ਜੈਤੋ ਸਬ–ਡਿਵੀਜ਼ਨ ਦੇ ਪਿੰਡ ਦਬੜੀ ਖਾਨਾ ’ਚ 62 ਸਾਲਾਂ ਦੇ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ 40 ਸਾਲਾਂ ਦੇ ਪੁੱਤਰ ਦੀ ਸਿਰਫ਼ ਇਸ ਲਈ ਵਹਿਸ਼ੀਆਨਾ ਢੰਗ ਨਾਲ ਜਾਨ ਲੈ ਲਈ ਕਿਉਂਕਿ ‘ਉਹ ਆਪਣੀ ਨੂੰਹ ਨਾਲ ਵਿਆਹ ਰਚਾਉਣਾ ਚਾਹੁੰਦਾ ਸੀ।’ ਉਸ ਦਾ ਕਥਿਤ ਤੌਰ ਉੱਤੇ ਆਪਣੀ ਹੀ ਨੂੰਹ ਨਾਲ ਨਾਜਾਇਜ਼ ਰਿਸ਼ਤਾ ਕਾਇਮ ਹੋ ਗਿਆ ਸੀ।
ਪੁੱਤਰ ਰਾਜਵਿੰਦਰ ਸਿੰਘ ਦੇ ਕਥਿਤ ਕਾਤਲ ਮੁਲਜ਼ਮ ਦੀ ਸ਼ਨਾਖ਼ਤ ਛੋਟਾ ਸਿੰਘ ਵਜੋਂ ਹੋਈ ਹੈ। ਮੰਗਲਵਾਰ ਦੇਰ ਰਾਤੀਂ ਜਦੋਂ ਰਾਜਵਿੰਦਰ ਸਿੰਘ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ, ਤਦ ਛੋਟਾ ਸਿੰਘ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਉਸ ਉੱਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਪਿੱਛੋਂ ਪਿਓ ਨੇ ਆਪਣੇ ਪੁੱਤਰ ਦੀ ਲਾਸ਼ ਦੇ ਕਈ ਛੋਟੇ–ਛੋਟੇ ਟੋਟੇ ਕੀਤੇ ਤੇ ਉਨ੍ਹਾਂ ਨੂੰ ਪਲਾਸਟਿਕ ਦੇ ਇੱਕ ਥੈਲੇ ਵਿੱਚ ਪਾ ਕੇ ਸੀਵਰੇਜ ਵਿੱਚ ਸੁੱਟ ਦਿੱਤਾ।
ਪੁਲਿਸ ਮੁਤਾਬਕ – ‘ਜਦੋਂ ਮੁਲਜ਼ਮ ਲਾਸ਼ ਦੇ ਟੋਟੇ ਸੁੱਟਣ ਲਈ ਜਾ ਰਿਹਾ ਸੀ, ਤਾਂ ਉਸ ਦਾ ਭਤੀਜਾ ਗੁਰਚਰਨ ਸਿੰਘ ਜਾਗ ਗਿਆ ਤੇ ਉਸ ਨੇ ਘਰ ਵਿੱਚ ਖ਼ੂਨ ਦੀਆਂ ਬੂੰਦਾਂ ਡੁੱਲ੍ਹੀਆਂ ਵੇਖੀਆਂ। ਉਸ ਨੇ ਉਨ੍ਹਾਂ ਬੂੰਦਾਂ ਦੇ ਪਿੱਛੇ–ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਅੰਕਲ ਨੂੰ ਵੇਖਿਆ ਕਿ ਉਸ ਨੇ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਹੈ।’
ਗੁਰਚਰਨ ਸਿੰਘ ਨੇ ਆਪਣੇ ਅੰਕਲ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮ੍ਰਿਤਕ ਦੇ ਵੱਡੇ ਭਰਾ ਰਾਜਵੀਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਦਾ ਜਸਵੀਰ ਕੌਰ ਨਾਲ ਵਿਆਹ ਹੋਇਆਂ 12 ਸਾਲ ਬੀਤ ਗਏ ਸਨ। ਰਾਜਵਿੰਦਰ ਕੌਰ ਨੂੰ ਆਪਣੀ ਪਤਨੀ ਤੇ ਆਪਣੇ ਪਿਤਾ ਵਿਚਲੇ ਨਾਜਾਇਜ਼ ਸਬੰਧਾਂ ਦੀ ਜਾਣਕਾਰੀ ਸੀ; ਇਸੇ ਲਈ ਦੋਵਾਂ ਵਿਚਾਲੇ ਦੁਸ਼ਮਣੀ ਵੀ ਪੈਦਾ ਹੋ ਗਈ ਸੀ। ਸੂਤਰਾਂ ਨੇ ਦੱਸਿਆ ਕਿ ‘ਮੁਲਜ਼ਮ ਦੇ ਆਪਣੀ ਨੂੰਹ ਨਾਲ ਪਿਛਲੇ ਦੋ ਸਾਲਾਂ ਤੋਂ ਨਾਜਾਇਜ਼ ਸਬੰਧ ਸਨ।‘
ਮੁਲਜ਼ਮ ਛੋਟਾ ਸਿੰਘ ਨੇ ਆਪਣੇ ਨੂੰਹ ਜਸਵੀਰ ਕੌਰ ਲਈ ਪਿਛਲੇ ਦੋ ਕੁ ਮਹੀਨਿਆਂ ਤੋਂ ਫ਼ਰੀਦਕੋਟ ਸ਼ਹਿਰ ਵਿੱਚ ਕਿਰਾਏ ’ਤੇ ਇੱਕ ਕਮਰਾ ਵੀ ਲੈ ਲਿਆ ਸੀ। ਇਸੇ ਕਰ ਕੇ ਛੋਟਾ ਸਿੰਘ ਦੀ ਪਤਨੀ ਵੀ ਜਸਵੀਰ ਕੌਰ ਨਾਲ ਝਗੜਦੀ ਰਹਿੰਦੀ ਸੀ। ਛੋਟਾ ਸਿੰਘ ਦੀ ਯੋਜਨਾ ਸੀ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਕੇ ਆਪਣੀ ਨੂੰਹ ਨਾਲ ਵਿਆਹ ਰਚਾ ਲਵੇਗਾ। ਇਸੇ ਲਈ ਉਸ ਨੇ ਆਪਣੇ ਪੁੱਤਰ ਦੇ ਹੀ ਕਤਲ ਦੀ ਸਾਜ਼ਿਸ਼ ਘੜੀ ਸੀ।
ਜੈਤੋ ਦੇ ਡੀਐੱਸਪੀ ਕੁਲਦੀਪ ਸਿੰਘ ਸੋਹੀ ਹੁਰਾਂ ਦੱਸਿਆ ਕਿ ਜੈਤੋ ਪੁਲਿਸ ਥਾਣੇ ਵਿੱਚ ਕੇਸ ਦਰਜ ਕਰ ਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ। ਅੱਜ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਪਹਿਲਾਂ ਲਾਸ਼ ਦਾ ਪੋਸਟ–ਮਾਰਟਮ ਕੀਤਾ ਗਿਆ ਤੇ ਬਾਅਦ ’ਚ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।