ਅੱਜ 23 ਸਾਲਾਂ ਦੇ ਇੱਕ ‘ਨੌਜਵਾਨ ਨੇ ਆਪਣੀ 21 ਸਾਲਾ ਪਤਨੀ ਤੇ 5 ਸਾਲਾ ਧੀ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ’; ਜਦ ਕਿ ਉਸ ਦੀ ਇੱਥ ਸਾਲਾ ਧੀ ਜ਼ਖ਼ਮੀ ਹਾਲਤ ’ਚ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ। ਇਹ ਵਾਰਦਾਤ ਅੱਜ ਫ਼ਿਰੋਜ਼ਪੁਰ ਦੇ ਇੱਕ ਪਿੰਡ ’ਚ ਸਵੇਰੇ 10:15 ਵਜੇ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ 23 ਸਾਲਾ ਕਥਿਤ ਕਾਤਲ ਲਖਵਿੰਦਰ ਸਿੰਘ ਦਾ ਵਿਆਹ ਪੰਜ ਸਾਲ ਪਹਿਲਾਂ 21 ਸਾਲਾ ਨਿਰਮਲ ਕੌਰ ਨਾਲ ਹੋਇਆ ਸੀ। ਇਸ ਜੋੜੀ ਦੀਆਂ ਦੋ ਧੀਆਂ ਨਵਦੀਪ ਕੌਰ (5) ਅਤੇ ਜਸਦੀਪ ਕੌਰ (1) ਸਨ।
ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ’ਚ ਨਿਰਮਲ ਕੌਰ ਤੇ ਨਵਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਖ਼ਬਰ ਲਿਖੇ ਜਾਣ ਤੱਕ ਲਖਵਿੰਦਰ ਸਿੰਘ ਦੀ ਇੱਕ ਸਾਲਾ ਧੀ ਜ਼ਿੰਦਗੀ ਤੇ ਮੌਤ ਨਾਲ ਜੰਗ ਲੜ ਰਹੀ ਸੀ।
ਸੰਪਰਕ ਕਰਨ ’ਤੇ ਫ਼ਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਖਵਿੰਦਰ ਨੂੰ ਆਪਣੀ ਪਤਨਾ ਦੇ ਚਰਿੱਤਰ ਉੱਤੇ ਸ਼ੱਕ ਸੀ ਤੇ ਉਸ ਨੇ ਕਿਸੇ ਹੋਰ ਵਿਅਕਤੀ ਨਾਲ ਉਸ ਨੂੰ ਗੱਲ ਕਰਦਿਆਂ ਵੇਖ ਲਿਆ ਸੀ।
ਉਸੇ ਗੱਲ ਤੋਂ ਰੋਹ ’ਚ ਆ ਕੇ ਉਸ ਨੇ ਆਪਣੀ ਪਤਨੀ ਤੇ ਬੱਚੀਆਂ ਉੱਤੇ ਹਮਲਾ ਬੋਲ ਦਿੱਤਾ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਸਾਰੇ ਮਾਮਲੇ ਦੀ ਤਫ਼ਤੀਸ਼ ਅਰੰਭ ਕਰ ਦਿੱਤੀ ਹੈ।
ਲਾਸ਼ਾਂ ਨੂੰ ਪੋਸਟ–ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।