ਬਠਿੰਡਾ ਦੇ ਸਿਵਲ ਹਸਪਤਾਲ ਸਥਿਤ ਮਾਡਲ ਨਸ਼ਾ-ਛੁਡਾਊ ਕੇਂਦਰ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਪਿਛਲੇ ਪੰਦਰਵਾੜ੍ਹੇ ਦੌਰਾਨ ਵਧੀ ਹੈ ਪਰ ਹਾਲੇ ਇੱਥੇ ਲੋੜਵੰਦ ਪਰਿਵਾਰਾਂ ਦੇ ਨਸ਼ਾ-ਪੀੜਤਾਂ ਨੂੰ ਮੁਫ਼ਤ ਇਲਾਜ ਦੇਣਾ ਸ਼ੁਰੂ ਨਹੀਂ ਹੋਇਆ।
ਬਠਿੰਡਾ ਦੇ ਸਿਵਲ ਸਰਜਨ ਹਰੀ ਨਾਰਾਇਣ ਸਿੰਘ ਨੇ ਕਿਹਾ ਕਿ ਅਜਿਹੀਆਂ ਕੋਈ ਹਦਾਇਤਾਂ ਉਨ੍ਹਾਂ ਨੂੰ ਨਹੀਂ ਮਿਲੀਆਂ।
ਸੂਬਾ ਸਰਕਾਰ ਵੱਲੋਂ ਪੰਜ ਮਾਡਲ ਨਸ਼ਾ-ਛੁਡਾਊ ਕੇਂਦਰਾਂ `ਚ ਇੱਕ ਮਰੀਜ਼ ਤੋਂ ਰੋਜ਼ਾਨਾ 250 ਰੁਪਏ ਵਸੂਲ ਕੀਤੇ ਜਾਂਦੇ ਹਨ ਅਤੇ ਬਾਕੀ ਦੇ 32 ਸਰਕਾਰੀ ਨਸ਼ਾ-ਛੁਡਾਊ ਕੇਂਦਰਾਂ ਵਿੱਚ ਹਰੇਕ ਮਰੀਜ਼ ਤੋਂ ਪ੍ਰਤੀਦਿਨ 200 ਰੁਪਏ ਵਸੂਲ ਪਾਏ ਜਾਂਦੇ ਹਨ।
50 ਬਿਸਤਰਿਆਂ ਵਾਲਾ ਇਹ ਕੇਂਦਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਨਾਲ ਜੋੜਿਆ ਗਿਆ ਹੈ। ਇੱਥੇ ਇਸ ਵੇਲੇ 37 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇੱਥੇ ਆਮ ਤੌਰ `ਤੇ ਰੋਜ਼ਾਨਾ 15 ਮਰੀਜ਼ ਆਉਂਦੇ ਸਨ ਪਰ ਪਿਛਲੇ ਦੋ ਕੁ ਹਫ਼ਤਿਆਂ ਤੋਂ ਇਹ ਗਿਣਤੀ ਵਧ ਕੇ 30 ਮਰੀਜ਼ਾਂ ਤੱਕ ਪੁੱਜ ਗਈ ਹੈ।
ਓਪੀਡੀ (ਆਊਟ ਪੇਸ਼ੈਂਟ ਡਿਪਾਰਟਮੈਂਟ) ਵਿੱਚ ਨਸ਼ਾ-ਪੀੜਤਾਂ ਦੀ ਗਿਣਤੀ ਵੀ ਇਸੇ ਸਮੇਂ ਦੌਰਾਨ ਦੁੱਗਣੀ ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਬਾਵਜੁਦ ਇੱਥੇ ਦਵਾਈਆਂ ਦੀ ਕੋਈ ਘਾਟ ਨਹੀਂ ਹੈ।