ਪੰਜਾਬ ਦੇ ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਇਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਕ ਪੰਜਾਬ ਵਿੱਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਬਣਾਏ ਘਿਓ ਤੇ ਨਾਲ ਹੀ ਬਨਸਪਤੀ ਜਿਸ ਵਿੱਚ ਘਿਓ ਜਾਂ ਹੋਰ ਪਦਾਰਥਾਂ ਦੀ ਮਿਲਾਵਟ ਹੋਵੇ, ਦੇ ਉਤਪਾਦਨ/ਵਿਕਰੀ/ਵੰਡ 'ਤੇ ਰੋਕ ਲਗਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ 2011 (ਵਿਕਰੀ 'ਤੇ ਪਾਬੰਦੀ ਤੇ ਰੋਕ) ਦੇ ਨਿਯਮ 2.1.1 (3) ਅਤੇ 2.1.1 (6) ਮੁਤਾਬਕ ਅਜਿਹੇ ਪਦਾਰਥਾਂ ਦੀ ਵਿਕਰੀ ਲਈ ਮਨਾਹੀ ਕਰਨ ਦੀ ਤਜਵੀਜ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੇ ਨਾਂ ਨਾਲ ਘਿਓ, ਦੁੱਧ ਦੀ ਫੈਟ ਅਤੇ ਬਨਸਪਤੀ/ਹਾਈਡਰੋਜਿਨੇਟਿਡ ਬਨਸਪਤੀ ਤੇਲ ਵਿੱਚ ਹੋਰ ਪਦਾਰਥ ਮਿਲਾ ਕੇ ਮਾਲਕੀ ਖਾਧ ਪਦਾਰਥਾਂ ਵਜੋਂ ਵੇਚੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਇਸ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 30(2)(ਏ) ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ, ਘਿਓ, ਦੁੱਧ ਦੀ ਫੈਟ ਅਤੇ ਬਨਸਪਤੀ/ਹਾਈਡਰੋਜਿਨੇਟਿਡ ਬਨਸਪਤੀ ਤੇਲ ਵਿੱਚ ਹੋਰ ਪਦਾਰਥ ਮਿਲਾਉਣ 'ਤੇ ਪੰਜਾਬ ਵਿੱਚ ਉਤਪਾਦਨ/ਵਿਕਰੀ/ਵੰਡ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਤਜਵੀਜ਼ ਹੈ ਤੇ ਇਸ ਵਿੱਚ ਕਿਸੇ ਵੀ ਹੋਰ ਪਦਾਰਥ ਨੂੰ ਮਿਲਾਉਣਾ ਨਿਯਮ 2.1.1 ਦੇ ਵਿਰੁੱਧ ਹੈ।
ਸ. ਪੰਨੂੰ ਨੇ ਕਿਹਾ ਕਿ ਇਸ ਸਬੰਧੀ ਮਨਾਹੀ ਦੇ ਆਦੇਸ਼ਾਂ ਨੂੰ ਪਾਸ ਕਰਨ ਤੋਂ ਪਹਿਲਾਂ, ਆਮ ਲੋਕਾਂ ਅਤੇ ਇਸ ਤਰ੍ਹਾਂ ਦੇ ਉਤਪਾਦਨ/ਵਿਕਰੀ/ਵੰਡ ਕਰਨ ਵਾਲੇ ਸਬੰਧਤ ਵਿਅਕਤੀਆਂ ਨੂੰ 15 ਦਿਨਾਂ ਦੀ ਮਿਆਦ ਦੇ ਅੰਦਰ ਉਕਤ ਪ੍ਰਸਤਾਵ 'ਤੇ ਇਤਰਾਜ਼ ਦਰਜ ਕਰਵਾਉਣ ਲਈ ਨੋਟਿਸ ਦਿੱਤਾ ਗਿਆ ਹੈ।