ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਪਿਛਲੇ ਕੁਝ ਦਿਨਾਂ 'ਚ ਕਾਫ਼ੀ ਕਮੀ ਆਈ ਹੈ, ਜਿਸ ਕਾਰਨ ਸੂਬੇ 'ਚ ਹੁਣ ਗ੍ਰੀਨ ਤੇ ਓਰੈਂਜ ਜ਼ੋਨ 'ਚ ਸਰਕਾਰ ਨੇ ਹੋਰ ਢਿੱਲ ਦੇ ਦਿੱਤੀ ਹੈ। ਅੱਜ ਸ਼ੁੱਕਰਵਾਰ ਨੂੰ ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 4 ਨਵੇਂ ਮਰੀਜ਼ ਮਿਲੇ ਹਨ। ਹੁਣ ਫ਼ਰੀਦਕੋਟ 'ਚ ਕੋਰੋਨਾ ਮਾਮਲਿਆਂ ਦੀ ਕੁਲ ਗਿਣਤੀ ਵੱਧ ਕੇ 51 ਹੋ ਗਈ ਹੈ। ਇਹ ਸਾਰੇ ਮਰੀਜ਼ ਮਹਾਰਾਸ਼ਟਰ ਦੇ ਨਾਂਦੇੜ 'ਚ ਸਥਿੱਤ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਪਰਤੇ ਸਨ।
ਬੀਤੇ ਦਿਨੀਂ ਵੀਰਵਾਰ ਨੂੰ ਸੂਬੇ 'ਚ 19 ਨਵੇਂ ਪਾਜ਼ੀਟਿਵ ਕੇਸ ਆਏ, ਜਦਕਿ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਵੀਰਵਾਰ ਨੂੰ ਜਲੰਧਰ 'ਚ 9, ਲੁਧਿਆਣਾ 'ਚ 3 ਤੇ ਪਟਿਆਲਾ ਤੇ ਰੂਪਨਗਰ 'ਚ 1-1 ਕੇਸ ਆਇਆ ਹੈ। ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 45 ਲੋਕ ਠੀਕ ਹੋਏ।
ਇਸ ਤੋਂ ਇਲਾਵਾ ਫ਼ਾਜ਼ਿਲਕਾ 'ਚ ਤਿੰਨ ਮਾਮਲੇ ਸਾਹਮਣੇ ਆਏ, ਜਦਕਿ 4 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਪੰਜਾਬ 'ਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 1989 ਹੋ ਗਈ ਹੈ। ਇਨ੍ਹਾਂ ਵਿਚੋਂ 1168 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਦੱਸ ਦੇਈਏ ਕਿ ਪੰਜਾਬ 'ਚ ਹੁਣ ਤਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ 295 ਲੋਕ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਘਰ ਪਰਤ ਚੁੱਕੇ ਹਨ। ਹੁਣ ਤਕ ਸੂਬੇ 'ਚ 46,026 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 40,637 ਨੈਗੇਟਿਵ ਆਏ ਹਨ। 3423 ਲੋਕਾਂ ਦੀਆਂ ਰਿਪੋਰਟਾਂ ਦਾ ਇੰਤਜਾਰ ਹੈ।