ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ: ਡਾ. ਭਾਈ ਜੋਧ ਸਿੰਘ

ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ: ਡਾ. ਭਾਈ ਜੋਧ ਸਿੰਘ

ਵੀਹਵੀਂ ਸਦੀ ਦੀ ਇੱਕ ਮਹੱਤਵਪੂਰਨ ਸ਼ਖ਼ਸੀਅਤ ਡਾ. ਭਾਈ ਜੋਧ ਸਿੰਘ ਸਿੱਖ ਧਰਮ ਅਤੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਹੋ ਗੁਜ਼ਰੇ ਹਨ। ਪੰਜਾਬ ਦੇ ਵਿੱਦਿਅਕ, ਧਾਰਮਿਕ, ਸਾਹਿਤਕ ਅਤੇ ਸਮਾਜਕ ਖੇਤਰਾਂ ਵਿੱਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਉਲੇਖਯੋਗ ਹੈ। ਬੇਸ਼ੱਕ ਉਨ੍ਹਾਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੱਡੀਆਂ ਤੇ ਸਨਮਾਨਯੋਗ ਪਦਵੀਆਂ ਪ੍ਰਾਪਤ ਹੋਈਆਂ, ਪਰ ਸਾਰੀ ਉਮਰ ਉਨ੍ਹਾਂ ਨੇ ਗੁਰਮਤਿ ਉਪਾਧੀ 'ਭਾਈ' ਆਪਣੇ ਨਾਮ ਨਾਲ ਲਗਾਈ ਰੱਖੀ। ਇਹ ਪਰੰਪਰਾ ਹੁਣ ਦੇ ਸਿੱਖਾਂ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ।

 

       ਆਪ ਦਾ ਜਨਮ 31 ਮਈ 1882 ਈ. ਨੂੰ ਪੱਛਮੀ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਤਹਿਸੀਲ ਗੁੱਜਰਖਾਨ ਦੇ ਪਿੰਡ ਘੁੰਗਰੀਲਾ ਦੇ 'ਬਖਸ਼ੀਆਂ' ਦੇ ਪ੍ਰਸਿੱਧ ਘਰਾਣੇ ਵਿੱਚ ਬਖਸ਼ੀ ਰਾਮ ਸਿੰਘ ਅਤੇ ਮਾਂ ਗੁਲਾਬ ਦੇਵੀ ਦੇ ਘਰ ਹੋਇਆ। ਆਪ ਦਾ ਨਾਂ ਰਣਬੀਰ ਸਿੰਘ ਰੱਖਿਆ ਗਿਆ, ਪਰ ਦਾਦੀ ਨੂੰ ਨਾ ਔਖਾ ਲੱਗਣ ਕਰਕੇ ਰਛਪਾਲ ਸਿੰਘ ਰੱਖ ਦਿੱਤਾ। ਫਿਰ ਸੰਤਾਂ ਵਰਗੇ ਸੁੰਦਰ ਲੰਮੇ ਵਾਲ ਵੇਖ ਕੇ ਸੰਤ ਸਿੰਘ ਨਾਂ ਰੱਖਿਆ ਗਿਆ। ਜਦੋਂ ਆਪ ਨੇ ਵਿੱਚ ਭਾਈ ਠਾਕੁਰ ਸਿੰਘ ਤੋਂ ਅੰਮ੍ਰਿਤ ਛਕਿਆ, ਤਾਂ ਆਪ ਦਾ ਨਾਂ ਜੋਧ ਸਿੰਘ ਹੋ ਗਿਆ। ਆਪਨੇ ਪੂਰੀ ਜ਼ਿੰਦਗੀ ਆਪਣੇ ਨਾਂ ਨਾਲ 'ਬਖਸ਼ੀ' ਜਾਂ ਖੱਤਰੀ ਗੋਤ 'ਲਾਂਬਾ' ਆਦਿ ਨਹੀਂ ਲਿਖਿਆ। ਉਹ 'ਸਰਦਾਰ ਬਹਾਦਰ' ਤੇ 'ਪਦਮ ਭੂਸ਼ਣ' ਬਣ ਕੇ ਵੀ 'ਭਾਈ' ਅਖਵਾਉਣਾ ਵਧੇਰੇ ਪਸੰਦ ਕਰਦੇ ਸਨ।

 

       ਆਪ ਜੀ ਦੀ ਸਾਰੀ ਜ਼ਿੰਦਗੀ ਸੰਘਰਸ਼ਪੂਰਨ ਅਤੇ ਘਟਨਾਵਾਂ ਭਰਪੂਰ ਰਹੀ। ਅਜੇ ਆਪ ਦੋ ਵਰ੍ਹਿਆਂ ਦੇ ਹੀ ਸਨ ਕਿ ਪਿਤਾ ਦਾ ਦੇਹਾਂਤ ਹੋ ਗਿਆ। ਪਿੱਛੋਂ ਇਨ੍ਹਾਂ ਦੀ ਦਾਦੀ ਵੀ ਚਲਾਣਾ ਕਰ ਗਈ। ਪ੍ਰਾਇਮਰੀ ਆਪ ਨੇ ਪਿੰਡ ਦੇ ਸਕੂਲ ਤੋਂ ਪਾਸ ਕੀਤੀ। ਚੌਦਾਂ ਸਾਲ ਦੀ ਉਮਰ ਵਿੱਚ ਮਿਡਲ ਅਤੇ ਸੋਲਾਂ ਸਾਲ ਦੀ ਉਮਰ ਵਿੱਚ ਐਂਟਰੈਂਸ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ ਰੁਪਏ ਮਹੀਨਾ ਵਜ਼ੀਫਾ ਮਿਲਣ ਕਰਕੇ ਉਹ ਕਾਲਜ ਵਿੱਚ ਦਾਖ਼ਲ ਹੋ ਗਏ। ਦਸਵੀਂ ਵਿੱਚ ਹੀ 'ਸਿੰਘ ਸਜੋ' ਲਹਿਰ ਦੇ ਪ੍ਰਭਾਵ ਹੇਠ ਉਹ ਗਿਆਨੀ ਠਾਕੁਰ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਜੋਧ ਸਿੰਘ ਬਣ ਗਏ।

 

       ਕੁਝ ਸਮਾਂ ਕਹੂਟੇ ਮਿਡਲ ਸਕੂਲ ਵਿਖੇ ਹੈੱਡਮਾਸਟਰ ਰਹੇ। ਫਿਰ ਮਹਿਕਮਾ ਪਬਲਿਕ ਵਰਕਸ ਦੇ ਫੋਰਥ ਗਰੇਡ ਅਕਾਉਂਟੈਂਟ ਦੀ ਪ੍ਰੀਖਿਆ ਪਾਸ ਕੀਤੀ। ਡਾਕਖਾਨੇ ਵਿੱਚ ਪੰਦਰਾਂ ਰੁਪਏ ਮਹੀਨਾ ਤੇ ਅਪਰੈਂਟਿਸ ਵਜੋਂ ਸਿਖਲਾਈ ਲਈ। ਫ਼ੌਜ ਦੇ ਕਮਸਟ੍ਰੇਟ ਮਹਿਕਮੇ ਵਿੱਚ ਵੀ ਕੰਮ ਕੀਤਾ। ਪਿੱਛੋਂ 6 ਜੂਨ 1902 ਨੂੰ ਅੰਮ੍ਰਿਤਸਰ ਵਿਖੇ ਸ. ਸੁੰਦਰ ਸਿੰਘ ਮਜੀਠੀਆ ਦੇ ਪੁੱਤਰਾਂ ਨੂੰ ਟਿਊਸ਼ਨ ਪੜ੍ਹਾਉਣੀ ਸ਼ੁਰੂ ਕੀਤੀ। ਨਾਲੋ- ਨਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੀ ਏ ਦੀ ਜਮਾਤ ਵਿੱਚ ਦਾਖ਼ਲਾ ਲੈ ਲਿਆ। 1904 ਵਿੱਚ ਬੀ ਏ ਦੀ ਪ੍ਰੀਖਿਆ 'ਚੋਂ ਪੂਰੇ ਪੰਜਾਬ 'ਚੋਂ ਪਹਿਲੇ ਸਥਾਨ ਤੇ ਰਹੇ। 1906 ਵਿੱਚ ਪ੍ਰਾਈਵੇਟ ਵਿਦਿਆਰਥੀ ਵਜੋਂ ਯੂਨੀਵਰਸਿਟੀ ਤੋਂ ਐੱਮ ਏ ਦੀ ਪ੍ਰੀਖਿਆ ਵਿੱਚੋਂ ਫਸਟ ਰਹੇ। ਇਸ ਤੋਂ ਇੱਕ ਸਾਲ ਪਹਿਲਾਂ 5 ਮਈ 1905 ਨੂੰ ਆਪ ਦੀ ਸ਼ਾਦੀ ਗੁਜਰਖਾਨ ਦੇ ਚਤਰਥ ਸ. ਸ਼ਰਧਾ ਸਿੰਘ ਦੀ ਪੁੱਤਰੀ ਬੀਬੀ ਦਯਾ ਕੌਰ ਨਾਲ ਹੋ ਚੁੱਕੀ ਸੀ, ਜਿਸ ਦੀ ਕੁੱਖੋਂ ਤਿੰਨ ਬੱਚੇ (ਇੰਦਰ ਕੌਰ-1907, ਸੁੰਦਰ ਸਿੰਘ-1912 ਅਤੇ ਹਰਬੰਸ ਸਿੰਘ-1918) ਪੈਦਾ ਹੋਏ।

 

      1 ਜੂਨ 1905 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਧਾਰਮਿਕ ਵਿੱਦਿਆ ਦੇ ਪ੍ਰੋਫੈਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਪ ਨੇ ਬਹੁਤ ਸਾਰੇ ਵਿਦਵਾਨਾਂ ਦੇ ਵਿਚਾਰ ਜਾਣੇ। 30 ਨਵੰਬਰ 1912 ਨੂੰ ਪ੍ਰਿੰਸੀਪਲ ਰਾਈਟ ਨੇ ਆਪ ਨੂੰ ਕਾਲਜ ਦੀ ਨੌਕਰੀ ਛੱਡਣ ਲਈ ਕਿਹਾ ਤੇ ਆਪ ਨੇ ਬਿਨਾਂ ਕੋਈ ਸਵਾਲ ਕੀਤਿਆਂ ਅਸਤੀਫ਼ਾ ਲਿਖ ਕੇ ਦੇ ਦਿੱਤਾ।

 

      ਆਪ ਨੇ ਕੁਝ ਸਮਾਂ ਖ਼ਾਲਸਾ ਹਾਈ ਸਕੂਲ ਲਾਇਲਪੁਰ ਵਿਖੇ ਹੈੱਡ ਮਾਸਟਰੀ ਤੇ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿਖੇ ਪ੍ਰਿੰਸੀਪਲੀ ਵੀ ਕੀਤੀ। 1921 ਵਿੱਚ ਸਭ ਕੁਝ ਛੱਡ- ਛੁਡਾ ਕੇ ਧਰਮ ਪ੍ਰਚਾਰ ਨੂੰ ਜਾਰੀ ਰੱਖਣ ਲਈ ਅੰਮ੍ਰਿਤਸਰ ਆ ਗਏ। ਇਥੇ  ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲਿਆ ਅਤੇ 'ਖਾਲਸਾ' ਤੇ 'ਖਾਲਸਾ ਐਡਵੋਕੇਟ' ਦੇ ਸੰਪਾਦਕ ਦਾ ਕਾਰਜਭਾਰ ਸੰਭਾਲਿਆ।

 

      ਅਜਿਹੀ ਜੋਖ਼ਮ ਭਰੀ ਅਤੇ ਸਮੱਸਿਆਵਾਂ ਭਰਪੂਰ ਲੜਾਈ ਤੋਂ ਬਾਅਦ ਆਖ਼ਰ 24 ਮਈ 1924 ਨੂੰ ਆਪ ਨੇ ਦੁਬਾਰਾ ਧਰਮ ਅਤੇ ਗਣਿਤ ਦੇ ਪ੍ਰੋਫੈਸਰ ਵਜੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 14 ਜੂਨ 1936 ਨੂੰ ਇੱਥੇ ਹੀ ਆਪ ਨੇ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਲਿਆ ਅਤੇ ਫਰਵਰੀ 1952 ਵਿੱਚ (ਸੋਲਾਂ ਸਾਲ ਮਗਰੋਂ) ਇਸ ਅਹੁਦੇ ਤੋਂ ਰਿਟਾਇਰ ਹੋਏ।

 

      ਇਸ ਪਿੱਛੋਂ ਆਪ ਲੋਕ-ਸੇਵਾ ਅਤੇ ਰਾਜਨੀਤੀ ਵਿੱਚ ਸਰਗਰਮ ਹੋ ਗਏ। ਚੀਫ ਖ਼ਾਲਸਾ ਦੀਵਾਨ, ਸਿੱਖ ਐਜੂਕੇਸ਼ਨਲ ਕਾਨਫਰੰਸਾਂ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧ, ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ, ਸਿੱਖ ਮਿਸ਼ਨਰੀ ਕਾਨਫਰੰਸ, ਪੰਥਕ ਬੋਰਡ, ਪੰਜਾਬੀ ਪ੍ਰੀਖਿਆਵਾਂ ਨੂੰ ਮਾਨਤਾ ਆਦਿ ਦੇ ਪ੍ਰਬੰਧ ਅਤੇ ਗਠਨ ਵਿੱਚ ਭਾਈ ਜੋਧ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। 1926 ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਸੈਨੇਟਰ ਨਿਯੁਕਤ ਕਰ ਲਿਆ।

 

1952 ਤੋਂ ਬਾਅਦ ਆਪ ਨੇ ਲੁਧਿਆਣਾ ਨੂੰ ਆਪਣਾ ਨਿਵਾਸ ਬਣਾ ਲਿਆ। 24 ਅਕਤੂਬਰ 1954 ਨੂੰ ਭਾਈ ਜੋਧ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਥਾਪਨਾ ਹੋਈ। ਦਸੰਬਰ 1967 ਵਿੱਚ ਆਪ ਨੂੰ ਅਕੈਡਮੀ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਅਕੈਡਮੀ ਦੀ ਪ੍ਰਧਾਨਗੀ ਤੋਂ ਆਪ 1972 ਵਿੱਚ, ਵੀਹ ਸਾਲਾਂ ਦੀ ਲੰਬੀ ਸੇਵਾ ਮਗਰੋਂ ਸੇਵਾਮੁਕਤ ਹੋਏ। 5 ਅਗਸਤ 1960 ਨੂੰ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਇੱਕ ਕਮਿਸ਼ਨ ਬਣਾਇਆ ਗਿਆ, ਜਿਸ ਵਿੱਚ ਭਾਈ ਜੋਧ ਸਿੰਘ ਨੂੰ ਮੀਤ ਪ੍ਰਧਾਨ ਥਾਪਿਆ ਗਿਆ।

 

30 ਅਪ੍ਰੈਲ 1962 ਨੂੰ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਅਤੇ ਭਾਈ ਜੋਧ ਸਿੰਘ ਇਸ ਦੇ ਪਹਿਲੇ ਵਾਈਸ- ਚਾਂਸਲਰ ਬਣੇ। ਯੂਨੀਵਰਸਿਟੀ ਦਾ ਉਦਘਾਟਨ 24 ਜੂਨ 1962 ਨੂੰ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੇ ਕੀਤਾ। ਇਸ ਤੋਂ ਪਹਿਲਾਂ 23 ਦਸੰਬਰ 1961 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪ ਨੂੰ 'ਡਾਕਟਰ ਆਫ ਫਿਲਾਸਫੀ'ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।

 

30 ਅਪ੍ਰੈਲ 1965 ਨੂੰ ਆਪ ਉਪ- ਕੁਲਪਤੀ ਦੇ ਅਹੁਦੇ ਤੋਂ ਸੇਵਾ- ਮੁਕਤ ਹੋਏ। ਇੱਥੇ ਰਹਿੰਦਿਆਂ ਆਪ ਨੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ। ਜਿਨ੍ਹਾਂ ਵਿੱਚ ਯੂਨੀਵਰਸਿਟੀ ਲਈ ਮੌਜੂਦਾ ਸਥਾਨ ਦੀ ਚੋਣ, ਪੰਜਾਬੀ ਦੀ ਉਨਤੀ ਲਈ ਲੋੜੀਂਦੇ ਮਹਿਕਮੇ, ਸਿੱਖਿਆ ਦੇ ਖੇਤਰ ਵਿੱਚ ਇੰਟਰਨਲ ਅਸੈਸਮੈਂਟ ਆਦਿ ਸ਼ਾਮਲ ਹਨ।

 

     1966 ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਆਪ ਨੂੰ 'ਪਦਮ ਭੂਸ਼ਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।1966 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਸ਼ਤਾਬਦੀ, 1969 ਵਿੱਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ, 1973 ਵਿੱਚ ਬਾਬਾ ਫ਼ਰੀਦ ਜੀ ਦੀ ਸੱਤਵੀ ਸ਼ਤਾਬਦੀ, 1975 ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ ਤਿੰਨ ਸੌ ਸਾਲਾ ਸ਼ਹੀਦੀ ਦਿਵਸ, 1977 ਵਿੱਚ ਭਗਤ ਰਵਿਦਾਸ ਦੀ ਪੰਜਵੀਂ ਸ਼ਤਾਬਦੀ ਅਤੇ 1977 ਵਿੱਚ ਅੰਮ੍ਰਿਤਸਰ ਦੇ ਚਾਰ ਸੌ ਸਾਲਾ ਸਥਾਪਨਾ ਦਿਵਸ ਵਿੱਚ ਡਾ. ਭਾਈ ਜੋਧ ਸਿੰਘ ਜੀ ਨੇ ਸ਼ਲਾਘਾਯੋਗ ਹਿੱਸਾ ਪਾਇਆ। ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿੱਚ (ਅਪਰੈਲ 1978 ਤੋਂ) ਆਪ ਨੇ ਪ੍ਰੋ.ਗੁਰਬਚਨ ਸਿੰਘ ਤਾਲਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਦੀ ਸੁਧਾਈ ਦੀ ਜ਼ਿੰਮੇਵਾਰੀ ਸੰਭਾਲੀ। 4 ਦਸੰਬਰ 1981 ਨੂੰ ਕਰੀਬ 99 ਸਾਲ ਦੀ ਉਮਰ ਵਿੱਚ ਆਪ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।

 

      ਡਾ. ਭਾਈ ਜੋਧ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਕਰੀਬ 37 ਪੁਸਤਕਾਂ ਦੀ ਰਚਨਾ ਕੀਤੀ। ਇਸ ਦੇ ਨਾਲ- ਨਾਲ ਸੰਪਾਦਿਤ ਪੁਸਤਕਾਂ ਅਤੇ ਵਿਕੋਲਿਤਰੇ ਲੇਖਾਂ ਰਾਹੀਂ ਵੀ ਆਪ ਨੇ ਆਪਣੇ ਵਿਚਾਰਾਂ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ। ਜੋਕਿ ਪੰਜਾਬੀ ਅਤੇ ਅੰਗਰੇਜ਼ੀ ਵਿੱਚ 97 ਦੇ ਕਰੀਬ ਬਣਦੀ ਹੈ। ਪੁਸਤਕਾਂ ਵਿੱਚ 'ਸਿੱਖੀ ਕੀ ਹੈ', 'ਗੁਰਮਤਿ ਨਿਰਣੈ', 'ਪ੍ਰਾਚੀਨ ਬੀੜਾਂ ਬਾਰੇ', 'ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ', 'ਗੁਰੂ ਨਾਨਕ ਬਾਣੀ', 'ਕਬੀਰ: ਜੀਵਨ ਤੇ ਸਿੱਖਿਆ', 'ਭਗਤ ਰਵਿਦਾਸ: ਜੀਵਨ ਤੇ ਸਿੱਖਿਆ', 'ਸਿੱਧ ਗੋਸਟਿ, 'ਜਪੁ ਸਟੀਕ', 'ਬਾਣੀ ਭਗਤ ਕਬੀਰ ਜੀ ਦੀ ਸਟੀਕ' (ਪੰਜਾਬੀ); 'ਨਾਨਕ ਬਾਣੀ' (ਹਿੰਦੀ); 'ਗੁਰੂ ਸਾਹਿਬ ਔਰ ਵੇਦ' (ਉਰਦੂ); 'ਲਾਈਫ ਆਫ ਸ੍ਰੀ ਗੁਰੂ ਅਮਰਦਾਸ ਜੀ', 'ਸਮ ਸਟੱਡੀਜ਼ ਇਨ ਸਿੱਖਿਜ਼ਮ', ਗਾਸ- ਪਲਜ਼ ਆਫ ਗੁਰੂ ਨਾਨਕ ਇਨ ਹਿਜ਼ ਓਨ ਵਰਡਜ਼' (ਅੰਗਰੇਜ਼ੀ)  ਆਦਿ ਪ੍ਰਮੁੱਖ ਹਨ।

 

     ਇਸ ਪ੍ਰਕਾਰ ਡਾ. ਭਾਈ ਜੋਧ ਸਿੰਘ ਇੱਕ ਸਿੱਖਿਆ ਸ਼ਾਸਤਰੀ, ਇੱਕ ਧਰਮ ਸ਼ਾਸਤਰੀ, ਇੱਕ ਪ੍ਰਬੰਧਕ ਅਤੇ ਲੇਖਕ ਵਜੋਂ ਜਾਣੇ ਜਾਂਦੇ ਸਨ। ਗੁਰਬਾਣੀ ਦੇ ਆਚਾਰੀਆ ਅਤੇ ਸਕੂਲ ਹੈੱਡਮਾਸਟਰੀ ਤੋਂ ਯੂਨੀਵਰਸਿਟੀ ਦੀ ਵਾਈਸ ਚਾਂਸਲਰੀ ਤੱਕ ਆਪ ਨੇ ਕਈ ਮਹੱਤਵਪੂਰਨ ਅਹੁਦਿਆਂ ਤੇ ਕਾਰਜ ਕੀਤਾ। ਡਾ. ਅਤਰ ਸਿੰਘ ਦੇ ਸ਼ਬਦਾਂ ਵਿੱਚ: "ਪੰਜਾਬੀ ਸਮਾਜ ਵਿੱਚ ਆਪ ਦਾ ਸਥਾਨ ਇੱਕ ਪਿਤਾਮਾ ਦਾ ਬਣ ਗਿਆ ਸੀ। ਆਪ ਦੇ ਚਲਾਣੇ ਨਾਲ ਪੰਜਾਬੀ ਜਨ ਸਮੂਹ ਵਿੱਚੋਂ ਇੱਕ ਅਜਿਹਾ ਕਰਮਯੋਗੀ ਅਲੋਪ ਹੋ ਗਿਆ ਹੈ, ਜਿਸ ਨੇ ਆਪਣੀ ਕਲਪਨਾ, ਉੱਦਮ, ਸਾਧਨਾ ਤੇ ਪ੍ਰੇਰਨਾ ਨਾਲ ਪੰਜਾਬੀ ਨੂੰ ਮੱਧਕਾਲ 'ਚੋਂ ਕੱਢ ਕੇ ਆਧੁਨਿਕ ਕਾਲ ਵਿੱਚ ਪ੍ਰਵੇਸ਼ ਕਰਨ ਲਈ ਅਗਵਾਈ ਦਿੱਤੀ ਸੀ।"

 

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Vice Chancellor of Punjabi University Dr Bhai Jodh Singh