ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਅੱਜ ਚਿਰੋਕਣੀਆਂ ਕਿਸਾਨ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਜਿ਼ਲ੍ਹਾ ਪ੍ਰਧਾਨ ਅਤਵਾਰ ਸਿੰਘ ਬਾਦਸ਼ਾਹਪੁਰ, ਜਿ਼ਲ੍ਹਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਜਹਾਂਗੀਰ, ਜਿ਼ਲ੍ਹਾ ਮੇਟੀ ਮੈਂਬਰਾਨ ਕ੍ਰਿਪਾਲ ਸਿੰਘ ਪੁੰਨਾਵਾਲ ਤੇ ਨਿਰਮਲ ਸਿੰਘ ਘਨੌਰ ਨੇ ਕਿਹਾ ਕਿ ਕਿਸਾਨੀ ਆਰਥਿਕਤਾ ਦੀ ਝੰਬੀ ਹੋਈ ਹੈ ਤੇ ਇਸ ਵੇਲੇ ਖ਼ੁਦਕੁਸ਼ੀਆਂਦੇ ਰਾਹ ਪਈ ਹੋਈ ਹੈ। ਜਵਾਨੀ ਨਸਿ਼ਆਂ `ਚ ਰੁਲ਼ ਕੇ ਬਰਬਾਦ ਹੋ ਰਹੀ ਹੈ, ਕਿਰਤੀ ਮਜ਼ਦੂਰਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ, ਸਿੱਖਿਆ ਤੇ ਸਿਹਤ ਦੇ ਬੁਨਿਆਦੀ ਹੱਕਾਂ ਤੋਂ ਲੋਕ ਵਾਂਝੇ ਹਨ, ਅਧਿਆਪਕਾਂ ਦੀਆਂ ਤਨਖ਼ਾਹਾਂ `ਚ ਕਟੌਤੀ ਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਦੁੱਗਣੀਆਂ ਕਰਨ ਦੀ ਨੱਸ-ਭੱਜ ਵਿੱਚ ਪੰਜਾਬ ਅੰਦਰ ਅਸਥਿਰਤਾ ਪੈਦਾ ਕਰ ਕੇ ਸਮੇਂ ਦੀਆਂ ਸਰਕਾਰਾਂ ਖਿ਼ਲਾਫ਼ ਤਿੱਖੇ ਸੰਘਰਸ਼ਾਂ ਨੂੰ ਅੰਜਾਮ ਦੇਣ ਲਈ ਸੰਘਰਸ਼ ਦੇ ਅਖਾੜਿਆਂ `ਚ ਨਿੱਤਰਨਾ ਸਮੇਂ ਦੀ ਮੁੱਖ ਜ਼ਰੂਰਤ ਹੈ।
ਜੱਥੇਬੰਦੀ ਦੇ ਮੋਹਰੀ ਆਗੂ ਜਸਵੰਤ ਸਿੰਘ ਢਢੋਗਲ, ਗੁਰਦੇਵ ਸਿੰਘ ਤੁੰਗ, ਕਾਕਾ ਸਿੰਘ ਢੰਡੋਲੀ, ਸੁਖਦੇਵ ਸਿੰਘ ਛਾਹੜ ਤੇ ਮਹਿੰਦਰ ਸਿੰਘ ਸਲੇਮਪੁਰ ਨੇ ਕਿਸਾਨਾਂ ਦੀਆਂ ਗੰਨਾ ਮਿਲਾਂ ਤੋਂ ਬਕਾਇਆ ਰਾਸ਼ੀ ਵਾਪਸ ਕਰਵਾਏ ਜਾਣ, ,ਰਹਿੰਦੇ ਕਿਸਾਨਾਂ ਦੀ ਪੂਰੀ ਕਰਜ਼ਾ ਮੁਆਫ਼ੀ, ਕਿਸਾਨੀ ਨੂੰ ਟੈਕਸ ਮੁਕਤ ਡੀਜ਼ਲ ਤੇਲ ਦੇਣ ਦੀ ਜ਼ੋਰਦਾਰ ਮੰਗ ਉਠਾਈ।
ਜਿ਼ਲ੍ਹਾ ਜਨਰਲ ਸਕੱਤਰ ਸਤਵੰਤ ਸਿੰਘ ਢਢੋਗਲ ਨੇ ਕਿਹਾ ਕਿ ਸਰਕਾਰ ਆਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਕਰੇ ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਰੇ ਹਨ ਜਦ ਕਿ ਕਿਸਾਨ ਗਊ-ਟੈਕਸ ਵੀ ਦੇ ਰਹੇ ਹਨ।
ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਕੁਲਦੀਪ ਸਿੰਘ ਇਮਾਮਗੜ੍ਹ, ਲਾਲ ਸਿੰਘ ਰਾਏਪੁਰ, ਮੱਘਰ ਸਿੰਘ ਸਰਵਰਪੁਰ ਨੇ ਵੀ ਸੰਬੋਧਨ ਕੀਤਾ।