ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਜਾਣ ਦੀ ਥਾਂ ਸਗੋਂ ਠੱਗੇ ਗਏ ਲੋਕ, ਮੋਹਾਲੀ ਚ ਕਈ ਇਮੀਗ੍ਰੇਸ਼ਨ ਘੁਟਾਲੇ

ਮੋਹਾਲੀ `ਚ ਕਈ ਇਮੀਗ੍ਰੇਸ਼ਨ ਘੁਟਾਲੇ

-- ਔਰਤਾਂ ਕਰਦੀਆਂ ਰਹੀਆਂ ਇਮੀਗ੍ਰੇਸ਼ਨ ਧੋਖਾਧੜੀਆਂ

-- ਜਾਣੋ ਕੁਝ ਪੀੜਤਾਂ ਦੇ ਦੁੱਖ

 

 

ਅੰਕੜੇ ਸੱਚਮੁਚ ਪਰੇਸ਼ਾਨ ਕਰ ਦੇਣ ਵਾਲੇ ਹਨ। ਮੋਹਾਲੀ ਪੁਲਿਸ ਨੂੰ ਟਰੈਵਲ ਏਜੰਟਾਂ ਖਿ਼ਲਾਫ਼ ਰੋਜ਼ਾਨਾ ਪੰਜ ਸਿ਼ਕਾਇਤਾਂ ਮਿਲ ਰਹੀਆਂ ਹਨ। ਪੜ੍ਹੇ-ਲਿਖੇ ਲੋਕਾਂ ਦੇ ਇਸ ਸ਼ਹਿਰ ਲਈ ਇਹ ਗਿਣਤੀ ਬਹੁਤ ਜਿ਼ਆਦਾ ਹੈ ਪਰ ਰਾਤੋਂ-ਰਾਤ ਗ਼ਰੀਬਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਤੇ ਉਨ੍ਹਾਂ ਨੂੰ ਉੱਥੇ ਸੈਟਲ ਕਰਨ ਦੇ ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਇਹ ਟਰੈਵਲ ਏਜੰਟ ਉਨ੍ਹਾਂ ਤੋਂ ਕਿਵੇਂ ਨਾ ਕਿਵੇਂ ਮੋਟੀਆਂ ਰਕਮਾਂ ਲੁੱਟਣ ਵਿੱਚ ਕਾਮਯਾਬ ਹੋ ਹੀ ਜਾਂਦੇ ਹਨ।

ਮੋਹਾਲ ਪੁਲਿਸ ਦੇ ਸੀਆਈਏ ਵਿੰਗ ਵੱਲੋਂ ਬੀਤੇ ਦਿਨੀਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਅਜਿਹੀਆਂ ਠੱਗੀਆਂ ਦਾ ਜਿਊਂਦਾ-ਜਾਗਦਾ ਸਬੂਤ ਹਨ। ਇੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਜਿ਼ਲ੍ਹੇ ਵਿੱਚ ਧੋਖੇਬਾਜ਼ ਇਮੀਗ੍ਰੇਸ਼ਨ ਫ਼ਰਮਾਂ ਕਿਵੇਂ ਵੱਡੀ ਗਿਣਤੀ ਵਿੱਚ ਆਮ ਜਨਤਾ ਨਾਲ ਧੋਖਾਧੜੀਆਂ ਕਰ ਰਹੀਆਂ ਹਨ।

ਇਮੀਗ੍ਰੇਸ਼ਨ ਧੋਖਾਧੜੀਆਂ ਦੀ ਨਿੱਤ ਵਧਦੀ ਜਾ ਰਹੀ ਗਿਣਤੀ ਤੋਂ ਚਿੰਤਤ ਹੋ ਕੇ ਬੀਤੇ ਵਰ੍ਹੇ ਨਵੰਬਰ ਮਹੀਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਪੁਲਿਸ ਨੂੰ ਇਹ ਪਤਾ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਕੀ ਇਹ ਸਾਰੀਆਂ ਏਜੰਸੀਆਂ ਰਜਿਸਟਰਡ ਹਨ। ਅਦਾਲਤ ਨੇ ਪੁਲਿਸ ਨੂੰ ਨਾ ਸਿਰਫ਼ ਅਖ਼ਬਾਰਾਂ `ਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦੇ ਆਧਾਰ `ਤੇ ਅਜਿਹੀਆਂ ਫ਼ਰਮਾਂ ਦੀ ਪੜਤਾਲ ਕਰਨ ਦੀ ਹਦਾਇਤ ਜਾਰੀ ਕੀਤੀ ਸੀ, ਸਗੋਂ ਆਮ ਮੋਟਰਾਂ-ਗੱਡੀਆਂ `ਤੇ ਲੱਗੇ ਪੋਸਟਰਾਂ ਦਾ ਵੀ ਪਿੱਛਾ ਕਰਨ ਲਈ ਕਿਹਾ ਸੀ।


ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਸਲਾਹਕਾਰ
ਇਸ ਤੋਂ ਬਾਅਦ ਮੋਹਾਲੀ ਪ੍ਰਸ਼ਾਸਨ ਨੇ ਆਪਣੇ ਕੋਲ ਰਜਿਸਟਰਡ 156 ਇਮੀਗ੍ਰੇਸ਼ਨ ਸਲਾਹਕਾਰਾਂ/ਫ਼ਰਮਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਡਿਪਟੀ ਕਮਿਸ਼ਨਰ ਦਫ਼ਤਰ `ਚ ਮੌਜੂਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਅਸਲ ਗਿਣਤੀ 700 ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਾਰਾ ਦੋਸ਼ ਵੱਡੀ ਗਿਣਤੀ `ਚ ਪੰਜਾਬੀਆਂ ਦੀ ਵਿਦੇਸ਼ ਜਾ ਕੇ ਵੱਸਣ ਦੀ ਤੀਬਰ ਇੱਛਾ ਦੱਸਿਆ। ਇਸੇ ਕਰ ਕੇ ਉਹ ਅਜਿਹੇ ਸੁਫ਼ਨੇ ਵਿਖਾਉਣ ਵਾਲਿਆਂ ਦੇ ਸਿ਼ਕੰਜੇ ਵਿੱਚ ਜਾ ਫਸਦੇ ਹਨ।

ਪੰਜਾਬ ਪੁਲਿਸ ਨੇ ਪਿੱਛੇ ਜਿਹੇ ਟਵਿਟਰ `ਤੇ ਆਮ ਲੋਕਾਂ ਨੂੰ ਜਾਅਲੀ ਇਮੀਗ੍ਰੇਸ਼ਨ ਏਜੰਸੀਆਂ ਤੋਂ ਚੌਕਸ ਰਹਿਣ ਅਤੇ ਇਸ ਪ੍ਰਤੀ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਇੱਕ ਮੁਹਿੰਮ ਚਲਾਈ ਸੀ। ਇਸ ਰਾਹੀਂ ਲੋਕਾਂ ਨੂੰ ਇਹੋ ਸਮਝਾਇਆ ਜਾਂਦਾ ਹੈ ਕਿ ਉਹ ਸਿਰਫ਼ ਪ੍ਰਮਾਣਿਤ ਤੇ ਰਜਿਸਟਰਡ ਪ੍ਰਤੀਨਿਧਾਂ ਤੱਕ ਹੀ ਪਹੁੰਚ ਕਰਨ ਤੇ ਜਾਅਲੀ ਜਾਣਕਾਰੀ ਵਾਲੀ ਅਰਜ਼ੀ `ਤੇ ਕਦੇ ਵੀ ਹਸਤਾਖਰ ਨਾ ਕਰਨ।

ਸੀਆਈਏ ਇੰਚਾਰਜ ਤਰਲੋਚਨ ਸਿੰਘ ਨੇ ਸਾਰਾ ਦੋਸ਼ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ `ਤੇ ਮੜ੍ਹਦਿਆਂ ਕਿਹਾ ਕਿ ਹੁਣ ਪੁਲਿਸ ਗ਼ੈਰ-ਕਾਨੂੰਨੀ ਏਜੰਟਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਖਿ਼ਲਾਫ਼ ਮਾਮਲੇ ਦਰਜ ਕਰ ਰਹੀ ਹੈ।

ਵਿਦੇਸ਼ ਭੇਜਣ ਦੇ ਬਹਾਨੇ ਲੋਕਾਂ ਨੂੰ ਕਥਿਤ ਤੌਰ `ਤੇ ਲੁੱਟਣ ਵਾਲੀ ਡੌਲੀ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਵੀ ਅਜਿਹੀਆਂ ਧੋਖਾਧੜੀਆਂ ਵਿੱਚ ਸ਼ਾਮਲ ਹੋ ਰਹੀਆਂ ਹਨ। ਜੈੱਟ ਇਮੀਗ੍ਰੇਸ਼ਨ ਫ਼ਰਮ ਦੇ ਮਾਲਕ ਦੀਪਕ ਅਰੋੜਾ ਦੀ ਪਤਨੀ ਡੌਲੀ ਵੱਲੋਂ ਆਪਣੀ ਫ਼ਰਮ ਘਰੋਂ ਹੀ ਚਲਾਈ ਜਾ ਰਹੀ ਸੀ। ਇਹ ਫ਼ਰਮ ਹੁਣ 30 ਮਾਮਲਿਆਂ ਵਿੱਚ ਦੋਸ਼ੀ ਹੈ।

ਪਹਿਲਾਂ, ਮੋਹਾਲੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਧਰਮਸ਼ਾਲਾ ਦੀ ਸ਼ਾਲਿਨੀ ਕਪੂਰ ਨੂੰ ਵੀ ਅਜਿਹੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਸੀ। ਉਹ ਵੀ ਆਪਣੇ ਫ਼ੇਸ 9, ਮੋਹਾਲੀ ਸਥਿਤ ਘਰੋਂ ਹੀ ਆਪਣੀ ਫ਼ਰਮ ‘ਵਰਲਡ ਕਲਾਸ ਇੰਟਰਪ੍ਰਾਈਜ਼ਸ ਪ੍ਰਾਈਵੇਟ ਲਿਮਿਟੇਡ` ਚਲਾ ਰਹੀ ਸੀ।

ਦੋ ਵਰ੍ਹੇ ਪਹਿਲਾਂ ਨੀਨਾ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਉੱਤੇ ਵਿਦੇਸ਼ ਭੇਜਣ ਦੇ ਬਹਾਨੇ 65 ਵਿਅਕਤੀਆਂ ਨੂੰ ਠੱਗਣ ਦੇ ਦੋਸ਼ ਅਦਾਲਤ `ਚ ਸਿੱਧ ਹੋਏ ਸਨ, ਜਿਸ ਕਰ ਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ। ਬੀਏ ਪਾਸ ਨੀਨਾ ਇੱਕ ਸਾਲ ਤੱਕ ਪੁਲਿਸ ਤੋਂ ਬਚਦੀ ਰਹੀ ਸੀ। ਆਖ਼ਰ ਸਤੰਬਰ 2012 `ਚ ਉਸ ਨੂੰ ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਮੋਹਾਲੀ ਤੋਂ ਦੋ ਫ਼ਰਮਾਂ ਚਲਾਉਂਦੀ ਸੀ - ਇੱਕ ਸੀ ਸੈਕਟਰ 70 ਦੀ ਸਾਈਂ ਕ੍ਰਿਪਾ ਅਤੇ ਫ਼ੇਸ 7, ਮੋਹਾਲੀ  ਤੋਂ ਗੁਰੂ ਕ੍ਰਿਪਾ ਇੰਟਰਪ੍ਰਾਈਜ਼ਸ।

ਐਡਵੋਕੇਟ ਅਮਿਤ ਕੁਮਾਰ ਨੇ ਇਸ ਮਾਮਲੇ `ਤੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਔਰਤਾਂ ਤੋਂ ਸਿਰਫ਼ ਕਿਸੇ ਨੂੰ ਆਪਣੇ ਪਿੱਛੇ ਲਾਉਣ ਜਾਂ ਕੋਈ ਸਾਮਾਨ ਇੱਧਰ ਤੋਂ ਉੱਧਰ ਲਿਜਾਣ ਜਿਹੇ ਕੰਮ ਹੀ ਲਏ ਜਾਂਦੇ ਸਨ ਪਰ ਹੁਣ ਉਹ ਇਮੀਗ੍ਰੇਸ਼ਨ ਜਿਹੇ ਜੁਰਮ ਆਪ ਕਰ ਰਹੀਆਂ ਹਨ।

ਐਡਵੋਕੇਟ ਰਾਜੀਵ ਦੁੱਗਲ ਨੇ ਕਿਹਾ ਕਿ ਔਰਤਾਂ ਬੜੀ ਵਧੀਆ ਰਣਨੀਤੀ ਉਲੀਕ ਲੈਂਦੀਆਂ ਹਨ, ਸ਼ਾਇਦ ਇਸੇ ਲਈ ੳਹ ਹੁਣ ਇਮੀਗ੍ਰੇਸ਼ਨ ਧੋਖਾਧੜੀਆਂ ਦੇ ਕਾਰੋਬਾਰ `ਚ ਪੈ ਗਈਆਂ ਹਨ ਕਿਉਂਕਿ ਲੋਕ ਉਨ੍ਹਾਂ `ਤੇ ਆਸਾਨੀ ਨਾਲ ਭਰੋਸਾ ਕਰ ਲੈਂਦੇ ਹਨ।

 


ਕੁਝ ਪੀੜਤਾਂ ਦੇ ਦੁਖੜੇ
ਜ਼ਮੀਨ ਵਿਕ ਗਈ ਪਰ ਵੀਜ਼ਾ ਨਾ ਮਿਲਿਆ


ਲੁਧਿਆਣਾ ਦੇ ਪਿੰਡ ਗਹਿਲੋਵਾਲ ਦੇ ਦਾਰਾ ਸਿੰਘ ਅਤੇ ਜਸਪ੍ਰੀਤ ਸਿੰਘ ਦੋਵਾਂ ਨੇ ਆਪਣਾ ਦੁਬਈ ਦਾ ਵਰਕ-ਵੀਜ਼ਾ ਲਗਵਾਉਣ ਲਈ ਧਨ ਇਕੱਠਾ ਕਰਨ ਵਾਸਤੇ ਆਪਣੀ ਜ਼ਮੀਨ ਗਹਿਣੇ ਧਰ ਦਿੱਤੀ ਸੀ। ਉਨ੍ਹਾਂ ਨੇ ਇਹ ਰਕਮ ਮੋਹਾਲੀ ਦੇ ਇੱਕ ਟ੍ਰੈਵਲ ਏਜੰਟ ਨੂੰ ਦਿੱਤਾ ਸੀ। ਜਸਪ੍ਰੀਤ ਨੇ ਦੱਸਿਆ,‘ਅਸੀਂ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧਤ ਹਾਂ, ਅਸੀਂ ਸੋਚਿਆ ਸੀ ਕਿ ਅਸੀਂ ਦੁਬਈ `ਚ ਕੰਮ ਕਰ ਕੇ ਇੱਕ ਸਾਲ ਦੇ ਅੰਦਰ ਇਹ ਸਾਰਾ ਕਰਜ਼ਾ ਲਾਹ ਦੇਵਾਂਗੇ।` ਏਜੰਟ ਨੇ ਦੋਵਾਂ ਤੋਂ 60-60 ਹਜ਼ਾਰ ਰੁਪਏ ਮੰਗੇ ਸਨ। ਇਹੋ ਰਕਮ ਉਨ੍ਹਾਂ ਜ਼ਮੀਨ ਗਿਰਵੀ ਰੱਖ ਕੇ ਇਕੱਠੀ ਕੀਤੀ ਸੀ। ਉਨ੍ਹਾਂ ਪਿਛਲੇ ਵਰ੍ਹੇ ਏਜੰਟ ਨੂੰ 1.20 ਲੱਖ ਰੁਪਏ ਅਦਾ ਕੀਤੇ ਸਨ। ਫਿਰ ਉਹ ਉਡੀਕ ਕਰਦੇ ਰਹੇ ਪਰ ਜਦੋਂ ਅੱਠ ਮਹੀਨਿਆਂ ਪਿੱਛੋਂ ਵੀ ਕੁਝ ਨਾ ਬਣਿਆ, ਤਾਂ ਉਨ੍ਹਾਂ ਅਗਸ 2017 `ਚ ਮੋਹਾਲੀ ਦੇ ਐੱਸਐੱਸਪੀ ਨੂੰ ਸਿ਼ਕਾਇਤ ਕੀਤੀ ਸੀ। ਪੁਲਿਸ ਨੇ ਫ਼ੇਸ 2 ਦੇ ਐੱਸਐੱਸ ਏਅਰਵੇਜ਼ ਦੇ ਮੈਨੇਜਰਾਂ ਸੰਦੀਪ ਸੰਧੂ ਤੇ ਪ੍ਰੀਤ ਖਿ਼ਲਾਫ਼ ਹੁਣ ਇਮੀਗ੍ਰੇਸ਼ਨ ਕਾਨੂੰਨ ਦੇ ਨਾਲ-ਨਾਲ 406, 420 ਅਤੇ 120-ਬੀ ਅਧੀਨ ਕੇਸ ਦਰਜ ਕੀਤਾ ਹੈ।

 

ਜਾਅਲੀ ਦਸਤਾਵੇਜ਼ਾਂ ਦੇ ਆਧਾਰ `ਤੇ ਕੈਨੇਡਾ ਭੇਜ ਦਿੱਤਾ, ਨੌਜਵਾਨ ਹੁਣ ਹੈ ਜੇਲ੍ਹ ਵਿੱਚ

26 ਸਾਲਾ ਲਵਪ੍ਰੀਤ ਸਿੰਘ ਕੈਨੇਡਾ `ਚ ਸਿਰਫ਼ ਇਸ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਕਿਉਂਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ `ਤੇ ਉੱਥੋਂ ਦੇ ਇੱਕ ਕਾਲਜ ਵਿੱਚ ਦਾਖ਼ਲਾ ਲਿਆ ਸੀ। ਸਿ਼ਕਾਇਤ ਅਨੁਸਾਰ ਇੰਜੀਨੀਅਰਿੰਗ ਦੀ ਪੜ੍ਹਾਈ ਮੁਕੰਮਲ ਕਰ ਲੈਣ ਤੋਂ ਬਾਅਦ ਰੋਪੜ ਦੇ ਲਵਪ੍ਰੀਤ ਨੇ ਉਚੇਰੀ ਸਿੱਖਿਆ ਲਈ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਸੀ। ਉਸ ਨੇ ਸਟੱਡੀ ਵੀਜ਼ਾ ਲਗਵਾਉਣ ਲਈ ਇੱਕ ਇਮੀਗ੍ਰੇਸ਼ਨ ਕੰਪਨੀ ਤੱਕ ਪਹੁੰਚ ਕੀਤੀ। ਉਸ ਰਾਹੀਂ ਉਸ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲੱਗ ਗਿਆ ਤੇ ਇੱਕ ਕਾਲਜ ਤੋ਼ ਆਫ਼ਰ-ਲੈਟਰ (ਪੇਸ਼ਕਸ਼-ਪੱਤਰ) ਵੀ ਆ ਗਿਆ। ਇਮੀਗ੍ਰੇਸ਼ਨ ਏਜੰਸੀ ਨੇ ਵੀ ਕਾਲਜ ਦੀ ਫ਼ੀਸ ਲਈ ਉਸ ਨੂੰ ਰਸੀਦ ਦਿੱਤੀ ਸੀ। ਪਰ ਉਹ ਦਸਤਾਵੇਜ਼ ਕਾਲਜ ਨੇ ਜਾਅਲੀ ਐਲਾਨ ਦਿੱਤਾ ਤੇ ਉਸ ਨੂੰ ਦਾਖ਼ਲਾ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਲਵਪ੍ਰੀਤ ਨੇ ਉਸੇ ਏਜੰਸੀ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਉਸ ਨੂੰ ਕਿਸੇ ਹੋਰ ਕਾਲਜ ਦਾ ਇੱਕ ਹੋਰ ਆਫ਼ਰ-ਲੈਟਰ ਮੁਹੱਈਆ ਕਰਵਾ ਦਿੱਤਾ। ਉਨ੍ਹਾਂ ਨਵੇਂ ਦਸਤਾਵੇਜ਼ਾਂ ਦੇ ਆਧਾਰ `ਤੇ ਲਵਪ੍ਰੀਤ ਨੂੰ ਉਸ ਕਾਲਜ `ਚ ਦਾਖ਼ਲਾ ਮਿਲ ਗਿਆ। ਇੰਨੇ ਨੂੰ ਪਹਿਲੇ ਕਾਲਜ ਨੇ ਇਮੀਗ੍ਰੇਸ਼ਨ ਵਿਭਾਗ ਕੋਲ਼ ਸਿ਼ਕਾਇਤ ਕਰ ਦਿੱਤੀ ਤੇ ਉਸ ਤੋਂ ਬਾਅਦ ਬੀਤੀ 13 ਜਨਵਰੀ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ `ਚ ਉਸ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ।

 

ਦੋ ਸਾਲ ਵੀਜ਼ਾ ਉਡੀਕਦਾ ਹੋ ਗਿਆ ਸੀ ਨਿਰਾਸ਼, ਕਰ ਲਈ ਸੀ ਖ਼ੁਦਕੁਸ਼ੀ
ਦੋ ਸਾਲਾਂ ਤੱਕ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਹੱਥੋਂ ਪਰੇਸ਼ਾਨ ਹੋ ਕੇ ਸੰਗਰੂਰ ਨਿਵਾਸੀ 28 ਸਾਲਾਂ ਦੇ ਸੁਖਵੰਤ ਨੇ ਦਸੰਬਰ 2015 `ਚ ਮੋਹਾਲੀ ਦੇ ਫ਼ੇਸ 1 ਸਥਿਤ ਰੁਦਰਾਕਸ਼ ਗਰੁੱਪ ਓਵਰਸੀਜ਼ ਸਾਲਿਯੂਸ਼ਨਜ਼ ਦੇ ਦਫ਼ਤਰ ਸਸਾਹਮਣੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ। ਸੁਖਵੰਤ ਦਰਅਸਲ, ਆਪਣੇ ਉਹ ਢਾਈ ਲੱਖ ਰੁਪਏ ਵਾਪਸ ਲੈਣ ਲਈ ਮੋਹਾਲੀ ਆਇਆ ਸੀ, ਜਿਹੜੇ ਉਸ ਨੇ ਵਿਦੇਸ਼ ਜਾਣ ਲਈ ਫ਼ਰਮ ਨੂੰ ਅਦਾ ਕੀਤੇ ਸਨ। ਕੈਨੇਡਾ ਜਾਣ ਦੇ ਚਾਹਵਾਨ ਸੁਖਵੰਤ ਨੇ ਇਹ ਰਕਮ ਕਿਸੇ ਸ਼ਾਹੂਕਾਰ ਤੋਂ ਉਧਾਰ ਲਈ ਸੀ। ਜਦੋਂ ਫ਼ਰਮ ਨੇ ਉਸ ਦਾ ਧਨ ਮੋੜਨ ਤੋ਼ ਇਨਕਾਰ ਕਰ ਦਿੱਤਾ, ਤਾਂ ਉਸ ਨੇ ਦਫ਼ਤਰ ਦੇ ਬਾਹਰ ਆ ਕੇ ਜ਼ਹਿਰ ਪੀ ਲਿਆ ਸੀ। ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਫ਼ੋਨ ਕਰ ਕੇ ਆਖਿਆ ਸੀ,‘‘ਮੇਰਾ ਪਰਮਾਨੈਂਟ ਵੀਜ਼ਾ ਲੱਗ ਗਿਆ ਹੈ ਤੇ ਮੈਂ ਹਮੇਸ਼ਾ ਲਈ ਜਾ ਰਿਹਾ ਹਾਂ।`` ਤਦ ਫ਼ਰਮ ਖਿ਼ਲਾਫ਼ ਕੇਸ ਦਰਜ ਕਰ ਲਿਆ ਗਿਆ ਸੀ।


ਕਾਨੂੰਨੀ ਪੱਖ
ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲਜ਼` ਰੈਗੂਲੇਸ਼ਨ ਰੂਲਜ਼, 2013 ਰਾਹੀਂ ਹੁਣ ਸਾਰੇ ਟ੍ਰੈਵਲ ਏਜੰਟਾਂ ਜਾਂ ਟਿਕਟਿੰਗ ਦਾ ਕਾਰੋਬਾਰ ਕਰਨ ਵਾਲਿਆਂ ਜਾਂ ਕਨਸਲਟੈਂਸੀ ਦਾ ਕਾਰੋਬਾਰ ਕਰਨ ਵਾਲਿਆਂ ਲਈ ਹੁਣ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਜਿਹੜੇ ਪੰਜ ਵਰ੍ਹਿਆਂ ਤੋਂ ਵੱਧ ਸਮੇਂ ਤੋਂ ਇਸ ਕਾਰੋਬਾਰ `ਚ ਹਨ, ਉਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਲਾਇਸੈਂਸ ਫ਼ੀਸ ਅਦਾ ਕਰਨੀ ਹੋਵੇਗੀ ਤੇ ਜਿਨ੍ਹਾਂ ਦੇ ਹਾਲੇ ਪੰਜ ਵਰ੍ਹੇ ਮੁਕੰਮਲ ਨਹੀਂ ਹੋਏ, ਉਨ੍ਹਾਂ ਲਈ ਇਹ ਫ਼ੀਸ 25,000 ਰੁਪਏ ਹੈ। ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਏਜੰਟਾਂ ਨੂੰ ਕਿਸੇ ਵੀ ਜੁਰਮ ਵਿੱਚ ਸ਼ਾਮਲ ਨਹੀ਼ ਹੋਣਾ ਚਾਹੀਦਾ। ਇਸ ਕਾਨੂੰਨ ਅਧੀਨ ਕਾਨੂੰਨ ਦੀ ਉਲੰਘਣਾ ਜਾਂ ਮਨੁੱਖੀ ਸਮੱਗਲਿੰਗ ਕਰਨ ਵਾਲੇ ਟ੍ਰੈਵਲ ਏਜੰਟ ਲਈ ਵੱਧ ਤੋਂ ਵੱਧ ਸੱਤ ਵਰ੍ਹੇ ਦੀ ਕੈਦ ਅਤੇ 50,000 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ  ਹੈ।

 

ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਰੂ-ਬ-ਰੂ

ਅਸੀਂ ਗ਼ੈਰ-ਕਾਨੂੰਨੀ ਫ਼ਰਮਾਂ ਖਿ਼ਲਾਫ਼ ਪੁਲਿਸ ਕਾਰਵਾਈ ਕਰਾਂਗੇ: ਸਪਰਾ

 

ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਤੋਂ ਪੁੱਛਿਆ ਗਿਆ ਕਿ 

 

? ਧੋਖੇਬਾਜ਼ ਇਮੀਗ੍ਰੇਸ਼ਨ ਫ਼ਰਮਾਂ ਖਿ਼ਲਾਫ਼ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ

ਮੈਡਮ ਸਪਰਾ: ਨਿੱਤ ਵਧਦੀਆਂ ਜਾ ਰਹੀਆਂ ਇਮੀਗ੍ਰੇਸ਼ਨ ਧੋਖਾਧੜੀਆਂ ਦੇ ਮੱਦੇਨਜ਼ਰ, ਅਸੀਂ ਮੋਹਾਲੀ ਦੇ ਐੱਸਐੱਸਪੀ ਨੂੰ ਸਾਰੇ ਅਣ-ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਟ੍ਰੈਵਲ ਏਜੰਟਾਂ ਵੱਲੋਂ ਚਲਾਈਆਂ ਜਾ ਰਹੀਆਂ ਦੁਕਾਨਾਂ ਬੰਦ ਕਰਨ ਲਈ ਕਿਹਾ ਹੈ। ਮੋਹਾਲੀ ਪ੍ਰਸ਼ਾਸਨ ਨੇ ਵੀ ਦੋ ਅਧਿਕਾਰੀਆਂ ਦੀ ਇੱਕ ਟੀਮ ਤਾਇਨਾਤ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਅਧਿਕਾਰੀ ਮੋਹਾਲੀ ਦਾ ਹੈ ਤੇ ਦੂਜਾ ਡੇਰਾ ਬੱਸੀ ਤੇ ਖਰੜ `ਚ ਕਾਰਵਾਈ ਕਰੇਗਾ। ਛੇਤੀ ਤੋਂ ਛੇਤੀ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਰਜਿਸਟਰਡ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ  ਜਾਵੇਗੀ।

? ਮੋਹਾਲੀ `ਚ ਅਜਿਹੀਆਂ ਧੋਖਾਧੜੀਆਂ ਵੱਧ ਕਿਉਂ ਹੋ ਰਹੀਆਂ ਹਨ?
ਮੈਡਮ ਸਪਰਾ: ਦਰਅਸਲ, ਇਹ ਸ਼ਹਿਰ ਚੰਡੀਗੜ੍ਹ ਨੇੜੇ ਸਥਿਤ ਹੈ। ਆਮ ਤੌਰ `ਤੇ ਪੰਜਾਬ ਦੇ ਲੋਕ ਇਹੋ ਸੋਚਦੇ ਹਨ ਕਿ ਚੰਡੀਗੜ੍ਹ ਦੀਆਂ ਇਮੀਗ੍ਰੇਸ਼ਨ ਫ਼ਰਮਾਂ ਸਹੀ ਹੋਣਗੀਆਂ। ਇਹੋ ਕਾਰਨ ਹੈ ਕਿ ਇੱਥੇ ਧੋਖਾਧੜੀ ਦਾ ਕਾਰੋਬਾਰ ਵੱਧ ਚੱਲ ਗਿਆ।

 

? ਹਾਲੇ ਤੱਕ ਕੁਝ ਅਣ-ਰਜਿਸਟਰਡ ਫ਼ਰਮਾਂ ਕਿਉਂ ਕੰਮ ਕਰ ਰਹੀਆਂ ਹਨ?
ਮੈਡਮ ਸਪਰਾ: ਅਸੀਂ ਹਾਲੇ ਅਜਿਹੀਆਂ ਗ਼ੈਰ-ਕਾਨੂੰਨੀ ਫ਼ਰਮਾਂ, ਸਲਾਹਕਾਰਾਂ ਤੇ ਟ੍ਰੈਵਲ ਏਜੰਟਾਂ ਦੀ ਸ਼ਨਾਖ਼ਤ ਕਰ ਰਹੇ ਹਾਂ, ਤਾਂ ਜੋ ਅਸੀਂ ਉਨ੍ਹਾਂ ਨੂੰ ਇੱਕ-ਇੱਕ ਕਰ ਕੇ ਬੰਦ ਕਰ ਸਕੀਏ। ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਇੱਕ ਦੂਰ-ਦੁਰਾਡੇ ਪਿੰਡ ਵਿੱਚ ਕਿਸੇ ਘਰ ਦੇ ਬਾਹਰ ਵੱਡਾ ਸਾਰਾ ਬੋਰਡ ਲੱਗ ਜਾਂਦਾ ਹੈ, ਜਿਸ `ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਫ਼ਨੇ ਵਿਖਾਏ ਜਾਂਦੇ ਹਨ, ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ  ਹਨ। ਅਜਿਹੇ ਵੀ ਬਹੁਤ ਸਾਰੇ ਲੋਕ ਹਨ, ਜਿਹੜੇ ਬੋਰਡ ਵੀ ਨਹੀਂ ਲਾਉਂਦੇ ਤੇ ਘਰੋਂ ਹੀ ਅਜਿਹਾ ਕਾਰੋਬਾਰ ਚਲਾਉਂਦੇ ਹਨ। ਉਨ੍ਹਾਂ ਦੇ ਕੁਝ ਬੰਦੇ ਕਿਤੋਂ ਨਾ ਕਿਤੋਂ ਗਾਹਕ ਲੱਭ-ਲੱਭ ਕੇ ਲਿਆਉਂਦੇ ਹਨ।

 

? ਤੁਸੀਂ ਅਜਿਹੇ ਅਣ-ਰਜਿਸਟਰਡ ਏਜੰਟਾਂ ਨਾਲ ਕਿਵੇਂ ਨਿਪਟੋਗੇ?
ਮੈਡਮ ਸਪਰਾ:
ਅਸੀਂ ਸਾਰੀਆਂ ਇਮੀਗ੍ਰੇਸ਼ਨ ਫ਼ਰਮਾਂ/ਟ੍ਰੈਵਲ ਏਜੰਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪਣੇ ਇਸ਼ਤਿਹਾਰਾਂ ਵਿੱਚ ਆਪਣੇ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਪਾਇਆ ਕਰਨ। ਹਾਲੇ ਵੀ ਕੁਝ ਅਜਿਹੀਆਂ ਫ਼ਰਮਾਂ ਹਨ, ਜੋ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੀਆਂ। ਅਸੀਂ ਉਨ੍ਹਾਂ ਦੀ ਸ਼ਨਾਖ਼ਤ ਕਰ ਰਹੇ ਹਾਂ ਅਤੇ ਅਗਲੇਰੀ ਕਾਰਵਾਈ ਲਈ ਜਿ਼ਲ੍ਹਾ ਪੁਲਿਸ ਨੂੰ ਸੂਚਿਤ ਕਰ ਰਹੇ ਹਾਂ।

 

? ਰਜਿਸਰੇਸ਼ਨ ਨਾਲ ਮਦਦ ਕਿਵੇਂ ਮਿਲੇਗੀ?
ਮੈਡਮ ਸਪਰਾ:
ਰਜਿਸਟਰੇਸ਼ਨ ਰਾਹੀਂ ਦਰਅਸਲ ਫ਼ਰਮ ਅਤੇ ਉਸ ਦੇ ਮਾਲਕ ਦਾ ਛੇਤੀ ਪਤਾ ਲੱਗ ਜਾਂਦਾ ਹੈ। ਉਨ੍ਹਾਂ ਦੇ ਸਾਰੇ ਦਫ਼ਤਰਾਂ ਦੇ ਪਤੇ-ਟਿਕਾਣੇ ਤੇ ਸਟਾਫ਼ ਮੈਂਬਰਾਂ ਦੀਆਂ ਸ਼ਨਾਖ਼ਤਾਂ ਸਭ ਜਿ਼ਲ੍ਹਾ ਪ੍ਰਸ਼ਾਸਨ ਕੋਲ ਉਪਲਬਧ ਹੁੰਦੇ  ਹਨ। ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੀ ਹਾਲਤ ਵਿੱਚ ਅਜਿਹੀ ਸਲਾਹਕਾਰ ਫ਼ਰਮ ਦੀ ਰਜਿਸਟ੍ਰੇਸ਼ਨ ਤੁਰੰਤ ਰੱਦ ਕੀਤੀ ਜਾ ਸਕਦੀ ਹੈ ਅਤੇ ਟ੍ਰੈਵਲ ਏਜੰਟ ਨੂੰ ਮੁਅੱਤਲ ਜਾਂ ਰੱਦ ਕੀਤਾ ਜਾ ਸਕਦਾ ਹੈ।

 

? ਬਿਨੈਕਾਰਾਂ ਨੂੰ ਤੁਹਾਡੀ ਸਲਾਹ
ਮੈਡਮ ਸਪਰਾ:
ਲੋਕਾਂ ਨੂੰ ਸਭ ਤੋਂ ਪਹਿਲਾਂ ਵਿਦੇਸ਼ ਭੇਜਣ ਵਾਲੀ ਫ਼ਰਮ ਜਾਂ ਅਜਿਹੇ ਟ੍ਰੈਵਲ ਏਜੰਟ ਦਾ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ। ਮੋਹਾਲੀ ਜਿ਼ਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ `ਤੇ ਸਾਰੇ ਰਜਿਸਟਰਡ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਫ਼ਰਮਾਂ ਦੇ ਵੇਰਵੇ ਮੌਜੂਦ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign dreams faked in Mohali