ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦਾ ਅੱਧਾ ਕਾਰਜ–ਕਾਲ ਹੁਣ ਮੁਕੰਮਲ ਹੋ ਚੁੱਕਾ ਹੈ। ਜੇ ਮੁੱਖ ਮੰਤਰੀ ਦੀ ਗੱਲ ਕਰੀਏ, ਤਾਂ ਉਹ ਪੂਰੀ ਤਰ੍ਹਾਂ ਦ੍ਰਿੜ੍ਹ ਅਤੇ ਮਜ਼ਬੂਤ ਹਨ ਕਿਉਂਕਿ ਉਨ੍ਹਾਂ ਨੂੰ ਪਾਰਟੀ ਅੰਦਰੋਂ ਕਿਸੇ ਕਿਸਮ ਦੀ ਕੋਈ ਚੁਣੌਤੀ ਨਹੀਂ ਹੈ। ਉੱਧਰ ਵਿਰੋਧੀ ਧਿਰ ਹਾਲੇ ਆਪਣੇ ਅੰਦਰੂਨੀ ਸੰਘਰਸ਼ ਵਿੱਚੋਂ ਹੀ ਲੰਘ ਰਹੀ ਹੈ। ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੇ ਨਾਜ਼ੁਕ ਮਾਮਲੇ ’ਚ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਜ਼ਰੂਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਬਹੁਤ ਸਾਰੇ ਵਾਅਦੇ ਕੀਤੇ ਸਨ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਾਲੇ ਕਾਗਜ਼ਾਂ ਵਿੱਚ ਹੀ ਹਨ। ਇਸ ਦੌਰਾਨ ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਸਰਹੱਦੀ ਸੂਬੇ ਪੰਜਾਬ ਦੀ ਕਾਨੂੰਨ ਤੇ ਵਿਵਸਥਾ ਅਸਥਿਰ ਬਣਾਉਣ ਦੇ ਜਤਨ ਵੀ ਲਗਾਤਾਰ ਚੱਲ ਰਹੇ ਹਨ। ਅਜਿਹੇ ਹਾਲਾਤ ਵਿੱਚ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਅਤੇ ਐਸੋਸੀਏਟ ਐਡੀਟਰ ਨਵਨੀਤ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ਵਿਖੇ ਇੱਕ ਖ਼ਾਸ ਗੱਲਬਾਤ ਕੀਤੀ; ਪੇਸ਼ ਹਨ ਉਸੇ ਗੱਲ ਦੇ ਕੁਝ ਸੰਪਾਦਤ ਅੰਸ਼:
ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ – ਸਾਡੀ ਸਰਕਾਰ ਦੇ ਪਿਛਲੇ ਢਾਈ ਸਾਲ ਵਧੀਆ ਨਿੱਕਲੇ ਹਨ। ਬਹੁਤੇ ਵਾਅਦੇ ਅਸੀਂ ਪੂਰੇ ਕਰ ਚੁੱਕੇ ਹਾਂ, ਬੱਸ 22–23 ਵਾਅਦੇ ਰਹਿ ਗਏ ਹਨ। ਬਾਕੀ ਰਹਿੰਦੇ ਮਾਮਲੇ ਕੁਝ ਫ਼ੰਡਿੰਗ ਨਾਲ ਸਬੰਧਤ ਹਨ। ਚੰਗਾ ਪ੍ਰਸ਼ਾਸਨ ਦੇਣ ਦੇ ਸਾਰੇ ਵਾਅਦੇ ਪਹਿਲੇ ਛੇ ਮਹੀਨਿਆਂ ਅੰਦਰ ਹੀ ਲਾਗੂ ਕਰ ਦਿੱਤੇ ਗਏ ਸਨ।
ਕਰਜ਼ਾ ਮੁਆਫ਼ੀ ਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਵਾਅਦਿਆਂ ਨੂੰ ਤਰਜੀਹ ਦਿੱਤੀ ਗਈ ਸੀ। ਦਰਅਸਲ, ਸਰਕਾਰ ਕੋਲ ਆਸਾਮੀਆਂ ਬਹੁਤ ਸੀਮਤ ਗਿਣਤੀ ਵਿੱਚ ਹੀ ਹਨ, ਅਸੀਂ ਉਨ੍ਹਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਐਡਜਸਟ ਕਰ ਰਹੇ ਹਾਂ। ਵਿਪਰੋ ਤੇ ਇਨਫ਼ੋਸਿਸ ਜਿਹੀਆਂ ਕੰਪਨੀਆਂ ਵਧੀਆ ਨੌਕਰੀਆਂ ਤੇ ਤਨਖ਼ਾਹਾਂ ਦੇ ਰਹੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੀ ਆਮਦਨ 30 ਫ਼ੀ ਸਦੀ ਵਧ ਗਈ ਹੈ ਕਿਉਂਕਿ ਖਾਦਾਂ ਦੀ ਵਰਤੋਂ ਵਿੱਚ ਕਮੀ ਆਈ ਹੈ ਤੇ ਫ਼ਸਲਾਂ ਦਾ ਉਤਪਾਦਨ ਵਧ ਗਿਆ ਹੈ।
ਵਿੱਤੀ ਸੰਕਟ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ – ‘ਹੁਣ ਸਰਕਾਰ ਕੋਲ ਉਪਲਬਧ ਵਿੱਤੀ ਵਸੀਲੇ ਸਿਰਫ਼ ਐਕਸਾਈਜ਼ ਡਿਊਟੀ ਤੇ ਜੀਐੱਸਟੀ (GST – ਗੁਡਜ਼ ਐਂਡ ਸਰਵਿਸੇਜ਼ ਟੈਕਸ) ਹੀ ਬਚੇ ਹਨ। ਜੀਐੱਸਟੀ ਫ਼ੰਡ ਮਾਸਿਕ ਤੋਂ ਲੈ ਕੇ ਤਿਮਾਹੀ ਆਧਾਰਤ ’ਤੇ ਜਾਰੀ ਹੁੰਦੇ ਹਨ। ਹੁਣ ਇਸ ਮਾਮਲੇ ਵਿੱਚ ਵੀ ਦੇਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਵੇਲਾ ਤਾਂ ਅਜਿਹਾ ਆ ਗਿਆ ਸੀ ਕਿ ਸਾਡੇ ਕੋਲ ਤਨਖ਼ਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਸਨ ਤੇ ਸਾਨੂੰ ਧਨ ਉਧਾਰ ਲੈਣਾ ਪਿਆ। ਜਦੋਂ ਪਿੱਛੇ ਜਿਹੇ ਸਾਰੇ ਪੰਜ ਕਾਂਗਰਸੀ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ, ਤਦ ਸਭ ਦੀ ਇਹੋ ਸ਼ਿਕਾਇਤ ਸੀ।