ਪਿਛਲੇ ਹਫ਼ਤੇ ਚੰਡੀਗੜ੍ਹ `ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਏਕੇ-47 ਰਾਈਫ਼ਲਾਂ ਹਾਸਲ ਕਰ ਲਈਆਂ ਸਨ ਤੇ ਉਸ ਨੇ ਰੋਪੜ ਜੇਲ੍ਹ `ਚ ਕੈਦ ਆਪਣੇ ਇੱਕ ਪੁਰਾਣੇ ਦੁਸ਼ਮਣ ਤੋਂ ਬਦਲਾ ਲੈਣ ਲਈ ਹਮਲਾ ਕਰਨ ਦੀ ਯੋਜਨਾ ਉਲੀਕੀ ਹੋਈ ਸੀ। ਉਹ ਪੁਰਾਣਾ ਦੁਸ਼ਮਣ ਹੋਰ ਕੋਈ ਨਹੀ, ਉਸ ਦਾ ਸਕੂਲੀ ਦਿਨਾਂ ਦਾ ਹੀ ਕੋਈ ਸਾਥੀ ਹੈ।
ਇਸ ਮਾਮਲੇ ਦੀ ਜਾਂਚ ਨਾਲ ਜੁੜੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਢਾਹਾਂ ਦੇ ਗਿਰੋਹ ਦੇ ਮੈਂਬਰ ਉੋਸ ਹਮਲੇ ਲਈ ਅਸਲਾ ਤੇ ਗੋਲੀ-ਸਿੱਕਾ ਖ਼ਰੀਦ ਰਹੇ ਸਨ। ਇਹ ਹਾਲੇ ਪੱਕਾ ਪਤਾ ਲਾਉਣਾ ਬਾਕੀ ਹੈ ਕਿ ਕੀ ਗੈਂਗਸਟਰ ਕੋਲ ਸੱਚਮੁਚ ਰਾਈਫ਼ਲਾਂ ਸਨ ਜਾਂ ਨਹੀਂ।
ਇੱਕ ਜਾਂਚ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ,‘‘ਦਿਲਪ੍ਰੀਤ ਨੇ ਦੱਸਿਆ ਹੈ ਕਿ ਰੋਪੜ ਜੇਲ੍ਹ `ਚ ਇਸ ਵੇਲੇ ਕੈਦ ਇੱਕ ਹੋਰ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਰੀ ਨਾਲ ਉਸ ਦੀ ਪੁਰਾਣੀ ਦੁਸ਼ਮਣੀ ਰਹੀ ਹੈ। ਉਸ ਨਾਲ ਉਸ ਨੇ ਕਈ ਹਿਸਾਬ-ਕਿਤਾਬ ਨਿਬੇੜਨ ਬਾਰੇ ਯੋਜਨਾ ਉਲੀਕੀ ਹੋਈ ਸੀ। ਇਹ ਦੋਵੇਂ ਢਾਹਾਂ ਪਿੰਡ ਦੇ ਹੀ ਹਨ ਤੇ ਪਿੰਡਰੀ ਨੇ ਪਹਿਲਾਂ ਕਿਸੇ ਵੇਲੇ ਦਿਲਪ੍ਰੀਤ `ਤੇ ਹਮਲਾ ਕੀਤਾ ਸੀ।``
ਗੈਂਗਸਟਰ ਪਿੰਡਰੀ ਦੇ ਉਸ ਹਮਲੇ ਕਾਰਨ ਹੀ ਦਿਲਪ੍ਰੀਤ ਨੂੰ ਅਪਰਾਧ ਦੀ ਦੁਨੀਆ `ਚ ਪੈਰ ਰੱਖਣਾ ਪਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ,‘‘ਪਿੰਡਰੀ ਦੇ ਹਮਲੇ ਕਾਰਨ ਹੀ ਭੜਕ ਕੇ ਦਿਲਪ੍ਰੀਤ ਨੇ ਹੋਰ ਗੈਂਗਸਟਰਾਂ ਨਾਲ ਜਾ ਕੇ ਹੱਥ ਮਿਲਾ ਲਏ ਸਨ। ਪਿੰਡਰੀ ਨੇ ਉਸ `ਤੇ ਕਈ ਵਾਰ ਹਮਲੇ ਕੀਤੇ ਸਨ ਅਤੇ ਉਨ੍ਹਾਂ ਦੀ ਸਕੂਲ ਵੇਲੇ ਤੋਂ ਹੀ ਦੁਸ਼ਮਣੀ ਚੱਲੀ ਆ ਰਹੀ ਸੀ।``
ਅਸਾਲਟ ਰਾਈਫ਼ਲਾਂ ਦੀ ਭਾਲ਼
ਦਿਲਪ੍ਰੀਤ ਵੱਲੋ਼ ਕੀਤੇ ਅਹਿਮ ਇੰਕਸ਼ਾਫ਼ ਤੋਂ ਬਾਅਦ ਹੁਣ ਪੁਲਿਸ ਅਧਿਕਾਰੀ ਉਸ ਦੇ ਸਾਰੇ ਸੰਭਾਵੀ ਲੁਕਣ-ਟਿਕਾਣਿਆਂ `ਤੇ ਛਾਪੇ ਮਾਰ ਰਹੇ ਹਨ।
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਹਥਿਆਰ ਤੇ ਗੋਲੀ-ਸਿੱਕਾ ਸਪਲਾਈ ਕਰਨ ਦਾ ਕਾਰੋਬਾਰ ਹੈ। ਉਸ ਵੱਲੋਂ ਇੱਕ ਹੋਰ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਰਾਹੀਂ ਹਥਿਆਰ ਢਾਹਾਂ ਨੂੰ ਦਿੱਤੇ ਦੱਸੇ ਜਾਂਦੇ ਹਨ।
ਪਿੰਡਰੀ ਖਿ਼ਲਾਫ਼ ਕਤਲ ਦੀ ਕੋਸਿ਼ਸ਼ ਸਮੇਤ ਹੋਰ ਕਈ ਅਪਰਾਧਕ ਮਾਮਲੇ ਦਰਜ ਹਨ। ਉਹ ਜਿ਼ਆਦਾਤਰ ਰੋਪੜ ਤੇ ਨੂਰਪੁਰ ਬੇਦੀ ਇਲਾਕੇ ਵਿੱਚ ਸਰਗਰਮ ਰਿਹਾ ਹੈ। ਉਸ ਸਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀ ਮਦਦ ਕੀਤੀ ਸੀ, ਜੋ ਇਸ ਵੇਲੇ ਜੋਧਪੁਰ ਦੀ ਜੇਲ੍ਹ ਵਿੱਚ ਕੈਦ ਹੈ। ਉਹ 17ਜਨਵਰੀ, 2015 ਨੂੰ ਰੋਪੜ ਪੁਲਿਸ ਦੀ ਹਿਰਾਸਤ `ਚੋਂ ਛੁੱਟ ਕੇ ਫ਼ਰਾਰ ਹੋ ਗਿਆ ਸੀ।
ਨਿਜੀ ਵਰਤੋਂ ਲਈ ਸ਼ੁੱਧ ਹੈਰੋਇਨ ਆਉਂਦੀ ਸੀ ਪਾਕਿਸਤਾਨ ਤੋਂ
ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਤੋਂ ਜਿਹੜੀ ਸ਼ੁੱਧ ਹੈਰੋਇਨ ਬਰਾਮਦ ਹੋਈ ਹੈ, ਉਹ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਉਂਦੀ ਸੀ। ਫਿਰ ਉਹ ਪੰਜਾਬ ਤੇ ਹਰਿਆਣਾ ਦੇ ਵੱਖੋ-ਵੱਖਰੇ ਹਿੱਸਿਆਂ `ਚ ਬਹੁਤ ਮਹਿੰਗੇ ਭਾਅ ਵੇਚੀ ਜਾਂਦੀ ਸੀ ਕਿਉਂਕਿ ਇਸ ਦਾ ਅਸਰ ਬਹੁਤ ਜਿ਼ਆਦਾ ਤਿੱਖਾ ਹੁੰਦਾ ਹੈ।
ਪੁਲਿਸ ਹੁਣ ਉਹ ਸਾਰੇ ਵਸੀਲੇ ਵੀ ਜਾਣਨਾ ਚਾਹ ਰਹੀ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਚਿੱਟਾ ਕਿੱਥੋਂ ਮਿਲਦਾ ਸੀ। ਇਹ ਚਿੱਟਾ ਦਰਅਸਲ ਹੈਰੋਇਨ ਵਿੱਚ ਹੋਰ ਰਸਾਇਣ ਤੇ ਨਸ਼ੀਲੇ ਪਦਾਰਥ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।
ਦਿਲਪ੍ਰੀਤ ਸਿੰਘ ਤੇ ਉਸ ਦੇ ਸਾਥੀ ਦਿੱਲੀ ਦੇ ਕੁਝ ਨਾਈਜੀਰੀਅਨਾਂ ਦੇ ਸੰਪਰਕ ਵਿੱਚ ਵੀ ਸਨ, ਜਿੱਥੋਂ ਉਨ੍ਹਾਂ ਨੂੰ ਕੁਝ ਮਿਲਾਵਟੀ ਹੈਰੋਇਨ ਵੀ ਮਿਲਦੀ ਸੀ। ਅਸਲ ਹੈਰੋਇਨ `ਚ ਕੁਝ ਸਿੰਥੈਟਿਕ ਨਸ਼ੇ ਮਿਲਾ ਕੇ ਉਹ ਵੱਖਰਾ ਨਸ਼ਾ ਤਿਆਰ ਕੀਤਾ ਜਾਂਦਾ ਸੀ।