ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ ਤੇ ਰਾਜੇਵਾਲ) ਨਾਲ ਸਬੰਧਤ ਕਿਸਾਨ ਅੱਜ ਟਰੈਕਟਰ–ਟਰਾਲੀਆਂ ਉੱਤੇ 30 ਅਵਾਰਾ ਮੱਝਾਂ ਤੇ ਗਊਆਂ ਲੱਦ ਕੇ ਸੰਗਰੂਰ ਸਥਿਤ ਡਿਪਟੀ ਕਮਿਸ਼ਨਰ (DC) ਦੇ ਦਫ਼ਤਰ ’ਚ ਲੈ ਗਏ।
ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਵਾਜਬ ਹੱਲ ਲੱਭਣ ਤੋਂ ਨਾਕਾਮ ਰਹੀ ਹੈ।
ਮੁਜ਼ਾਹਰਾਕਾਰੀ ਕਿਸਾਨਾਂ ਨੇ ਕਿਹਾ ਕਿ ਅਵਾਰਾ ਪਸ਼ੂ ਲਗਾਤਾਰ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਜਾਨਵਰਾਂ ਕਾਰਨ ਆਮ ਨਾਗਰਿਕਾਂ, ਰਾਹਗੀਰਾਂ ਤੇ ਦੋਪਹੀਆ ਤੇ ਹੋਰ ਵਾਹਨਾਂ ਦੇ ਯਾਤਰੀਆਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਜਾਨਵਰਾਂ ਕਰਕੇ ਸੜਕ ਹਾਦਸੇ ਆਮ ਤੌਰ ’ਤੇ ਵਾਪਰਦੇ ਹੀ ਰਹਿੰਦੇ ਹਨ।
ਕਿਸਾਨਾਂ ਵੱਲੋਂ ਇਹ ਮੁੱਦਾ ਬਹੁਤ ਵਾਰ ਸਰਕਾਰ ਦੇ ਧਿਆਨ ਗੋਚਰੇ ਲਿਆਂਦਾ ਗਿਆ ਹੈ ਪਰ ਹਾਲੇ ਤੱਕ ਉਸ ਦਾ ਕੋਈ ਲਾਭ ਨਹੀਂ ਹੋਇਆ।
ਮੁਜ਼ਾਹਰਾਕਾਰੀ ਕਿਸਾਨਾਂ ਦਾ ਦੋਸ਼ ਸੀ ਕਿ ਕਿਸੇ ਵੀ ਵਿਧਾਇਕ, ਐੱਮਪੀ ਜਾਂ ਮੰਤਰੀ ਨੇ ਇਸ ਸਮੱਸਿਆ ਦਾ ਕੋਈ ਵਾਜਬ ਹੱਲ ਲੱਭਣ ਦਾ ਕੋਈ ਜਤਨ ਨਹੀਂ ਕੀਤਾ।