ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਲੁਧਿਆਣਾ ਵੀ ਇਸ ਤੋਂ ਅਛੂਤਾ ਨਹੀਂ ਹੈ। ਲੁਧਿਆਣਾ 'ਚ ਅੱਜ ਬੁੱਧਵਾਰ ਨੂੰ 5 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਫ਼ੋਕਲ ਪੁਆਇੰਟ ਸਥਿੱਤ ਇੱਕ ਟਾਇਰ ਬਣਾਉਣ ਵਾਲੀ ਫ਼ੈਕਟਰੀ 'ਚ ਕੰਮ ਕਰਦੇ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਿੱਤੀ।
ਡਾ. ਬੱਗਾ ਨੇ ਦੱਸਿਆ ਕਿ ਕੁਲ 102 ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 5 ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਇਹ ਜਿਹੜੇ 5 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਮਿਲੇ ਹਨ, ਉਹ ਕ੍ਰਿਸ਼ਚਨ ਮੈਡੀਕਲ ਕਾਲਜ ਤੇ ਹਸਪਤਾਲ 'ਚ ਦਾਖ਼ਲ 65 ਸਾਲਾ ਬਜ਼ੁਰਗ ਦੇ ਸੰਪਰਕ 'ਚ ਆਏ ਸਨ। ਇਸ ਤੋਂ ਪਹਿਲਾਂ ਬਜ਼ੁਰਗ ਦੀ ਪਤਨੀ ਅਤੇ ਬੇਟੇ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਹੁਣ ਲੁਧਿਆਣਾ 'ਚ ਕੁਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 141 ਹੋ ਗਈ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਲੁਧਿਆਣਾ 'ਚ ਹੀ ਆਰਪੀਐਫ ਦੇ 14 ਜਵਾਨ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟਰੇਨਾਂ 'ਚ ਡਿਊਟੀ ਦੇ ਰਹੇ ਸਨ। ਟਰੇਨ ਦੇ ਸਫ਼ਰ 'ਚ ਇਨ੍ਹਾਂ ਦੇ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ। ਅਜਿਹੇ 'ਚ ਕੋਰੋਨਾ ਵਾਇਰਸ ਵੱਡੀ ਗਿਣਤੀ 'ਚ ਮਜ਼ਦੂਰਾਂ 'ਚ ਫੈਲਣ ਦਾ ਡਰ ਵੀ ਜਤਾਇਆ ਜਾ ਰਿਹਾ ਹੈ। ਇਹ ਸਾਰੇ ਜਵਾਨ ਦਿੱਲੀ ਨਾਲ ਸਬੰਧਤ ਹਨ।
ਪੰਜਾਬ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1919 ਹੋਇਆ :
ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਿਕ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1919 ਹੋ ਗਈ ਹੈ ਅਤੇ ਹੁਣ ਤਕ ਕੋਰੋਨਾ ਵਾਇਰਸ ਨਾਲ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1715 ਹੈ ਅਤੇ ਕੋਰੋਨਾ ਪਾਜ਼ੀਟਿਵ 171 ਮਰੀਜ਼ ਠੀਕ ਹੋ ਚੁੱਕੇ ਹਨ। ਬੀਤੇ ਦਿਨ ਮੰਗਲਵਾਰ ਨੂੰ ਸੂਬੇ ਦੇ 7 ਜਿਲ੍ਹਿਆਂ 'ਚ ਕੋਰੋਨਾ ਦੇ 37 ਨਵੇਂ ਕੇਸ ਸਾਹਮਣੇ ਆਏ ਸਨ। ਇਨ੍ਹਾਂ 'ਚ 8 ਫ਼ਤਿਹਗੜ੍ਹ ਸਾਹਿਬ, 1 ਪਟਿਆਲਾ, 1 ਫਾਜਿਲਕਾ, 9 ਜਲੰਧਰ, 16 ਲੁਧਿਆਣਾ, 1 ਅੰਮ੍ਰਿਤਸਰ ਤੇ 1 ਕਪੂਰਥਲਾ 'ਚ ਮਿਲਿਆ ਹੈ।