ਮੋਹਾਲੀ ਦੇ ਉਦਯੋਗਿਕ ਖੇਤਰ ਫ਼ੇਸ–7 ਵਿੱਚ ਸਥਿਤ ਇੱਕ ਗੋਦਾਮ ਵਿੱਚ ਅੱਜ ਅਚਾਨਕ ਅੱਗ ਲੱਗ ਜਾਣ ਕਾਰਨ ਭਾਰੀ ਮਾਲੀ ਨੁਕਸਾਨ ਹੋ ਗਿਆ ਹੈ। ਇਹ ਨੁਕਸਾਨ ਕਿੰਨਾ ਹੋਇਆ ਹੈ, ਇਸ ਦਾ ਤੁਰੰਤ ਕੋਈ ਅਨੁਮਾਨ ਤਾਂ ਨਹੀਂ ਲੱਗ ਸਕਿਆ ਕਿਉਂਕਿ ਇਹ ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਦੇ ਜਤਨ ਜਾਰੀ ਸਨ। ਇਸ ਹਾਦਸੇ ਦਾ ਇੱਕ ਪੱਖ ਇਹ ਵੀ ਰਿਹਾ ਕਿ ਇੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਅੱਗ ਬਾਅਦ ਦੁਪਹਿਰ 3:00 ਕੁ ਵਜੇ ਲੱਗੀ। ਅੱਗ ਬੁਝਾਉਣ ਵਾਲੇ ਚਾਰ–ਪੰਜ ਇੰਜਣ ਪੁੱਜੇ ਪਰ ਇਸ ਗੋਦਾਮ ਵਿੱਚ ਵੱਡੀ ਮਾਤਰਾ ’ਚ ਪੇਂਟ ਤੇ ਥਿੰਨਰ ਪਿਆ ਹੋਣ ਕਾਰਨ ਅੱਗ ਉੱਤੇ ਕਿਸੇ ਵੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ।
ਅੱਗ–ਬੁਝਾਊ ਅਮਲੇ ਦਾ ਪੂਰਾ ਜ਼ੋਰ ਹੁਣ ਇਸੇ ਗੱਲ ਉੱਤੇ ਲੱਗਾ ਹੋਇਆ ਹੈ ਕਿ ਕਿਤੇ ਇਹ ਅੱਗ ਹੋਰਨਾਂ ਲਾਗਲੀਆਂ ਫ਼ੈਕਟਰੀਆਂ ਤੱਕ ਨਾ ਪੁੱਜ ਸਕੇ।