ਪੰਜਾਬ 'ਚ ਰੋਜ਼ਾਨਾ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਬੇਸ਼ੱਕ ਕੋਰੋਨਾ ਪੀੜਤਾਂ ਦੇ ਠੀਕ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਪਰ ਸਾਰੇ ਹਾਲਾਤਾਂ ਦੇ ਬਾਵਜੂਦ ਕੋਰੋਨਾ ਅਜੇ ਵੀ ਚਿੰਤਾਜਨਕ ਵਿਸ਼ਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 347 ਹੋ ਗਈ ਹੈ।
ਇਸ ਵਿਚਕਾਰ ਹੁਣ ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ ਤੋਂ ਪਰਤ ਰਹੀ ਸੰਗਤ ਪੰਜਾਬ 'ਚ ਵੱਡਾ ਕੋਰੋਨਾ ਖ਼ਤਰਾ ਪੈਦਾ ਕਰ ਸਕਦੀ ਹੈ। ਇਸ ਜੱਥੇ 'ਚੋਂ ਪਰਤੇ ਸ਼ਰਧਾਲੂਆਂ 'ਚ ਅੱਜ 5 ਹੋਰ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ 'ਚ ਤਿੰਨ ਮਾਮਲੇ ਹੁਸ਼ਿਆਰਪੁਰ ਅਤੇ ਦੋ ਮਾਮਲੇ ਫ਼ਰੀਦਕੋਟ ਜ਼ਿਲ੍ਹੇ 'ਚ ਸਾਹਮਣੇ ਆਏ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮੋਰਾਂਵਾਲੀ ਪੰਜਾਬ ਦਾ ਦੂਜਾ ਕੋਰੋਨਾਗ੍ਰਸਤ ਪਿੰਡ ਸੀ ਜਿੱਥੇ ਇੱਕੋ ਪਰਿਵਾਰ ਦੇ ਚਾਰ ਜੀਆਂ ਸਮੇਤ ਪੰਜ ਵਿਅਕਤੀ ਕੋਰੋਨਾਗ੍ਰਸਤ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਹਰਭਜਨ ਸਿੰਘ ਦੀ ਮੌਤ ਵੀ ਹੋ ਚੁੱਕੀ ਹੈ। ਬੀਤੇ ਦਿਨੀਂ ਪਿੰਡ ਮੋਰਾਂਵਾਲੀ ਦੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਟੈਂਪੂ ਟਰੈਵਲ ਰਾਹੀਂ ਪਿੰਡ ਲੈ ਕੇ ਆਉਣ ਵਾਲੇ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਹਜ਼ੂਰ ਸਾਹਿਬ ਤੋਂ ਪਰਤੇ ਇਸੇ ਪਿੰਡ ਦੀਆਂ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਅੱਜ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਉੱਧਰ ਫ਼ਰੀਦਕੋਟ ਦੇ ਪਿੰਡ ਸੰਧਵਾਂ 'ਚ ਬੀਤੀ ਦਿਨ ਸ੍ਰੀ ਨਾਂਦੇੜ ਸਾਹਿਬ ਤੋਂ ਆਏ ਦੋ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਦੋਵੇਂ 60 ਸਾਲਾ ਉਮਰ ਦੀਆਂ ਔਰਤਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਹਨ। ਹੁਣ ਫ਼ਰੀਦਕੋਟ 'ਚ ਕੁਲ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ, ਜਦਕਿ ਇਨ੍ਹਾਂ 'ਚੋਂ ਇੱਕ ਮਰੀਜ਼ ਨੂੰ ਇਲਾਜ ਤੋਂ ਬਾਅਦ ਛੁੱਟੀ ਮਿਲ ਚੁੱਕੀ ਹੈ।
ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ 20 ਲੋਕਾਂ ਦਾ ਜੱਥਾ, ਜੋ ਹਜੂਰ ਸਾਹਿਬ ਤੋਂ ਫ਼ਰੀਦਕੋਟ ਪਹੁੰਚਿਆ ਹੈ, ਉਨ੍ਹਾਂ 'ਚੋਂ 2 ਦੀ ਰਿਪੋਰਟ ਆ ਗਈ ਹੈ, ਜਦਕਿ ਬਾਕੀ 18 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਜ਼ਿਲ੍ਹੇ 'ਚ ਕੁਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਹਜੂਰ ਸਾਹਿਬ ਤੋਂ ਵਾਪਸ ਲਿਆਉਣ ਮਗਰੋਂ ਸਰਕਾਰੀ ਸਕੂਲ 'ਚ ਠਹਿਰਾਇਆ ਗਿਆ ਸੀ ਅਤੇ ਹੁਣ ਇਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।