ ਤੇ ਉਨ੍ਹਾਂ ਨੂੰ ਆਪਣੇ ਉਨ੍ਹਾਂ ਹੀ ਕੰਮਾਂ ਉੱਤੇ ਆਸ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਵਿੱਚ ਇੱਕੋ–ਇੱਕ ਅਜਿਹੇ ਐੱਮਪੀ ਹਨ, ਜਿਨ੍ਹਾਂ ਨੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਹੋਏ ਸਾਰੇ ਦੇ ਸਾਰੇ 25 ਕਰੋੜ ਰੁਪਏ ਆਪਣੇ ਹਲਕੇ ਉੱਤੇ ਹੀ ਖ਼ਰਚ ਕੀਤੇ ਹਨ।

 

 

ਪ੍ਰੋ. ਸਾਧੂ ਸਿੰਘ ਪਹਿਲਾਂ ਬ੍ਰਿਜਿੰਦਰਾ ਕਾਲਜ ਵਿੱਚ ਵੀ ਪੜ੍ਹਾਉਂਦੇ ਰਹੇ ਤੇ ਫਿਰ ਕੇ.ਕੇ. ਮਰਵਾਹਾ ਕਾਲਜ ਦੇ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਦਾ ਇੱਕ ਸਾਫ਼–ਸੁਥਰੇ ਸਿਆਸੀ ਆਗੂ ਵਾਲਾ ਅਕਸ ਹੈ। ਉਨ੍ਹਾਂ ਦੀ ਵਿਚਾਰਧਾਰਾ ਮਾਰਕਸਵਾਦੀ ਹੈ ਤੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਉਹ ਖ਼ਾਲਿਸਤਾਨ ਦੇ ਸਮਰਥਕਾਂ ਵਿਰੁੱਧ ਸਦਾ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਸਨ। ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਅੰਦਰੂਨੀ ਵਿਵਾਦਾਂ ਉੱਤੇ ਉਹ ਨਹੀਂ ਬੋਲੇ, ਤਾਂ ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਦੀ ਨੁਕਤਾਚੀਨੀ ਵੀ ਕੀਤੀ।

 

 

ਆਮ ਆਦਮੀ ਪਾਰਟੀ ਵਿੱਚ ਭਾਵੇਂ ਕਿੰਨੇ ਵੀ ਵਿਵਾਦ ਉੱਠੇ ਪਰ ਪ੍ਰੋ. ਸਾਧੂ ਸਿੰਘ ਸਦਾ ਕੇਂਦਰੀ ਲੀਡਰਸ਼ਿਪ ਪ੍ਰਤੀ ਵਫ਼ਾਦਾਰ ਰਹੇ ਤੇ ਬਾਗ਼ੀ ਧੜੇ ਦੇ ਮੈਂਬਰਾਂ ਨੂੰ ਉਨ੍ਹਾਂ ਸਦਾ ਰੱਦ ਹੀ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਲੋਕਾਂ ਨੂੰ ਕਦੇ ਕੁਝ ਹਾਸਲ ਨਹੀਂ ਹੋਣਾ ਤੇ ਉਹ ਹੌਲੀ–ਹੌਲੀ ਖ਼ਤਮ ਹੋ ਜਾਣਗੇ। ਉਹ ਆਖਦੇ ਹਨ,‘ਪਟਿਆਲਾ ਦੇ ਐੱਮਪੀ ਧਰਮਵੀਰ ਗਾਂਧੀ ਵਧੀਆ ਇਨਸਾਨ ਹਨ ਪਰ ਜਿਹੜੇ ਪਾਰਟੀ ਛੱਡ ਕੇ ਜਾਂਦੇ ਹਨ, ਉਹ ਬਹੁਤੀਆਂ ਜ਼ਿਆਦਾ ਪ੍ਰਾਪਤੀਆਂ ਨਹੀਂ ਕਰ ਸਕਦੇ।’

 

 

ਫ਼ਰੀਦਕੋਟ ਸੰਸਦੀ ਹਲਕੇ ਦਾ ਹਿੱਸਾ ਜੈਤੋ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਲਦੇਵ ਸਿੰਘ ਹੁਣ ਸ੍ਰੀ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਨਾਲ ਹਨ। ਆਮ ਆਦਮੀ ਪਾਰਟੀ ਦੇ ਬਾਗ਼ੀ ਕੋਟਕਪੂਰਾ ਵਿਧਾਨ ਸਭਾ ਹਲਕੇ ਵਿੱਚ ਵੀ ਸਮੱਸਿਆਵਾਂ ਖੜ੍ਹੀਆਂ ਕਰ ਰਹੇ ਹਨ।

 

 

ਪੰਜਾਬੀ ਏਕਤਾ ਪਾਰਟੀ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਸਿੱਧੀ ਚੁਣੌਤੀ ਦੇ ਰਹੀ ਹੈ ਤੇ ਉਸ ਨੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨਾਲ ਗੱਠਜੋੜ ਕੀਤਾ ਹੈ; ਜਿਸ ਵਿੱਚ ਲੋਕ ਇਨਸਾਫ਼ ਪਾਰਟੀ ਵੀ ਹੈ ਤੇ ਸ਼੍ਰੋਮਣੀ ਅਕਾਲੀ ਦਲ–ਟਕਸਾਲੀ ਵੀ ਹੈ ਤੇ ਕੁਝ ਹੋਰ ਪਾਰਟੀਆਂ ਵੀ ਹਨ। ਇਸ ਗੱਠਜੋੜ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਫ਼ੈਸਲਾ ਕੀਤਾ ਹੈ; ਜਿਸ ਦਾ ਨੁਕਸਾਨ ਐਤਕੀਂ ਪ੍ਰੋ. ਸਾਧੂ ਸਿੰਘ ਨੂੰ ਹੋ ਸਕਦਾ ਹੈ।

 

 

ਉੱਧਰ ਪ੍ਰੋ. ਸਾਧੂ ਸਿੰਘ ਨੇ ਸਾਲ 2014 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ ਹਰਾਇਆ ਸੀ, ਉਹ ਇਸ ਵਾਰ ਇੱਕ ਵਾਰ ਫਿਰ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ। ਇਸੇ ਕਰ ਕੇ ਕਾਂਗਰਸ ਇੱਥੇ ਤੀਜੇ ਸਥਾਨ ਉੱਤੇ ਚਲੀ ਗਈ ਹੈ। ਪਰਮਜੀਤ ਕੌਰ ਗੁਲਸ਼ਨ ਹੁਣ ਜਨਤਕ ਤੌਰ ਉੱਤੇ ਇਹੋ ਆਖ ਰਹੇ ਹਨ ਕਿ ਪ੍ਰੋ. ਸਾਧੂ ਸਿੰਘ ਦੀ ਕਾਰਗੁਜ਼ਾਰੀ ਆਪਣੇ ਹਲਕੇ ਵਿੱਚ ਕੁਝ ਵੀ ਨਹੀਂ ਹੈ।

 

 

ਉੱਧਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਹੁਰਾਂ ਨੇ ਵੀ ਪ੍ਰੋ. ਸਾਧੂ ਸਿੰਘ ਦੀ ਕਾਰਗੁਜ਼ਾਰੀ ਨੂੰ ਮਾੜੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਾਂਟਾਂ ਵੰਡਣ ਨਾਲ ਕੋਈ ਆਗੂ ਵਧੀਆ ਨਹੀਂ ਅਖਵਾ ਸਕਦਾ, ਸਗੋਂ ਇੱਕ ਸਹੀ ਆਗੂ ਉਹ ਹੁੰਦਾ ਹੈ, ਜੋ ਆਪਣੇ ਹਲਕੇ ਦੇ ਲੋਕ–ਮੁੱਦੇ ਉਠਾਉਂਦਾ ਹੈ।

 

 

ਪਰ ਪ੍ਰੋ. ਸਾਧੂ ਸਿੰਘ ਦਾ ਵਿਚਾਰ ਹੈ ਕਿ ਬਾਗ਼ੀ ਧੜਾ ਕਿਤੇ ਕੁਝ ਵੀ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਕੰਮਾਂ ਲਈ ਉਨ੍ਹਾਂ ਨੂੰ ਇਨਾਮ ਜ਼ਰੂਰ ਦੇਣਗੇ। ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਡ੍ਰੇਨ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਨਹੀਂ ਹੈ ਪਰ ਉਨ੍ਹਾਂ ਜੈਤੂ ਨਗਰ ਪਾਲਿਕਾ ਨੂੰ ਇਹ ਮਸ਼ੀਨ 30 ਲੱਖ ਰੁਪਏ ਦੀ ਲੈ ਕੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਸਦਾ ਪਾਰਦਰਸ਼ੀ ਰਹੀ ਹੈ ਤੇ ਉਹ ਸਦਾ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੇ ਰਹੇ ਹਨ; ਜਿਸ ਕਾਰਨ ਲੋਕ ਉਨ੍ਹਾਂ ਨੂੰ ਦੋਬਾਰਾ ਜ਼ਰੂਰ ਚੁਣਨਗੇ।

 

 

ਉਂਝ ਭਾਵੇਂ ਪ੍ਰੋ. ਸਾਧੂ ਸਿੰਘ ਦਾ ਅਕਸ ਬੇਹੱਦ ਸਾਫ਼–ਸੁਥਰਾ ਹੈ ਪਰ ਉਹ ਸਿਆਸੀ ਤੌਰ ਉੱਤੇ ਗ਼ੈਰ–ਸਰਗਰਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot MP Prof Sadhu Singh Low Profile Big Expectations