ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇ ਕਤਲਾਂ ਲਈ ਮੌਤ ਦੀ ਸਜ਼ਾ ਪ੍ਰਾਪਤ ਖ਼ੁਸ਼ਵਿੰਦਰ ਹੁਣ 4 ਹੋਰ ਕਤਲਾਂ ਦਾ ਦੋਸ਼ੀ ਕਰਾਰ

ਛੇ ਕਤਲਾਂ ਲਈ ਮੌਤ ਦੀ ਸਜ਼ਾ ਪ੍ਰਾਪਤ ਖ਼ੁਸ਼ਵਿੰਦਰ ਹੁਣ 4 ਹੋਰ ਕਤਲਾਂ ਦਾ ਦੋਸ਼ੀ ਕਰਾਰ

ਫ਼ਤਿਹਗੜ੍ਹ ਸਾਹਿਬ ਦੇ ਜਿਸ ਵਿਅਕਤੀ ਨੂੰ ਸਾਲ 2012 `ਚ ਆਪਣੀ ਪਤਨੀ ਦੇ ਛੇ ਰਿਸ਼ਤੇਦਾਰਾਂ ਨੂੰ ਕਤਲ ਕਰਨ ਬਦਲੇ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਉਸ ਨੂੰ ਹੁਣ 2004 `ਚ ਅਜਿਹੇ ਇੱਕ ਹੋਰ ਮਾਮਲੇ `ਚ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦਾ ਕਤਲ ਕਰਨ ਦੇ ਮਾਮਲੇ `ਚ ਵੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।


ਸੀਬੀਆਈ ਦੀ ਇੱਕ ਅਦਾਲਤ ਨੇ ਫ਼ਤਿਹਗੜ੍ਹ ਸਾਹਿਬ ਜਿ਼ਲ੍ਹੇ ਦੇ ਪਿੰਡ ਸੁਹਾਵੀ ਦੇ ਖ਼ੁਸ਼ਵਿੰਦਰ ਸਿੰਘ (45) ਨੂੰ ਕਤਲਾਂ ਦੇ ਘਿਨਾਉਣੇ ਜੁਰਮ ਬਦਲੇ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਸ ਮਾਮਲੇ `ਚ ਉਸ ਨੂੰ ਸਜ਼ਾ ਆਉਂਦੀ 28 ਅਗਸਤ ਨੂੰ ਸੁਣਾਈ ਜਾਵੇਗੀ।


ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਖ਼ੁਸ਼ਵਿੰਦਰ ਇੱਕ ਅਦਾਲਤ ਦੇ ਬਾਹਰ ਟਾਈਪਿਸਟ ਵਜੋਂ ਕੰਮ ਕਰਦਾ ਸੀ ਤੇ ਉਸ ਨੇ 28 ਲੱਖ ਰੁਪਏ ਹੜ੍ਹਪਣ ਲਈ ਕੁਲਵੰਤ ਸਿੰਘ, ਉਸ ਦੀ ਪਤਨੀ ਤੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮੰਦਭਾਗੇ ਪਰਿਵਾਰ ਨੂੰ ਇਹ ਰਕਮ ਆਪਣੀ ਵਾਹੀਯੋਗ ਜ਼ਮੀਨ ਵੇਚ ਕੇ ਮਿਲੀ ਸੀ।


4 ਜੂਨ, 2004 ਨੂੰ ਕੁਲਵੰਤ ਸਿੰਘ (40), ਉਸ ਦੀ ਪਤਨੀ ਹਰਜੀਤ ਕੌਰ (38) ਅਤੇ ਉਸ ਦੀ ਧੀ ਰਮਨਦੀਪ ਕੌਰ (15) ਅਤੇ ਪੁੱਤਰ ਅਵਰਿੰਦਰ ਸਿੰਘ (14) ਜਿ਼ਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸੰਘੋਲ ਕਸਬੇ `ਚ ਸਥਿਤ ਆਪਣੇ ਘਰ `ਚੋਂ ਅਚਾਨਕ ਭੇਤ ਭਰੀ ਹਾਲਤ `ਚ ਗ਼ਾਇਬ ਹੋ ਗਏ ਸਨ।


ਕੁਲਵੰਤ ਸਿੰਘ ਦਾ ਆਪਣਾ ਚੌਲ਼ ਕੱਢਣ ਦਾ ਇੱਕ ਸ਼ੈਲਰ (ਰਾਈਸ ਮਿਲ) ਸੀ ਤੇ ਉਹ ਇੱਕ ਆੜ੍ਹਤੀਏ ਵਜੋਂ ਵੀ ਕੰਮ ਕਰਦਾ ਸੀ। ਉਸ ਨੇ ਆਪਣੀ ਜ਼ਮੀਨ ਵੇਚੀ ਸੀ ਤੇ ਉਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲ੍ਹੇ ਵਿੱਚ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਜਾਣ ਵਾਲਾ ਸੀ। ਪਰ ਉਸ ਦੀ ਕਾਰ ਮੁਲਜ਼ਮ ਖ਼ੁਸ਼ਵਿੰਦਰ ਸਿੰਘ ਦੇ ਘਰ ਨੇੜੇ ਸੁਹਾਵੀ ਪਿੰਡ ਦੇ ਬਾਹਰਵਾਰ ਖੜ੍ਹੀ ਮਿਲੀ ਸੀ। ਖ਼ੁਸ਼ਵਿੰਦਰ ਸਿੰਘ ਦਾ ਵੱਡਾ ਭਰਾ ਕੁਲਵਿੰਦਰ ਸਿੰਘ ਕੁਲਵੰਤ ਸਿੰਘ ਕੋਲ ਅਕਾਊਂਟੈਂਟ ਵਜੋਂ ਕੰਮ ਕਰਦਾ ਸੀ।


ਬਾਅਦ `ਚ ਪੁਲਿਸ ਨੇ ਕੁਲਵੰਤ ਦੀਆਂ ਜੁੱਤੀਆਂ ਨਹਿਰ `ਚੋਂ ਬਰਾਮਦ ਕਰ ਲਈਆਂ ਸਨ। ਕੁਲਵੰਤ ਸਿੰਘ ਤੇ ਉਸ ਦੀ ਧੀ ਦੀਆਂ ਲਾਸ਼ਾਂ ਵੀ ਬਾਅਦ `ਚ ਬਰਾਮਦ ਹੋ ਗਈਆਂ ਸਨ ਪਰ ਉਸ ਦੀ ਪਤਨੀ ਤੇ ਪੁੱਤਰ ਦੀ ਕਦੇ ਕੋਈ ਉੱਘ-ਸੁੱਘ ਨਹੀਂ ਲੱਗ ਸਕੀ। ਪੁਲਿਸ ਇਸ ਮਾਮਲੇ `ਚ ਕੁਝ ਨਹੀ਼ ਕਰ ਸਕੀ ਸੀ, ਇਸੇ ਲਈ 2007 `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਮ੍ਰਿਤਕ ਦੇ ਭਰਾ ਕੁਲਤਾਰ ਸਿੰਘ ਦੀ ਪਟੀਸ਼ਨ `ਤੇ ਗ਼ੌਰ ਕਰਦਿਆਂ ਸੀਬੀਆਈ ਹਵਾਲੇ ਕਰ ਦਿੱਤੀ ਗਈ ਸੀ।


ਜੁਲਾਈ 2012 `ਚ ਕਿਤੇ ਜਾ ਕੇ ਜਦੋਂ ਖ਼ੁਸ਼ਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਛੇ ਰਿਸ਼ਤੇਦਾਰਾਂ ਦੇ ਕਤਲ ਦੇ ਮਾਮਲੇ `ਚ ਗ੍ਰਿਫਤਾਰ ਕੀਤਾ ਗਿਆ, ਤਾਂ ਉਸ ਨੇ ਕਬੂਲ ਕੀਤਾ ਕਿ ਉਹ ਪਹਿਲਾਂ ਕੁਲਵੰਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਤਲ ਕਰ ਚੁੱਕਾ ਹੈ। ਤਦ ਸੀਬੀਆਈ ਨੇ ਉਹ ਕੇਸ ਮੁੜ ਖੋਲ੍ਹਿਆ।


16 ਮਾਰਚ, 2013 ਨੂੰ ਫ਼ਤਿਹਗੜ੍ਹ ਸਾਹਿਬ ਦੀ ਇੱਕ ਅਦਾਲਤ ਖ਼ੁਸ਼ਵਿੰਦਰ ਸਿੰਘ ਨੂੰ ਛੇ ਕਤਲਾਂ ਲਈ ਮੌਤ ਦੀ ਸਜ਼ਾ ਸੁਣਾ ਚੁੱਕੀ ਹੈ। ਉਸ ਨੇ ਉਨ੍ਹਾਂ ਨੂੰ ਜੂਨ 2012 ਦੌਰਾਨ ਲੁਧਿਆਣਾ ਜਿ਼ਲ੍ਹੇ `ਚ ਭਾਖੜਾ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ।


ਖ਼ੁਸ਼ਵਿੰਦਰ ਸਿੰਘ ਪਰਿਵਾਰ ਨੂੰ ਕੋਈ ਧਾਰਮਿਕ ਰਸਮ ਕਰਨ ਦੇ ਪੱਜ ਲੁਧਿਆਣਾ ਜਿ਼ਲ੍ਹੇ `ਚ ਪਿੰਡ ਮੁਕੰਦਪੁਰ ਨੇੜੇ ਇੱਕ ਨਹਿਰ ਤੱਕ ਲੈ ਗਿਆ ਸੀ। ਉਦੋਂ ਜਿਨ੍ਹਾਂ ਦਾ ਕਤਲ ਹੋਇਆ ਸੀ, ਉਨ੍ਹਾਂ ਵਿੱਚ ਉਸ ਦੀ ਪਤਨੀ ਦਾ ਮਾਮਾ ਗੁਰਮੇਲ ਸਿੰਘ (70) ਸੀ ਜੋ ਪੰਜਾਬ ਪੁਲਿਸ `ਚ ਹੌਲਦਾਰ ਸੀ, ਉਸ ਦੀ ਪਤਨੀ ਪਰਮਜੀਤ ਕੌਰ (60), ਉਨ੍ਹਾਂ ਦਾ ਪੁੱਤਰ ਗੁਰਿੰਦਰ ਸਿੰਘ (30), ਉਨ੍ਹਾਂ ਦਾ ਜਵਾਈ ਰੁਪਿੰਦਰ ਸਿੰਘ, ਰੁਪਿੰਦਰ ਦਾ ਪੁੱਤਰ ਜਸਕੀਰਤ ਸਿੰਘ ਤੇ ਧੀ ਪ੍ਰਭਸਿਮਰਨ ਕੌਰ ਸ਼ਾਮਲ ਸਨ।


ਖ਼ੁਸ਼ਵਿੰਦਰ ਨੂੰ ਜੁਲਾਈ 2012 `ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਗੁਰਮੇਲ ਦੀ ਧੀ ਜਸਮੀਨ ਕੌਰ ਕਿਸੇ ਤਰ੍ਹਾਂ ਤੈਰ ਕੇ ਬਾਹਰ ਆ ਗਈ ਸੀ ਤੇ ਉਸ ਨੇ ਉਹ ਸਾਰੀ ਘਟਨਾ ਬੱਸੀ ਪਠਾਨਾਂ ਪੁਲਿਸ ਨੂੰ ਦੱਸੀ ਸੀ।


ਜਸਮੀਨ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਖ਼ੁਸ਼ਵਿੰਦਰ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ (ਜੋ ਉਸ ਦੇ ਪਿਤਾ ਦੀ ਭਾਣਜੀ ਸੀ) ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੇ ਘਰ `ਚ 37 ਲੱਖ ਰੁਪਏ ਪਏ ਹਨ, ਜਦੋਂ ਉਹ ਉਨ੍ਹਾਂ ਨੁੰ ਮਿਲਣ ਲਈ ਆਏ ਸਨ।


ਉਸ ਪਰਿਵਾਰ ਨੇ ਦੱਸਿਆ ਕਿ ਗੁਰਿੰਦਰ ਨੂੰ ਸ਼ਰਾਬ ਪੀਣ ਦੀ ਲਤ ਲੱਗੀ ਹੋਈ ਸੀ; ਤਦ ਖ਼ੁਸ਼ਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਇੱਕ ਬਾਬੇ ਨੂੰ ਜਾਣਦਾ ਹੈ, ਜਿਹੜਾ ਉਸ ਨੂੰ ਪੂਰੀ ਤਰ੍ਹਾਂ ਠੀਕ ਕਰ ਦੇਵੇਗਾ। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਗੁਰਿੰਦਰ ਨੂੰ ਇੱਕ ਏਜੰਟ ਰਾਹੀ਼ ਵਿਦੇਸ਼ ਭਿਜਵਾ ਦੇਵੇਗਾ ਤੇ ਇਸ ਲਈ ਉਸ ਨੇ ਦੋ ਲੱਖ ਰੁਪਏ ਵੀ ਲਏ ਸਨ।


ਬਾਅਦ `ਚ ਖ਼ੁਸ਼ਵਿੰਦਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਨੇ ਬਾਬੇ ਨਾਲ ਗੱਲ ਕਰ ਲਈ ਹੈ ਤੇ ਉਸ ਨੇ ਕਿਹਾ ਹੈ ਕਿ ਗੁਰਿੰਦਰ ਠੀਕ ਹੋ ਜਾਵੇਗਾ; ਜੇ ਉਹ ਵਗਦੇ ਪਾਣੀ `ਚ ਅਨਾਜ ਸੁੱਟਣ। ਪਰਿਵਾਰ ਉਸ ਨਾਲ ਇਸੇ ਕਰ ਕੇ ਨਹਿਰ ਤੱਕ ਗਿਆ ਸੀ। ਉੱਥੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਨਹਿਰ `ਚ ਧੱਕਾ ਦੇ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fatehgarh Sahib man convicted for 4 more murders