ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਭੈਣੀ ਮੀਆਂ ਖ਼ਾਨ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਰਾਜਪੁਰਾ ’ਚ 45 ਸਾਲਾਂ ਦੇ ਇੱਕ ਅਜਿਹੇ ਪਿਓ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਉੱਤੇ ਆਪਣੀ 16–17 ਸਾਲਾ ਧੀ ਨਾਲ ਹੀ ਮੂੰਹ ਕਾਲ਼ਾ ਕਰਨ ਦਾ ਇਲਜ਼ਾਮ ਹੈ।
ਭੈਣੀ ਮੀਆਂ ਖ਼ਾਨ ਦੇ ਐੱਸਐੱਚਓ (SHO) ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਓ ਆਪਣੀ ਧੀ ਨਾਲ ਤਦ ਤੋਂ ਹੀ ਜਬਰ–ਜਨਾਹ ਕਰਦਾ ਆ ਰਿਹਾ ਸੀ, ਜਦੋਂ ਹਾਲੇ ਉਸ ਦੀ ਪਤਨੀ ਜਿਊਂਦੀ ਸੀ। ਪਤਨੀ ਦੇ ਅਕਾਲ–ਚਲਾਣੇ ਤੋਂ ਬਾਅਦ ਵੀ ਉਸ ਨੇ ਆਪਣਾ ਇਹ ਕਾਰਾ ਜਾਰੀ ਰੱਖਿਆ।
ਉਸ ਦੀ ਪਤਨੀ ਦਾ ਦੇਹਾਂਤ ਤਿੰਨ ਕੁ ਮਹੀਨੇ ਪਹਿਲਾਂ ਹੋ ਗਿਆ ਸੀ। ਉਸ ਦੇ ਦੋ ਪੁੱਤਰ ਵੀ ਹਨ; ਜਿਨ੍ਹਾਂ ’ਚੋਂ ਇੱਕ ਉਸ ਲੜਕੀ ਤੋਂ ਵੱਡਾ ਹੈ ਤੇ ਦੂਜਾ ਛੋਟਾ।
ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਇੱਕ ਦਿਹਾੜੀਦਾਰ ਹੈ ਤੇ ਉਸ ਨੂੰ ਸ਼ਰਾਬ ਪੀਣ ਦੀ ਲਤ ਵੀ ਲੱਗੀ ਹੋਈ ਹੈ।
ਐੱਸਐੱਚਓ ਅਨੁਸਾਰ ਐਤਵਾਰ ਦੀ ਸਵੇਰ ਨੂੰ ਵੀ ਮੁਲਜ਼ਮ ਨੇ ਆਪਣੀ ਧੀ ਨਾਲ ਇੱਕ ਵਾਰ ਫਿਰ ਮੂੰਹ ਕਾਲ਼ਾ ਕਰਨ ਦਾ ਜਤਨ ਕੀਤਾ ਪਰ ਉਹ ਕਿਸੇ ਤਰ੍ਹਾਂ ਉਸ ਦੇ ਸ਼ਿਕੰਜੇ ’ਚੋਂ ਬਚ ਨਿੱਕਲਣ ਵਿੱਚ ਸਫ਼ਲ ਹੋ ਗਈ।
ਉਸ ਨੇ ਜਾ ਕੇ ਆਪਣੇ ਗੁਆਂਢ ’ਚ ਰਹਿੰਦੀ ਇੱਕ ਆਂਟੀ ਨੂੰ ਇਹ ਸਭ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਕੇ ਉਸ ਨਾਲ ਕੀ–ਕੁਝ ਕਰਦਾ ਰਿਹਾ ਹੈ।
ਤਦ ਜਾ ਕੇ ਮਾਮਲਾ ਪੁਲਿਸ ਕੋਲ ਪੁੱਜਿਆ ਤੇ ਅਜਿਹੀ ਘਿਨਾਉਣੀ ਸੋਚ ਵਾਲੇ ਪਿਓ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ।