ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿਚ ਹੜ੍ਹ ਪੀੜਤ ਕਿਸਾਨਾਂ ਨੇ ਡੀਸੀ ਫਿਰੋਜ਼ਪੁਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਹੈ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਆਖਿਆ ਕਿ ਇਲਾਕਾ ਮੱਖੂ ਤੇ ਮੱਲਾਂਵਾਲਾ ਵਿਚ ਹੜਾਂ ਨੇ ਭਾਰੀ ਤਬਹਾਹੀ ਮਚਾਈ ਹੈ, ਪਿੰਡਾਂ ਦੇ ਪਿੰਡ ਉਜੜ ਚੁੱਕੇ ਹਨ, ਕਿਸਾਨਾਂ ਕੋਲ ਆਪਣੇ ਖਾਣ ਤੇ ਆਪਣੇ ਪਸ਼ੂਆਂ ਵਾਸਤੇ ਕੁਝ ਨਹੀਂ ਬਚਿਆ। ਬੇਸ਼ੱਕ ਪੰਜਾਬ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਹੱਦੋਂ ਵੱਧ ਮੱਦਦ ਕੀਤੀ ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਜੇ ਵੀ ਲੋਕਾਂ ਦੇ ਦੁੱਖ ਦਾ ਅਹਿਸਾਸ ਨਹੀਂ ਹੋਇਆ। ਨਵੇਂ ਖਰਾਬੇ ਦੇਣ ਦੀ ਗੱਲ ਤਾਂ ਦੂਰ ਰਹੀ ਜਿਨ੍ਹਾਂ ਪਿੰਡਾਂ ਵਿਚ 2018 ਵਿਚ ਪਾਣੀ ਨਾਲ ਖਰਾਬਾ ਹੋਇਆ ਸੀ ਉਹ ਮੁਆਵਜ਼ਾ ਵੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ।
ਇਸ ਸਬੰਧੀ ਪਿਛਲੇ ਦਿਨੀਂ ਪੀੜਤ ਕਿਸਾਨਾਂ ਦਾ ਵਫਦ ਏਡੀਸੀ ਫਿਰੋਜ਼੍ਰਪੁਰ ਨੂੰ ਮਿਲਿਆ ਸੀ ਤੇ ਏਡੀਸੀ ਨੇ ਸਾਫ ਆਖਿਆ ਸੀ ਕਿ ਖਰਾਬੇ ਦੇ ਪੈਸੇ ਸਰਕਾਰ ਵੱਲੋਂ ਆ ਚੁੱਕੇ ਹਨ ਤੇ ਛੇਤੀ ਹੀ ਦੇ ਦਿੱਤੇ ਜਾਣਗੇ, ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਲਟਾ ਜਥੇਬੰਦੀ ਦੀ ਅਗਵਾਈ ਵਿਚ ਡੀਸੀ ਫਿਰੋਜ਼ਪੁਰ ਨੂੰ ਸਮਾਂ ਲੈ ਕੇ ਮਿਲਣ ਆਏ ਹੜ੍ਹ ਪੀੜਤ ਕਿਸਾਨਾਂ ਨੂੰ ਡੀਸੀ ਫਿਰੋਜ਼ਪੁਰ ਨੇ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ।
ਆਗੂਆਂ ਨੇ ਆਖਿਆ ਕਿ ਲੱਗਾ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਿਨ੍ਹਾਂ ਚਿਰ ਕਿਸਾਨਾਂ ਦੀਆਂ ਮੰਗਾਂ, ਪੁਰਾਣੇ ਮੁਆਵਜ਼ੇ ਤੁਰੰਤ ਦਿੱਤੇ ਜਾਣ, ਹੁਣ ਵਾਲੇ ਖਰਾਬੇ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ, ਬੈਂਕਾਂ ਵੱਲੋਂ ਅਦਾਲਤਾਂ ਵਿਚ ਕਿਸਾਨਾਂ ਦੇ ਲਾਏ ਕੇਸ ਵਾਪਸ ਲਏ ਜਾਣ, ਜਿਨ੍ਹਾਂ ਚਿਰ ਮੰਗਾਂ ਨਾ ਮੰਨੀਆਂ ਗਈਆਂ ਧਰਨਾ ਉਨੀਂ ਦੇਰ ਜਾਰੀ ਰੱਖਿਆ ਜਾਵੇਗਾ।
ਅੱਜ ਦੇ ਧਰਨੇ ਨੂੰ ਜਰਨੈਲ ਸਿੰਘ, ਸੁਖਵੀਰ ਸਿੰਘ ਬੱਲ, ਜਗਦੇਵ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਬੋਹੜ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਅਨੌਖ ਸਿੰਘ, ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।
.