ਵਾਹਗਾ–ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਨਾਲ ਭਾਰਤ ਦਾ ਕਾਰੋਬਾਰ ਹੁਣ ਲਗਭਗ ਖ਼ਤਮ ਹੀ ਹੋ ਚੁੱਕਾ ਹੈ ਪਰ ਫਿਰ ਵੀ ਪੂਰੇ ਟਰੱਕ ਦਾ ਪੂਰੀ ਤਰ੍ਹਾਂ ਨਿਰੀਖਣ ਕਰਨ ਵਾਲਾ ਸਕੈਨਰ (FBTS – Full Body Truck Scanner) ਹੁਣ ਅਟਾਰੀ ਸਥਿਤ ‘ਇੰਟੈਗਰੇਟਡ ਚੈੱਕ ਪੋਸਟ’ (ICP) ’ਤੇ ਆ ਗਿਆ ਹੈ। ਇਸ ਸਕੈਨਰ ਦੇ ਆਉਂਦੀ 15 ਅਪ੍ਰੈਲ ਤੋਂ ਆਪਣਾ ਕੰਮ ਸ਼ੁਰੂ ਕਰ ਦੇਣ ਦੀ ਸੰਭਾਵਨਾ ਹੈ। ਇਹ ਦੇਸ਼ ਦਾ ਪਹਿਲਾ ਅਜਿਹਾ ਸਕੈਨਰ ਹੋਵੇਗਾ, ਜਿਸ ਵਿੱਚ ਪੂਰੇ ਟਰੱਕ ਦੀ ਪੂਰੀ ਬਾਰੀਕੀ ਨਾਲ ਨਿਰੀਖਣ ਕਰਨ ਦੀ ਸਮਰੱਥਾ ਹੋਵੇਗਾ।
ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ (LPAI) ਅਨੁਸਾਰ ਇਸ ਇਸ ਸਕੈਨਰ ਦੀ ਮਦਦ ਨਾਲ ਨਸ਼ਿਆਂ ਤੇ ਹਥਿਆਰਾਂ ਦੀ ਸਮੱਗਲਿੰਗ ਰੋਕਣ ਵਿੱਚ ਮਦਦ ਮਿਲੇਗੀ। ਫ਼ਿਲਹਾਲ ਅਟਾਰੀ ਬਾਰਡਰ ਉੱਤੇ ਇਹ ਚੈਕਿੰਗ ਨਜ਼ਰਾਂ ਤੇ ਹੱਥਾਂ ਰਾਹੀਂ ਅਤੇ ਜਾਂ ਖੋਜੀ ਕੁੱਤਿਆਂ ਦੀ ਮਦਦ ਨਾਲ ਹੋ ਰਹੀ ਹੈ। ਹੁਣ ਇਸ ਸਕੈਨਰ ਨਾਲ ਇਹ ਪ੍ਰਕਿਰਿਆ ਤੇਜ਼ ਹੋ ਜਾਵੇਗੀ।
ਭਾਰਤ ਨੂੰ ਪੂਰੇ ਟਰੱਕ ਦਾ ਨਿਰੀਖਣ ਕਰਨ ਵਾਲਾ ਸਕੈਨਰ ਭਾਵੇਂ ਹੁਣ ਮਿਲਿਆ ਹੈ ਪਰ ਪਾਕਿਸਤਾਨ ਆਪਣੇ ਵਾਹਗਾ ਬਾਰਡਰ ਉੱਤੇ ਅਜਿਹੇ ਦੋ ਸਕੈਨਰ ਪਹਿਲਾਂ ਤੋਂ ਹੀ ਵਰਤ ਰਿਹਾ ਹੈ।
ਕੇਂਦਰ ਸਰਕਾਰ ਨੇ ਅਜਿਹੇ ਪੰਜ ਸਕੈਨਰ ਮਨਜ਼ੂਰ ਕੀਤੇ ਹਨ। ਜਿਨ੍ਹਾਂ ਵਿੱਚੋਂ ਇੱਕ ਅਟਾਰੀ–ਵਾਹਗਾ (ਪੰਜਾਬ) ਲੱਗ ਰਿਹਾ ਹੈ ਤੇ ਬਾਕੀ ਦੇ ਭਾਰਤ–ਪਾਕਿ ਸਰਹੱਦ ਉੱਤੇ ਪੁੰਛ–ਚੱਕੰਦਾਬਾਦ (ਜੰਮੂ–ਕਸ਼ਮੀਰ), ਉੜੀ–ਸਲਾਮਾਬਾਦ ਵਿਖੇ, ਭਾਰਤ–ਬੰਗਲਾਦੇਸ਼ ਸਰਹੱਦ ਉੱਤੇ ਪੇਤਰਾਪੋਲ (ਕੋਲਕਾਤਾ) ਵਿਖੇ ਤੇ ਭਾਰਤ–ਨੇਪਾਲ ਸਰਹੱਦ ਉੱਤੇ ਰਕਸੌਲ (ਬਿਹਾਰ) ਲੱਗਣੇ ਹਨ।
ਅਟਾਰੀ ICP ਦਾ ਨੀਂਹ–ਪੱਥਰ ਸਾਲ 2010 ਦੌਰਾਨ ਰੱਖਿਆ ਗਿਆ ਸੀ। ਸੁਰੱਖਿਆ ਏਜੰਸੀਆਂ ਤੇ ਕਾਰੋਬਾਰੀ ਸਰਹੱਦ ਪਾਰ ਤੋਂ ਸਮੱਗਲਿੰਗ ਰੋਕਣ ਲਈ ਅਜਿਹੇ ਸਕੈਨਰ ਦੀ ਮੰਗ ਕਾਫ਼ੀ ਸਮੇਂ ਤੋਂ ਕਰਦੇ ਆ ਰਹੇ ਸਨ। ਇਸ ਸਕੈਨਰ ਦੇ ਇੱਕ ਪ੍ਰੋਜੈਕਟ ਉੱਤੇ 23 ਕਰੋੜ ਰੁਪਏ ਲੱਗਦੇ ਹਨ।