ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੰਜਾਬ ਸਰਕਾਰ ਦੇ ਜੁਰਮਾਨੇ ਦੇ ਉਨ੍ਹਾਂ ਨੋਟਿਸਾਂ ਦੀਆਂ ਕਾਪੀਆਂ ਸਾੜੀਆਂ, ਜਿਹੜੇ ਉਨ੍ਹਾਂ ਨੂੰ ਖੇਤਾਂ `ਚ ਝੋਨੇ ਦੀ ਪਰਾਲ਼ੀ ਸਾੜਨ ਬਦਲੇ ਜਾਰੀ ਕੀਤੇ ਗਏ ਹਨ। ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਅੱਜ ਅਜਿਹੇ ਸਾਰੇ ਨੋਟਿਸ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਇੱਥੇ ਧਰਨਾ ਦਿੱਤਾ। ਇਸ ਇਲਾਕੇ ਦੇ ਕਿਸਾਨਾਂ ਨੂੰ ਇਹ ਨੋਟਿਸ ਜਿ਼ਲ੍ਹਾ ਮਾਨਿਟਰਿੰਗ ਕਮੇਟੀ ਵੱਲੋਂ ਜਾਰੀ ਕੀਤੇ ਗਏ ਹਨ।
ਕਿਸਾਨਾਂ ਨੇ ਕਿਹਾ ਕਿ ਜੇ ਮਾਰਚ 2019 ਤੱਕ ਉਨ੍ਹਾਂ ਦੀਆਂ ਫ਼ਸਲਾਂ ਨੂੰ ਉਜਾੜਨ ਵਾਲੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਵਾਜਬ ਹੱਲ ਨਾ ਲੱਭਿਆ, ਤਾਂ ਉਹ ਚੰਡੀਗੜ੍ਹ `ਚ ਜਾ ਕੇ ਆਵਾਰਾ ਪਸ਼ੂ ਛੱਡ ਦੇਣਗੇ।
ਯੂਨੀਅਨ ਜਿ਼ਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਕੋਈ ਕਿਸਾਨ ਜੁਰਮਾਨਾਂ ਨਹੀਂ ਭਰੇਗਾ ਕਿਉਂਕਿ ਸਰਕਾਰ ਖ਼ੁਦ ਕਿਸਾਨਾਂ ਨੂੰ ਪਰਾਲ਼ੀ ਸਾੜਨ ਦਾ ਕੋਈ ਵਿਕਲਪ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਸੁਆਲ ਕੀਤਾ ਕਿ ਆਖ਼ਰ ਸਰਕਾਰ ਕਿਸਾਨਾਂ ਨੂੰ ਗੰਨੇ ਦੀਆਂ ਬਕਾਇਆ ਰਕਮਾਂ ਕਿਉਂ ਅਦਾ ਨਹੀਂ ਕਰ ਰਹੀ? ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ `ਚ ਡੀਜ਼ਲ 6 ਰੁਪਏ ਮਹਿੰਗਾ ਕਿਉਂ ਹੈ?
ਇੱਕ ਹੋਰ ਕਿਸਾਨ ਆਗੂ ਜਸਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਬਿਜਲੀ ਦੇ ਬਿਲਾਂ ਵਿੱਚ ਗਊ-ਟੈਕਸ ਜੋੜਨਾ ਬੰਦ ਕਰ ਦੇਣਾ ਚਾਹੀਦਾ ਹੈ। ਸਰਕਾਰ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਪਹਿਲ ਦੇ ਆਧਾਰ `ਤੇ ਹੱਲ ਕਰਨੀ ਚਾਹੀਦੀ ਹੈ।