ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮਿਸ਼ਨ ਤੰਦਰੁਸਤ ਪੰਜਾਬ’ ਦੀ ਇਹ ਕੋਸ਼ਿਸ਼ ਵਧਾ ਦੇਵੇਗੀ ਵਪਾਰੀਆਂ ਦੀ ਆਮਦਨ

-------ਪੰਜਾਬ ਦੇ ਫੂਡ ਵਪਾਰੀਆਂ ਨੂੰ ਮਿਲੇਗੀ ਸ਼ੁੱਧਤਾ ਤੇ ਗੁਣਵੱਤਾ ਦੀ ਟ੍ਰੇਨਿੰਗ-------

 

ਪੰਜਾਬ ਦੇ ਸਾਰੇ ਲਾਇਸੰਸਡ/ਰਜਿਸਟਰਡ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਿਖਲਾਈ ਦੇਣ ਦੀ ਮੁਹਿੰਮ ਆਰੰਭੀ ਗਈ ਹੈ। ਇਹ ਕਦਮ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਡਾਇਰੈਕਟੋਰੇਟ ਵਲੋਂ ਚੁਕਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤੀ ਜਾ ਰਹੀ ਇਹ ਕੋਸ਼ਿਸ਼ ਸੂਬੇ ਦੇ ਵਪਾਰੀਆਂ ਦੀ ਆਮਦਨ ਕਈ ਗੁਣਾ ਵਧਾ ਦੇਵੇਗੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਪੰਜਾਬ ਦੇ ਫੂਡ ਸੇਫਟੀ ਕਮਿਸ਼ਨਰ ਕੇ.ਐਸ. ਪੰਨੂੰ ਤੋਂ ਮਿਲੀ ਜਾਣਕਾਰੀ ਮੁਤਾਬਕ ਐਫ.ਐਸ.ਐਸ.ਏ.ਆਈ. ਨਾਲ ਰਜਿਸਟਰਡ 10 ਕੰਪਨੀਆਂ ਨੂੰ ਟ੍ਰੇਨਿੰਗ ਲਈ ਚੁਣਿਆ ਗਿਆ ਹੈ ਅਤੇ ਹਰੇਕ ਕੰਪਨੀ ਨੂੰ ਔਸਤਨ ਦੋ-ਤਿੰਨ ਜ਼ਿਲਿਆਂ ਵਿੱਚ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਹੈ।

 

ਕੇ.ਐਸ. ਪੰਨੂੰ ਨੇ ਕਿਹਾ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ, ਖੁਰਾਕ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣਾ ਸਾਰੇ ਫੂਡ ਬਿਜਨਸ ਆਪਰੇਟਰਾਂ (ਐਫ.ਬੀ.ਓਜ਼.) ਲਈ ਜ਼ਰੂਰੀ ਹੈ। ਜਿੱਥੇ ਖਾਧ ਪਦਾਰਥਾਂ ਦਾ ਕੰਮ ਚੱਲ ਰਿਹਾ ਹੋਵੇ, ਉੱਥੇ ਖਾਣ ਅਤੇ ਪੀਣ ਵਾਲੇ ਪਦਾਰਥਾਂ ਨੂੰ ਬਣਾਉਣ, ਵਰਤਾਉਣ, ਵੇਚਣ ਅਤੇ ਉੁਨ੍ਹਾਂ ਦੀ ਢੋਆ-ਢੁਆਈ ਵਿੱਚ ਲੱਗੇ ਕਾਮਿਆਂ ਦੀ ਨਿੱਜੀ ਸਫਾਈ ਅਤੇ ਨਾਲ ਹੀ ਕੰਮ ਵਾਲੀ ਥਾਂ ਦੀ ਸਫਾਈ ਰੱਖਣੀ ਵੀ ਲਾਜ਼ਮੀ ਹੈ।

 

ਪੰਨੂੰ ਨੇ ਅੱਗੇ ਦੱਸਿਆ ਕਿ ਖਾਣਾ ਪਕਾਉਣ/ਬਣਾਉਣ, ਭੰਡਾਰਣ, ਵਰਤਾਉਣ, ਵੇਚਣ, ਢੋਆ-ਢੁਆਈ, ਕਰਮਚਾਰੀਆਂ ਦੀ ਨਿੱਜੀ ਸਫਾਈ ਅਤੇ ਉਸ ਥਾਂ ਦੀ ਸਫ਼ਾਈ ਦੇ ਮਾਮਲੇ ਵਿੱਚ ਕੋਈ ਵੀ ਕਮੀ ਪਾਏ ਜਾਣ 'ਤੇ, ਖਪਤਕਾਰਾਂ ਦੀ ਸਿਹਤ ਨੂੰ ਤਾਂ ਖਤਰਾ ਹੁੰਦਾ ਹੀ ਹੈ ਤੇ ਨਾਲ ਹੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀਆਂ ਧਾਰਾਵਾਂ ਤਹਿਤ, ਕਾਰੋਬਾਰੀਆਂ ਨੂੰ ਦੋਸ਼ੀ  ਹੋਣ 'ਤੇ ਜੁਰਮਾਨਾ ਲਗਾਇਆ ਅਤੇ ਸਜ਼ਾ ਦਿੱਤੀ ਜਾਂਦੀ ਹੈ।

 

ਕਮਿਸ਼ਨਰ ਨੇ ਅੱਗੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਸੁਰੱਖਿਆ, ਗੁਣਵੱਤਾ ਮਾਨਕਾਂ, ਨਿੱਜੀ ਸਫਾਈ ਅਤੇ ਸਫਾਈ ਨਾਲ ਸਬੰਧਤ ਫੂਡ ਬਿਜਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਇਸ ਸਬੰਧੀ ਜ਼ਰੂਰੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।

 

ਇਸ ਤੋਂ ਇਲਾਵਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 16 (3) (ਐਚ) ਦੇ ਤਹਿਤ, ਖੁਰਾਕ ਕਾਰੋਬਾਰੀਆਂ ਜਾਂ ਉਨ੍ਹਾਂ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਗਈ ਹੈ। ਐਫ.ਐਸ.ਐਸ.ਏ.ਆਈ. ਨੇ 25 ਅਪ੍ਰੈਲ 2018 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਤਹਿਤ ਖੁਰਾਕ ਪਦਾਰਥਾਂ ਨਾਲ ਸਬੰਧਤ ਕਾਰੋਬਾਰ ਦਾ ਲਾਇਸੰਸ ਲੈਣ ਵਾਲੇ ਖੁਰਾਕ ਵਪਾਰੀਆਂ ਲਈ ਸਿਖਲਾਈ ਲੈਣਾ ਲਾਜ਼ਮੀ ਕੀਤਾ ਗਿਆ ਸੀ।

 

ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਇਸ ਮੁਹਿੰਮ ਤਹਿਤ ਸੂਬੇ ਵਿਚ ਕੰਮ ਕਰਨ ਵਾਲੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਘੱਟੋ-ਘੱਟ ਇੱਕ ਨੁਮਾਇੰਦੇ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਕਿਹਾ ਕਿ ਐਫ.ਡੀ.ਏ.ਸਟਾਫ, ਸਿਹਤ ਇੰਸਪੈਕਟਰ, ਬਹੁ-ਮੰਤਵੀ ਸਿਹਤ ਕਰਮਚਾਰੀ ਅਤੇ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਫੂਡ ਬਿਜਨੇਸ ਆਪਰੇਟਰਾਂ ਨੂੰ ਨਿੱਜੀ ਪੱਧਰ 'ਤੇ ਜਾਂ ਕਿਸੇ ਪ੍ਰਤੀਨਿਧ ਰਾਹੀਂ ਸਿਖਲਾਈ ਵਿਚ ਹਿੱਸਾ ਲੈਣ ਲਈ ਪ੍ਰੇਰ ਰਹੇ ਹਨ ਤਾਂ ਜੋ ਪੰਜਾਬ ਵਿੱਚ ਵਰਤਾਏ ਜਾਣ ਵਾਲੇ ਭੋਜਨ ਦੀ ਗੁਣਵੱਤਾ ਅਤੇ ਸਫਾਈ ਦੇ ਮਿਆਰ ਵਿੱਚ ਸੁਧਾਰ ਕੀਤਾ ਜਾ ਸਕੇ। ਆਉਣ ਵਾਲੇ ਦਿਨਾਂ ਵਿੱਚ ਵਿਭਾਗ ਦੇ ਅਧਿਕਾਰੀ ਅਤੇ ਟ੍ਰੇਨਿੰਗ ਸਹਿਭਾਗੀ ਇਸ ਮੰਤਵ ਲਈ ਫੂਡ ਬਿਜਨੇਸ ਆਪਰੇਟਰਾਂ ਨਾਲ ਸੰਪਰਕ ਕਰਨਗੇ।

 

ਪੰਨੂੰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਐਫ.ਬੀ.ਓ. ਫੂਡ ਸੇਫਟੀ ਦੇ ਜ਼ਿਲ੍ਹਾਂ ਪੱਧਰੀ ਅਧਿਕਾਰੀ ਜਾਂ ਸਿਵਲ ਸਰਜਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਸਿਖਲਾਈ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਭੋਜਨ ਮੁਹੱਈਆ ਕਰਨ ਦੇ ਸਾਰੇ ਪਹਿਲੂਆਂ 'ਤੇ ਧਿਆਨ ਕੇਂਦਰਤ ਕਰੇਗੀ।

 

ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਭੋਜਨ ਪਕਾਉਣ ਸਬੰਧੀ ਨੁਕਤੇ, ਕੰਮ ਵਾਲੀ ਥਾਂ ਅਤੇ ਕਾਮਿਆਂ ਦੀ ਸਫ਼ਾਈ ਦੇ ਨਾਲ ਨਾਲ ਐਫ.ਐਸ.ਐਸ.ਏ.ਆਈ. ਵੱਲੋਂ ਮਨਾਹੀ ਵਾਲੀ ਭੋਜਨ ਸਮੱਗਰੀ ਦੀ ਵਰਤੋਂ 'ਤੇ ਰੋਕ ਸਬੰਧੀ ਐਫ.ਬੀ.ਓਜ਼ ਨੂੰ ਜਾਣੂੰ ਕਰਵਾਇਆ ਜਾਵੇਗਾ।

 

ਪੰਨੂੰ ਨੇ ਕਿਹਾ ਕਿ ਇਸ ਸਿਖਲਾਈ ਦੀ ਫੀਸ 600/-ਰੁਪਏ ਹੋਵੇਗੀ ਜਿਸ ਦਾ ਭੁਗਤਾਨ ਫੂਡ ਬਿਜਨੇਸ ਆਪਰੇਟਰ ਨੂੰ ਕਰਨਾ ਪਵੇਗਾ ਪਰ ਰੇਹੜੀ ਵਾਲਿਆਂ ਨੂੰ ਇਹ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Food retailers of Punjab will get impartiality and quality training