ਥਾਣਾ ਮਹਿਲਪੁਰ ਚ ਐਤਵਾਰ ਨੂੰ ਦੁਪਿਹਰ ਬਾਅਦ ਲਗਭਗ ਪੌਣੇ ਤਿੰਨ ਵਜੇ ਇਕ ਸਾਬਕਾ ਫ਼ੌਜੀ ਨੇ ਥਾਣੇ ਚ ਵੜ ਕੇ ਮੁਨਸ਼ੀ (ਹੌਲਦਾਰ) ਅਮਰਜੀਤ ਸਿੰਘ ਦੀ ਆਪਣੀ ਦੋਨਾਲੀ ਬੰਦੂਕ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਉਸਨੇ ਮੌਕੇ ਤੇ ਮੌਜੂਦ ਏਐਸਆਈ ਤੇ ਵੀ ਗੋਲੀ ਚਲਾਈ ਪਰ ਏਐਸਆਈ ਬੱਚ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਥਾਣੇ ਚ ਸੰਤਰੀ ਨੂੰ ਆਪਣੀ ਦੋਨਾਲੀ ਬੰਦੂਕ ਜਮ੍ਹਾ ਕਰਾਉਣ ਦੀ ਗੱਲ ਕਹਿ ਕੇ ਮੁਨਸ਼ੀ (ਹੌਲਦਾਰ) ਅਮਰਜੀਤ ਸਿੰਘ ਕੋਲ ਗਿਆ ਤੇ ਉਸ ’ਤੇ ਕਾਫੀ ਨੇੜੇ ਤੋਂ ਇਕ ਰਾਊਂਡ ਫ਼ਾਇਰ ਕੀਤਾ। ਜਿਸ ਕਾਰਨ ਹੌਲਦਾਰ ਅਮਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ।
ਮੌਕੇ ਤੇ ਮੌਜੂਦ ਏਐਸਆਈ ਸ਼ਾਮਲਾਲ ਦੋਸ਼ੀ ਨੂੰ ਫੜਨ ਲਈ ਅੱਗੇ ਵਧਿਆ ਤਾਂ ਦੋਸ਼ੀ ਨੇ ਉਸ ਤੇ ਵੀ ਗੋਲੀ ਚਲਾ ਦਿੱਤੀ ਪਰ ਤੁਰੰਤ ਪਾਸੇ ਹੱਟ ਜਾਣ ਕਾਰਨ ਏਐਸਆਈ ਬੱਚ ਗਿਆ। ਗੋਲੀ ਦੀ ਆਵਾਜ਼ ਸੁਣ ਦੇ ਇਕੱਠੇ ਹੋਏ ਪੁਲਿਸ ਮੁਲਾਜ਼ਮਾਂ ਨੇ ਦੋਸ਼ੀ ਨੂੰ ਫੜ੍ਹ ਲਿਆ।
ਮੁਨਸ਼ੀ (ਹੌਲਦਾਰ) ਅਮਰਜੀਤ ਸਿੰਘ ਨੂੰ ਗੰਭੀਰ ਹਾਲਤ ਚ ਮਹਿਲਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸਨੂੰ ਹੁਸ਼ਿਆਰਪੁਰ ਦੇ ਇਕ ਨਿਜੀ ਹਸਪਤਾਲ ਰੈਫ਼ਰ ਦਿੱਤਾ ਗਿਆ। ਜਿਥੇ ਡਾਕਟਰਾਂ ਨੇ ਪੀੜਤ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੀ ਪਛਾਣ ਸੁਰਿੰਦਰ ਕੁਮਾਰ ਨਿਵਾਸੀ ਵਾਰਡ ਨੰਬਰ 11 ਵਜੋਂ ਹੋਈ। ਉਹ 2007 ਚ ਫ਼ੌਜ ਤੋਂ ਰਿਟਾਇਰ ਹੋਇਆ ਸੀ ਜਿਸ ਬਾਅਦ ਉਸ ਨੇ ਲਾਈਸੰਸੀ ਦੋਨਾਲੀ ਬੰਦੂਕ ਲਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
.