ਸਨਿੱਚਰਵਾਰ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ `ਤੇ ਹਾਵੜਾ ਐਕਸਪ੍ਰੈੱਸ ਦੇ ਡੀ3 ਏਅਰ-ਕੰਡੀਸ਼ਨਡ ਕੋਚ ਦੇ ਪਖਾਨੇ ਦੀ ਸੀਟ `ਚ ਫਸੇ ਮਿਲਿਆ ਬੱਚਾ ਅੱਜ ਸਵੇਰੇ 9:15 ਵਜੇ ਜਿ਼ੰਦਗੀ ਦੀ ਜੰਗ ਹਾਰ ਗਿਆ। ਐਤਵਾਰ ਦੇ ਅਖ਼ਬਾਰਾਂ `ਚ ਇਸ ਬੱਚੇ ਦੀ ਖ਼ਬਰ ਪੂਰੀ ਦੁਨੀਆ `ਚ ਬਹੁਤ ਚਾਅ ਨਾਲ ਪੜ੍ਹੀ ਗਈ ਸੀ। ਡਾਕਟਰਾਂ ਤੇ ਆਮ ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਉਹ ਇੰਨੀ ਸਖ਼ਤ ਠੰਢ ਵਿੱਚ ਬਚ ਕਿਵੇਂ ਗਿਆ।
ਬੱਚੇ ਦਾ ਪਤਾ ਉਦੋਂ ਲੱਗਿਆ ਸੀ, ਜਦੋਂ ਰੇਲ ਗੱਡੀ ਦੇ ਡੱਬੇ ਧੁਲਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਾਸਿ਼ੰਗ ਪਲੇਟਫ਼ਾਰਮ `ਤੇ ਪੁੱਜੇ ਸਨ। ਸਫ਼ਾਈ-ਸੇਵਕਾਂ ਨੇ ਸਭ ਤੋਂ ਪਹਿਲਾਂ ਉਸ ਬੱਚੇ ਨੂੰ ਵੇਖਿਆ ਸੀ। ਕਿਸੇ ਨੇ। ਬੱਚੇ ਦਾ ਗਲ਼ਾ ਚੁੰਨੀ ਨਾਲ ਘੁਟਿਆ ਹੋਇਆ ਸੀ।
ਗੁਰੂ ਨਾਨਕ ਦੇਵ ਯੂਨੀਰਿਸਿਟੀ ਹਸਪਤਾਲ ਦੇ ਅਸਿਸਟੈਂਟ ਪ੍ਰੋਫ਼ੈਸਰ ਤੇ ਬੱਚਿਆਂ ਦੇ ਮਾਹਿਰ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਉਹ ਬੱਚਾ ਬਹੁਤ ਗੰਭੀਰ ਰੂਪ ਵਿੱਚ ਬੀਮਾਰ ਸੀ ਤੇ ਉਸ ਦੇ ਸਰੀਰ ਦਾ ਤਾਪਮਾਨ ਬਹੁਤ ਹੇਠਾਂ ਜਾ ਚੁੱਕਾ ਸੀ ਤੇ ਅੰਤੜੀਆਂ `ਚੋਂ ਅੰਦਰੋਂ ਖ਼ੂਨ ਵਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੀਨੀਅਰ ਰੈਜ਼ੀਡੈਂਟ ਡਾਕਟਰ ਰਵਨੀਤ ਕੌਰ, ਜੂਨੀਅਰ ਰੈਜ਼ੀਡੈਂਟ ਡਾਕਟਰ ਕਵਲਦੀਪ ਕੌਰ, ਡਾ. ਜਸਮੀਨ, ਡਾ. ਵਿਸ਼ਾਲ (ਸਾਰੇ ਬੱਚਿਆਂ ਦੇ ਮਾਹਿਰ) ਤੇ ਉਨ੍ਹਾਂ ਨੇ ਖ਼ੁਦ ਉਸ ਨਵਜਨਮੇ ਬਾਲ ਨੂੰ ਬਚਾਉਣ ਦੇ ਹਰ ਸੰਭਵ ਜਤਨ ਕੀਤੇ ਪਰ ਉਹ ਬਚ ਨਾ ਸਕਿਆ।
ਬੱਚੇ ਨੂੰ ਵੈਂਟੀਲੇਟਰ `ਤੇ ਰੱਖਿਆ ਗਿਆ ਸੀ। ਉਸ ਦੀ ਮ੍ਰਿਤਕ ਦੇਹ ਸਰਕਾਰੀ ਰੇਲਵੇ ਪੁਲਿਸ ਨੂੰ ਸੌਂਪ ਦਿੱਤੀ ਗਈ। ਬੱਚੇ ਦਾ ਪੋਸਟ-ਮਾਰਟਮ ਕੀਤਾ ਗਿਆ ਤੇ ਹੁਣ ਉਸ ਨੂੰ ਦਫ਼ਨਾਇਆ ਜਾਵੇਗਾ। ਉਸ ਨਵਜਨਮੇ ਬੱਚੇ ਦੇ ਡੀਐੱਨਏ ਸੈਂਪਲ ਸੰਭਾਲ ਕੇ ਰੱਖੇ ਜਾਣਗੇ।
ਇਸ ਬੱਚੇ ਦੇ ਅਣਪਛਾਤੇ ਮਾਪਿਆਂ ਵਿਰੁੱਧ ਮਾਮਲਾ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ।