ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਮਿੰਨੀ ਕਹਾਣੀ ਦਾ ਬੀਬਾ ਲੇਖਕ- ਬਿਕਰਮਜੀਤ ਨੂਰ

ਬਿਕਰਮਜੀਤ ਨੂਰ

ਮਿੰਨੀ ਕਹਾਣੀ ਦੇ ਵੱਡੇ ਸਿਰਜਕ – 4
 

ਜਗਦੀਸ਼ ਰਾਏ ਕੁਲਰੀਆਂ

    ਬਿਕਰਮਜੀਤ ਨੂਰ ਸਾਡਾ ਅਜਿਹਾ ਬੀਬਾ ਸਾਹਿਤਕਾਰ ਹੈ ਜੋ ਕਿਸੇ ਤਿਗੜਮਬਾਜ਼ੀ ਵਿਚ ਵਿਸਵਾਸ਼ ਨਹੀਂ ਰੱਖਦਾ। ਮਿੰਨੀ ਕਹਾਣੀ ਦੀ ਸੰਖੇਪਤਾ ਵਾਂਗੂ ਇਹ ਗੱਲ ਸੁਭਾਅ ਵਿੱਚ ਸਮਾਈ ਹੋਈ ਹੈ। ਚੁੱਪ ਚਾਪ ਆਪਣਾ ਕੰਮ ਕਰੀ ਚੱਲੋਂ, ਕਿੱਥੇ ਕੀ ਜੁਗਾੜ ਫਿੱਟ ਹੋ ਰਿਹੈ, ਕਿੱਥੇ ਕੀ ਇਨਾਮਾਂ ਸਨਮਾਨਾਂ ਦਾ ਰੌਲਾ ਪੈ ਰਿਹਾ ਹੈ? ਇਹ ਸਭ ਕਾਸੇ ਤੋਂ ਉਹ ਬੇਖ਼ਬਰ ਹੈ ਪਰ ਸਮਾਜ ਵਿੱਚ ਕੀ ਵਾਪਰ ਰਿਹਾ ਹੈ, ਕੀ ਹੋਣਾ ਚਾਹੀਦਾ ਹੈ ਅਤੇ ਇੱਕ ਵਧੀਆ ਲੇਖਕ ਦਾ ਇਸ ਵਿਚ ਕੀ ਰੋਲ ਬਣਦਾ ਹੈ ਇਸ ਸਭ ਦੀ ਉਸ ਨੂੰ ਖਬਰ ਹੈ। ਨੂਰ ਆਪਣੀ ਲੇਖਣੀ ਦੇ ਜ਼ਰੀਏ ਸਮਾਜ ਵਿਚ ਹਾਂ ਪੱਖੀ ਯੋਗਦਾਨ ਪਾ ਰਿਹਾ ਹੈ। ਮਿੰਨੀ ਕਹਾਣੀ ਦਾ ਸਾਹ ਸਵਾਰ ਹੋਣ ਦੇ ਨਾਲ ਨਾਲ ਨਾਵਲ, ਕਹਾਣੀ, ਰੀਵਿਊਕਾਰੀ ਤੇ ਅਨੁਵਾਦ ਵਿਚ ਵੀ ਜ਼ਿਕਰਯੋਗ ਕੰਮ ਹੈ।

 


     ਬਿਕਰਮਜੀਤ ਨੂਰ ਦਾ ਜਨਮ 8 ਅਗਸਤ 1952, ਪਿੰਡ ਨਿੰਬੂਆਂ, ਜਿਲਾ ਅਜੀਤਗੜ (ਮੋਹਾਲੀ) ਵਿਖੇ ਹੋਇਆ। ਐੱਮ.ਏ. ਪੰਜਾਬੀ, ਰਾਜਨੀਤੀ ਸ਼ਾਸਤਰ, ਆਨਰ ਇਨ ਪੰਜਾਬੀ, ਬੀ.ਐਡ, ਉਰਦੂ ਆਮੋਜ਼ ਦੀ ਉੱਚ ਸਿੱਖਿਆ ਹਾਸਿਲ ਕਰਨ ਤੋਂ ਬਾਦ ਇਹ ਪੰਜਾਬੀ ਲੈਕਚਰਾਰ ਸੇਵਾ ਮੁਕਤ ਹੋਏ ਹਨ ਤੇ ਅੱਜਕਲ ਕੁਲਵਕਤੀ ਲੇਖਕ ਵਜੋਂ ਸਾਹਿਤ ਸਾਧਨਾ ਵਿਚ ਲੀਨ ਹਨ।

 


     ਹੁਣ ਤੱਕ ਉਹ ਅੱਠ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਕਾਤਰਾਂ’, ‘ਸ਼ਨਾਖਤ’, ‘ਅਣਕਿਹਾ’, ‘ਮੰਜ਼ਿਲ’, ‘ਮੇਰੀਆਂ ਮਿੰਨੀ ਕਹਾਣੀਆਂ’, ‘ਮੂਕ ਸ਼ਬਦਾਂ ਦੀ ਵਾਪਸੀ’, ‘ਦਸ ਸਾਲ ਹੋਰ’  ਤੇ ‘ਰੰਗ’ ਤੋਂ ਇਲਾਵਾ ‘ਪਾਗਲ ਹਵਾ’, ‘ਗਲੀ ਨੰਬਰ ਚਾਰ’, ‘ਚੁੰਨੀ ਦਾ ਪੱਲਾ’, ‘ਸੰਨ ਸੰਤਾਲੀ ਤੋਂ ਬਾਦ’ ਚਾਰ ਨਾਵਲ ਲਿਖ ਕੇ ਇਸ ਖੇਤਰ ਵਿਚ ਵੀ ਹਾਜ਼ਰੀ ਲਗਾ ਚੁੱਕੇ ਹਨ।। ਇਸ ਤੋਂ ਇਲਾਵਾ ਦੋ ਕਾਵਿ ਸੰਗ੍ਰਹਿ, ਇੱਕ ਬਾਲ ਸਾਹਿਤ ਵਾਰਤਕ, ਇੱਕ ਸਵੈ ਜੀਵਨੀ ਮੂਲਕ ਪੁਸਤਕ, ਇੱਕ ਕਹਾਣੀ ਸੰਗ੍ਰਹਿ , ਦੋ ਪੁਸਤਕਾਂ ਦਾ ਅਨੁਵਾਦ ਤੇ ਦੋ ਦਰਜਨ ਦੇ ਲਗਭਗ ਪੁਸਤਕਾਂ ਦਾ ਸਹਿ-ਸੰਪਾਦਨ ਕਰ ਚੁੱਕੇ ਹਨ।

 


     ਉਨਾਂ ਨੂੰ ਕੇਂਦਰੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਵੱਲੋਂ ‘ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ’, ਸਾਹਿਤ ਤੇ ਕਲਾ ਮੰਚ ਬਰੇਟਾ ਵੱਲੋਂ ਸਨਮਾਨ ਤੇ  ‘ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ ਅਤੇ ਪੰਜਾਬੀ ਤ੍ਰੈਮਾਸਿਕ ‘ਮਿੰਂਨੀ’ ਦਾ ਨਿਰੰਤਰ ਸੰਯੁਕਤ ਸੰਪਾਦਨ ਵੀ ਕਰ ਰਹੇ ਹਨ।

 


    ਬਿਕਰਮਜੀਤ ਨੂਰ ਦੀਆਂ ਮਿੰਨੀ ਕਹਾਣੀਆਂ ਜਿੱਥੇ ਆਮ ਮਨੁੱਖ ਦੀ ਬੇਬਸੀ ਦੀ ਗਾਥਾ ਨੂੰ ਬਿਆਨ ਦੀਆਂ ਹਨ, ਉੱਥੇ ਅੰਧਵਿਸ਼ਵਾਸ਼ਾਂ ਦੇ ਮੱਕੜ ਜਾਲ ਵਿਚ ਫਸੀ ਜਨਤਾ ਦੀ ਦਸ਼ਾ ਤੇ ਦਿਸ਼ਾ ਨੂੰ ਵੀ ਪ੍ਰਸਤੁਤ ਕਰਦੀਆਂ ਹਨ।

 


    ਠੇਕੇਦਾਰੀ ਜਾਂ ਆਊਟਸੋਰਸਿੰਗ ਪ੍ਰਣਾਲੀ ਤਹਿਤ ਕਿਸ ਤਰਾਂ ਮੁਲਾਜ਼ਮਾਂ ਦਾ ਘੱਟ ਤਨਖਾਹਾਂ ਦੇ ਕੇ ਸ਼ੋਸ਼ਣ ਕੀਤਾ ਜਾਂਦਾ ਹੈ, ਇਸਨੂੰ ‘ਜਸ਼ਨ’ ਰਾਹੀਂ ਵਾਚਿਆ ਜਾ ਸਕਦਾ ਹੈ। ਮਿੰਨੀ ਕਹਾਣੀ ਦੀ ਪਾਤਰ ਮਨਜੀਤ ਨੂੰ ਆਪਣੇ ਅਧਿਕਾਰ ਮੰਗਣ ਤੇ ਪਿ੍ਰੰਸੀਪਲ ਵੱਲੋਂ ਉਸ ਨਾਲ ਖਾਰ ਖਾਈ ਜਾਂਦੀ ਹੈ ‘ਤੇ ਅਗਲੇ ਦਿਨ ਮਨਜੀਤ ਦਾ ਇੱਕੋ-ਇੱਕ ਖਾਲੀ ਪੀਰੀਅਡ ਵੀ ਉਸ ਦੇ ਟਾਈਮ-ਟੇਬਲ ਵਿਚ ਸ਼ਾਮਲ ਕਰ ਲਿਆ ਗਿਆ ਸੀ।’

 


    ਅੰਧ ਵਿਸ਼ਵਾਸ਼ਾਂ ਦੇ ਮੱਕੜ ਜਾਲ ਵਿਚ ਫਸੀ ਜਨਤਾ ‘ਸੰਤਾਂ ਦੀ ਰੋਟੀ’ ਨੂੰ ਹੀ ਵੱਡਾ ਕਾਰਜ ਸਮਝਦੀ ਹੈ ਤੇ ਘਰੇ ਭੁੱਖੇ ਵਿਲਕਦੇ ਬਾਲਾਂ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਭਾਵੇਂ ਭੁੱਖ ਕਾਰਨ ਉਹ ਮੌਤ ਦੇ ਮੂੰਹ ਵਿਚ ਹੀ ਕਿਉਂ ਨਾ ਪੈ ਜਾਣ? ਅਜਿਹੀਆਂ ਰਚਨਾਵਾਂ ਤੋਂ ਸੇਧ ਲੈਣ ਦੀ ਜਰੂਰਤ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਆਪਣੇ ਆਖਰੀ ਕਾਰਜ ਕਾਲ ਵਰੇ ਦੌਰਾਨ ਲੋਕ ਲੁਭਾਊ ਸਕੀਮਾਂ ਦੇ ਕੇ ਜਨਤਾ ਨੂੰ ਮੂਰਖ ਬਣਾਇਆ ਜਾਂਦਾ ਹੈ। ਜੋ ਕੁੱਝ ਸਮੇਂ ਬਾਦ ਹੀ ਬੰਦ ਹੋ ਜਾਂਦੀਆਂ ਹਨ। ਬੁਢਾਪਾ ਪੈਨਸ਼ਨ ਬੁਜ਼ਰਗਾਂ ਦੀ ਸਮਾਜਿਕ ਤੇ ਆਰਥਿਕ ਸੁਰੱਖਿਆਂ ਨਾਲ ਜੁੜੀ ਹੋਈ ਜਰੂਰੀ ਲੋੜ ਹੈ। ਪਤਾ ਨਹੀਂ ਕੀ ਕਾਰਨ ਕਿ ਬਹੁਤ ਵਾਰੀ ਬੁਜ਼ਰਗਾਂ ਦੀਆਂ ਪੈਨਸ਼ਨਾਂ ਲਾਈਆਂ ਜਾਂਦੀਆਂ ਹਨ ਤੇ ਕੱਟ ਲਈਆਂ ਜਾਂਦੀਆਂ ਹਨ। ਸਮਾਜ ਵਿਚ ਹਾਸ਼ੀਆਂ ਕਿ੍ਰਤ ਜ਼ਿੰਦਗੀ ਹੰਢਾ ਰਹੇ ‘ਬੰਸੋ ਬੁੱਢੀ’ ਵਰਗੇ ਬੁਜ਼ਰਗ ਇਸ ਗਧੀਗੇੜ ਵਿਚ ਆਪਣਾ ਬੁਢਾਪਾ ਰੋਲ ਬਹਿੰਦੇ ਹਨ। ਦਫਤਰਾਂ ਵਿਚ ਖੱਜਲ_ਖੁਆਰੀ ਵੀ ਕੋਈ ਘੱਟ ਨਹੀਂ ਹੁੰਦੀ ਤੇ ਬੁਜ਼ਰਗਾਂ ਨਾਲ ਹਮਦਰਦੀ ਨਾਲ ਹੀ ਪੇਸ਼ ਆਉਣਾ ਚਾਹੀਦਾ ਹੈ।

 


    ‘ਉਦਾਰੀਕਰਨ’ ਦੇ ਜ਼ਰੀਏ ਕਿਵੇਂ ਕੁੱਝ ਧਾਰਨਾਵਾਂ ਟੁੱਟ ਰਹੀਆਂ ਨੇ, ਇਸ ਮਿੰਨੀ ਕਹਾਣੀ ਚੋਂ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ।
    ਪੇਸ਼ ਹਨ ਬਿਕਰਮਜੀਤ ਨੂਰ ਦੀਆਂ ਕੁੱਝ ਮਿੰਨੀ ਕਹਾਣੀਆਂ:

    


ਜਸ਼ਨ

    ਪਿ੍ਰੰਸੀਪਲ ਵੱਲੋਂ ਜਿਸ ਤਰਾਂ ਦਾ ਰੁਖ ਅਖਤਿਆਰ ਕੀਤਾ ਗਿਆ ਸੀ, ਮਨਜੀਤ ਦੇ ਦਿਮਾਗ ਵਿੱਚੋਂ ਨਿਕਲ ਹੀ ਨਹੀਂ ਰਿਹਾ ਸੀ। ਉਸ ਨੇ ਕੁਝ ਗਲਤ ਵੀ ਤਾਂ ਨਹੀਂ ਸੀ ਕੀਤਾ। ਪਿਛਲੇ ਚਾਰ ਸਾਲ ਤੋਂ ਉਹ ‘ਮਾਪੇ-ਅਧਿਆਪਕ ਸਭਾ’ ਫੰਡ ਵਿੱਚੋਂ ਦੋ ਹਜਾਰ ਰੁਪਏ ਮਹੀਨਾ ’ਤੇ ਇਸ ਸਕੂਲ ਦੇ ਬੱਚਿਆਂ ਨੂੰ ਸਖਤ ਮਿਹਨਤ ਨਾਲ ਪੜਾ ਰਹੀ ਸੀ। 

 


    ਨਵਾਂ ਤਨਖਾਹ ਕਮਿਸ਼ਨ ਲਾਗੂ ਹੋ ਜਾਣ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਸੀ। ਇੱਕੋ ਵਾਰੀ ਛੇ-ਛੇ, ਸੱਤ-ਸੱਤ ਹਜਾਰ ਦਾ ਫਾਇਦਾ ਅਤੇ ਬਕਾਇਆ ਅੱਡ ਬਣਦਾ ਸੀ। ਪਿ੍ਰੰਸੀਪਲ ਦੀ ਤਨਖਾਹ ਤਾਂ ਪੰਜਾਹ ਹਜਾਰ ਰੁਪਏ ਦੇ ਨੇੜੇ ਜਾ ਪਹੁੰਚੀ ਸੀ। ਸਕੂਲ ਵਿਚ ਸਾਂਝੇ ਤੌਰ ’ਤੇ ਜਸ਼ਨ ਮਨਾਇਆ ਗਿਆ ਸੀ। ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ਸੀ। ਗਿੱਧੇ ਸਮੇਤ ਬੱਚਿਆਂ ਦੀਆਂ ਹੋਰ ਬਹੁਤ ਸਾਰੀਆਂ ਆਈਟਮਾਂ ਮਨਜੀਤ ਨੇ ਹੀ ਤਿਆਰ ਕਰਵਾਈਆਂ ਸਨ। ਉਹ ਖੁਦ ਆਪਣੇ ਸਕੂਲ ਦੇ ਸਮੇਂ ਦੌਰਾਨ ਅਜਿਹੀਆਂ ਸਭਿਆਚਾਰਕ ਸਰਗਰਮੀਆਂ ਵਿਚ ਮੋਹਰੀ ਰਹਿ ਚੁੱਕੀ ਸੀ।

 


    ਲੰਮਾ ਸਮਾਂ ਪ੍ਰੋਗਰਾਮ ਚੱਲਿਆ। ਨਾਲੋ-ਨਾਲ ਚਾਹ-ਪਾਣੀ, ਠੰਡਾ-ਮਿੱਠਾ ਵੀ ਚਲਦਾ ਰਿਹਾ। ਅੰਤ ਉੱਤੇ ਪਿ੍ਰੰਸੀਪਲ ਨੇ ਆਪਣੇ ਵਿਚਾਰ ਰੱਖੇ ਸਨ। ਉਸ ਨੇ ਮਨਜੀਤ ਦੀ ਅੱਜ ਦੀ ਸਮੁੱਚੀ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ ਸੀ। ਖੁਸ਼ੀ ਨਾਲ ਮਨਜੀਤ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਸੀ।

 


    ਤੇ ਇਹੀ ਖੁਸ਼ੀ ਉਸ ਨੂੰ ਪਿ੍ਰੰਸੀਪਲ ਦੇ ਦਫਤਰ ਵੱਲ ਖਿੱਚ ਕੇ ਲੈ ਗਈ ਸੀ। ਗਰੀਬ ਪਰਵਾਰ ਦੀ ਲਾਇਕ ਕੁੜੀ ਮਨਜੀਤ ਨੂੰ ਬੱਸ ਰਾਹੀਂ ਆਉਣਾ-ਜਾਣਾ ਪੈਂਦਾ ਸੀ। ਕਿਰਾਏ-ਭਾੜੇ ਅਤੇ ਚਾਹ ਆਦਿ ਉੱਤੇ ਹੀ ਮਹੀਨੇ ਦੇ ਪੰਜ ਸੌ ਰੁਪਏ ਖਰਚ ਹੋ ਜਾਂਦੇ ਸਨ। ਕੱਲ ਦੇ ਸੁਖਾਵੇਂ ਮਾਹੌਲ ਨੂੰ ਦੇਖਦੇ ਹੋਏ, ਏਨੇ ਕੁ ਰੁਪਏ ਵਧਾ ਦੇਣ ਦੀ ਉਸ ਨੇ ਅੱਜ ਪਿ੍ਰੰਸੀਪਲ ਨੂੰ ਸਨਿਮਰ ਗੁਜਾਰਿਸ਼ ਕੀਤੀ ਸੀ।

 


    “ਬੇਟੇ, ਇਹ ਤਾਂ ਬਿਲਕੁਲ ਸੰਭਵ ਨਹੀਂ।” ਪਿ੍ਰੰਸੀਪਲ ਦੁਆਰਾ ਬੋਲੇ ਗਏ ਸ਼ਬਦ ‘ਬੇਟੇ’ ਵਿਚ ਅਪਣੱਤ ਦੀ ਭਾਵਨਾ ਹੁੰਦੀ ਤਾਂ ਉਹ ਕੋਈ ਅਗਲਾ ਸਵਾਲ ਵੀ ਕਰਦੀ। ਪਿ੍ਰੰਸੀਪਲ ਨੇ ਤਾਂ ਉਸ ਵੱਲ ਦੇਖਿਆ ਹੀ ਨਹੀਂ ਸੀ ਤੇ ਮੇਜ ਦੇ ਸ਼ੀਸ਼ੇ ਦੇ ਥੱਲੇ ਰੱਖੇ ਟਾਈਮ-ਟੇਬਲ ਵੱਲ ਦੇਖਣ ਲੱਗ ਪਿਆ ਸੀ, ਜਿਵੇਂ ਉਹ ਪੀਰੀਅਡ ਛੱਡ ਕੇ ਦਫਤਰ ਵਿੱਚ ਆ ਪਹੁੰਚੀ ਹੋਵੇ।

 


    ਅੱਠਾਂ ਵਿੱਚੋਂ ਸੱਤ ਪੀਰੀਅਡ ਉਸ ਦੇ ਲੱਗੇ ਹੁੰਦੇ ਸਨ, ਪਰ ਉਹ ਆਪਣੇ ਖਾਲੀ ਪੀਰੀਅਡ ਵਿਚ ਹੀ ਆਈ ਸੀ।


ਹੱਕੀ ਬੱਕੀ ਹੋਈ ਮਨਜੀਤ ਨੂੰ ਵਾਪਸ ਜਾਂਦੀ ਹੋਈ ਨੂੰ ਪਿ੍ਰੰਸੀਪਲ ਸਾਹਿਬ ਨੇ ਇਹ ਵੀ ਸੁਣਾ ਕੇ ਕਹਿ ਦਿੱਤਾ ਸੀ, “ਟੀਚਰ ਤਾਂ ਇਸ ਤੋਂ ਵੀ ਘੱਟ ਤਨਖਾਹ ’ਤੇ ਕੰਮ ਕਰਨ ਨੂੰ ਤਿਆਰ ਹੈਗੇ ਐ, ਤੇ ਤੁਸੀਂ” ਅਧੂਰਾ ਵਾਕ ‘ਸਾਹਿਬ’ ਦੇ ਨੱਕ ’ਚੋਂ ਨਿਕਲੇ ਫੂੰਕਾਰੇ ਵਿਚ ਜਿਵੇਂ ਅਲੋਪ ਹੋ ਗਿਆ ਸੀ।


    ਤੇ ਅਗਲੇ ਦਿਨ ਮਨਜੀਤ ਦਾ ਇੱਕੋ-ਇੱਕ ਖਾਲੀ ਪੀਰੀਅਡ ਵੀ ਉਸ ਦੇ ਟਾਈਮ-ਟੇਬਲ ਵਿਚ ਸ਼ਾਮਲ ਕਰ ਲਿਆ ਗਿਆ ਸੀ।

==============

 

 

ਉਦਾਰੀਕਰਨ


    ਮੀਨੂੰ ਦੀ ਕਿਤੋਂ ਵੀ ਖਬਰ-ਸਾਰ ਨਹੀਂ ਸੀ ਮਿਲੀ। ਬੇਵਕੂਫ ਨੇ ਮਾਂ-ਬਾਪ ਦਾ ਨੱਕ ਵੱਢ ਕੇ ਰੱਖ ਦਿੱਤਾ ਸੀ। ਕਿੰਨੀ ਖੂਬਸੂਰਤ ਕੁੜੀ ਸੀ ਮੀਨੂੰ? ਬੀ.ਏ. ਤੱਕ ਪੜੀ ਹੋਈ?

 


    ਘਰੈਲੂ ਆਰਥਿਕ ਮਜ਼ਬੂਰੀਆਂ ਕਾਰਨ ਉਸ ਨੂੰ ਅੱਗੇ ਨਹੀਂ ਸੀ ਪੜਾਇਆ ਜਾ ਸਕਿਆ। ਵੱਡੀ ਨੀਨਾ ਦੀ ਸ਼ਾਦੀ ਵੀ ‘ਵੱਡੀ’ ਉਮਰ ਵਿਚ ਪਹੁੰਚ ਕੇ ਨੇਪਰੇ ਚੜੀ ਸੀ। ਛੋਟੀ ਵੀ ਕੋਈ ਬਹੁਤਾ ਨਹੀਂ ਸੀ ਪੜ ਸਕੀ। ਇੱਕੋ ਇਕ ਮੁੰਡਾ ਅਜੇ ਨੌਵੀਂ ਜਮਾਤ ਵਿਚ ਪੜ ਰਿਹਾ ਸੀ।

 


    ਪਰ ਮੀਨੂੰ ਨੂੰ ਚੁੱਪਚਾਪ ਬੈਠੀ ਨੂੰ ਇਹ ਕੀ ਸੁੱਝੀ ਕਿ ਇੱਕ ਲਫੰਗੇ ਨਾਲ ਅਤੇ ਦੋ ਬੱਚਿਆਂ ਦੇ ਬਾਪ ਨਾਲ ਹੀ ਉੱਧਲ ਗਈ।

 


    ਪੁਲਿਸ ਥਾਣੇ ਰਿਪੋਰਟ ਆਦਿ ਦਰਜ ਕਰਵਾਈ ਗਈ, ਪਰ ਸਭ ਵਿਅਰਥ। ਬਾਪ ਖਿਝਦਾ ਤੇ ਕਰਿਝਦਾ ਰਹਿੰਦਾ। ਮਾਂ ਰੋਂਦੀ ਰਹੀ, ਕੁਰਲਾਉਂਦੀ ਰਹੀ। ਆਖਿਰ, ਕਿੰਨਾਂ ਕੁ ਪਹਾੜ ਟੁੱਟ ਜਾਣਾ ਸੀ; ਜਿਵੇਂ ਔਖੇ ਸੌਖੇ ਵੱਡੀ ਵਿਆਹੀ ਗਈ ਸੀ, ਇਵੇਂ ਹੀ ਦੇਰ ਸਵੇਰ ਮੀਨੂੰ ਦੇ ਨਾਲ ਨਾਲ ਛੋਟੀ ਨੂੰ ਵੀ ਆਖਿਰ ਤੋਰ ਹੀ ਦਿੱਤਾ ਜਾਣਾ ਸੀ।

 


    ਜੇ ਕਿਤੇ ਹੱਥ ਲੱਗ ਵੀ ਗਏ ਤਾਂ ਦੋਹਾਂ ਦੇ ਟੁਕੜੇ ਟੁਕੜੇ ਕਰ ਕੇ ਰੱਖ ਦਿਆਂਗਾ। ਖੂੁਨ ਬਾਪੂ ਦੇ ਸਿਰ ਨੂੰ ਚੜਦਾ ਤੇ ਉਤਰਦਾ ਰਹਿੰਦਾ। ਉਹ ਸਿਰ ਉੱਚਾ ਚੁੱਕ ਕੇ ਤੁਰਨ ਜੋਗਾ ਨਹੀਂ ਸੀ ਰਿਹਾ।

 


    ਕਦੇ-ਕਦੇ ਉਹ ਬੈਠਾ ਬੈਠਾ ਹੀ ਰੋਣ ਲੱਗ ਪੈਂਦਾ-ਇਨਸਾਨ ਤੋਂ ਗਲਤੀ ਹੋ ਹੀ ਜਾਂਦੀ ਐ। ਮੀਨੂੰ! ਤੂੰ ਹੁਣ ਵਾਪਸ ਆ ਜਾਂਦੀ!..ਮੀਨੂੰ ਦੀ ਮਾਂ ਹੋਰ ਵੀ ਦੁਖੀ ਹੋ ਜਾਂਦੀ।

 


    ਪੂਰਾ ਸਾਲ ਬੀਤ ਗਿਆ। ਮੀਨੂੰ ਤਾਂ ਨਾ ਆਈ, ਇਕ ਦਿਨ ਮੀਨੂੰ ਦਾ ਪੱਤਰ ਜ਼ਰੂਰ ਆਣ ਪਹੁੰਚਿਆ। ਪਹਿਲਾਂ ਮਾਂ ਨੇ ਪੜਿਆ ਤੇ ਫੇਰ ਬਾਪ ਨੇ। ਮੀਨੂੰ ਪਹਿਲਾਂ ਤਾਂ ਕੁੱਝ ਦੇਰ ਆਪਣੇ ‘ਉਨਾਂ’ ਨਾਲ ਦਿੱਲੀ ਰਹੀ ਸੀ ਅਤੇ ਅੱਜਕੱਲ ਬੰਬਈ ਕੰਮ ਕਰ ਰਹੀ ਸੀ। ਉਹ ਮਾਡਲਿੰਗ ਕਰਨ ਲੱਗੀ ਸੀ। ਉਸ ਦੁਆਰਾ ‘ਦਲੇਰਾਨਾ ਢੰਗ’ ਨਾਲ ਕੀਤੀ ਗਈ ਵੱਖ ਵੱਖ ਆਇਟਮਾਂ ਦੀ ਇਸ਼ਤਿਹਾਰਬਾਜ਼ੀ ਅਖਬਾਰਾਂ/ਰਿਸਾਲਿਆਂ ਵਿਚ ਛਪਣ ਲੱਗੀ ਸੀ-ਪੂਰੇ ਦੇ ਪੂਰੇ ਪੰਨਿਆਂ ‘ਤੇ। ਟੈਲੀਵਿਜ਼ਨ ਦੇ ਇਕ ‘ਖਾਸ ਚੈਨਲ’ ਤੇ ਉਸ ਦੁਆਰਾ ਦਿੱਤੀ ਗਈ ਨਹਾਉਣ ਵਾਲੇ ਸਾਬੁਣ ਦੀ ਮਸ਼ਹੂਰੀ ਵੀ ਆਉਣੀ ਸੀ।

 


    ਮੀਨੂੰ ਦੇ ‘ਰੁਝੇਵਿਆਂ’ ਦਾ ਕੋਈ ਹਿਸਾਬ-ਕਿਤਾਬ ਨਹੀਂ ਸੀ। ਰਜਿਸਟਰਡ ਡਾਕ ਰਾਹੀਂ ਪਹੁੰਚੇ ਵੱਡੇ ਲਿਫਾਫੇ ਵਿਚ ਢੇਰ ਸਾਰੀਆਂ ਸਟੂਡਿਓ ਵਿਚੋਂ ਖਿਚਵਾਈਆਂ ਅਤੇ ਅਖਬਾਰਾਂ ਆਦਿ ਵਿਚ ਛਪੀਆਂ ‘ਰੰਗੀਨ’ ਤਸਵੀਰਾਂ ਦੀਆਂ ਕਾਤਰਾਂ ਵੀ ਸਨ। ਨਾਲ ਹੀ ਪਿਤਾ ਦੇ ਨਾਂ ਤੇ ਮੀਨੂੰ ਵੱਲੋਂ ਭੇਜਿਆ ਗਿਆ ਪੰਜਾਹ ਹਜ਼ਾਰ ਰੁਪਏ ਦਾ ਡਰਾਫਟ ਵੀ ਸੀ। ‘ਛੋਟੀ’ ਤੇ ‘ਵੀਰੇ’ ਵਾਸਤੇ ਵੀ ਅਗਲੀ ਵਾਰ ਢੇਰ ਸਾਰੀਆਂ ਚੀਜ਼ਾਂ ਭੇਜਾਂਗੀ।’ ਇਹ ਪੰਕਤੀ ਇੱਕ ਵੱਖਰੇ ਕਾਗਜ਼ ਤੇ ਲਿਖੀ ਮਿਲੀ।

 


    ‘ਜਿਉਂਦੀ ਵਸਦੀ ਰਹੁ ਮੇਰੀਏ ਧੀਏ’ ਕਹਿੰਦਿਆਂ ਮੀਨੂੰ ਦੀ ਮਾਂ ਨੇ ਡਰਾਫਟ ਨੂੰ ਮੱਥੇ ਨਾਲ ਛੁਹਾਇਆ ਅਤੇ ਆਪਣੇ ਪਤੀ ਦੇ ਹੱਥ ਫੜਾ ਦਿੱਤਾ।

 


    ਥੋੜੀ ਦੇਰ ਬਾਅਦ ਮੀਨੂੰ ਦਾ ਪਿਤਾ ਆਪਣੀ ਗਰਦਨ ਅਕੜਾ ਕੇ ਬੈਂਕ ਵੱਲ ਤੁਰਿਆ ਜਾ ਰਿਹਾ ਸੀ।

=============

 


ਸੰਤਾਂ ਦੀ ਰੋਟੀ


    ਮੀਤੋ ਦੇ ਵਾਰ-ਵਾਰ ਜ਼ਿੱਦ ਕਰਨ ਤੇ ਆਖਿਰ ਮਾਂ ਨੇ ਥੱਪੜ ਕੱਢ ਮਾਰਿਆ ਸੀ। ਉਹ ਰੀਂ-ਰੀਂ ਕਰਦਾ ਪਰੇ ਚਲਾ ਗਿਆ ਸੀ। ਮਾਂ ਇਕ ਵਾਰੀ ਫੇਰ ਚੁੱਲੇ-ਚੌਕੇ ਦੇ ਕੰਮ ਵਿਚ ਰੁੱਝ ਗਈ ਸੀ।

 


    ਅੱਜ ਸੰਤਾਂ ਦੀ ਰੋਟੀ ਸੀ। ਆਪਣੇ ਸਿੱਖਾਂ-ਸੇਵਕਾਂ ਦੇ ਮੋਹ-ਪ੍ਰੇਮ ਨੂੰ ਮੁੱਖ ਰੱਖ ਕੇ ਸੰਤ ਹਰਜੀਤ ਸਿੰਘ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਕਰਨ ਆਏ ਹੋਏ ਸਨ। ਹਰ ਸਾਲ-ਛੇ ਮਹੀਨਿਆਂ ਬਾਅਦ ਇੱਧਰ ਫੇਰੀ ਪਾਇਆ ਹੀ ਕਰਦੇ ਸਨ।

 


    ਪਿੰਡ ਦੇ ਲੋਕ ਬੇਸ਼ਕ ਕਾਫੀ ਗਰੀਬ ਸਨ, ਪਰ ਸੰਤਾਂ ਪ੍ਰਤੀ ਉਹਨਾਂ ਦੀ ਅਸੀਮ ਸ਼ਰਧਾ ਸੀ। ਇਸੇ ਲਈ ਲੰਗਰ-ਪਾਣੀ ਬਹੁਤ ਹੀ ਪਿਆਰ ਨਾਲ ਛਕਾਇਆ ਕਰਦੇ ਸਨ।ਬਕਾਇਦਾ ਮੁਰਗਾ ਵੱਢਿਆ ਜਾਂਦਾ। ਢੇਰ ਸਾਰੀਆਂ ਦਾਖਾਂ ਤੇ ਹੋਰ ਸੁੱਕੇ ਮੇਵੇ ਪਾ ਕੇ ਕੜਾਹ-ਪ੍ਰਸ਼ਾਦਿ ਤੇ ਖੀਰ ਆਦਿ ਤਿਆਰ ਕੀਤੇ ਜਾਂਦੇ। ਇਹ ਕੰਮ ਸਵੇਰ ਤੋਂ ਹੀ ਸ਼ੁਰੂ ਕਰ ਲਿਆ ਜਾਂਦਾ।ਵਾਰੋ ਵਾਰੀ ਸਾਰੇ ਘਰ ਦੋ-ਦੋ ਡੰਗ ਸੰਤਾਂ ਨੂੰ ਪ੍ਰਸ਼ਾਦਾ ਛਕਾਉਂਦੇ।

 


    ਮੀਤਾ ਤਾਂ ਹਨੇਰਾ ਹੋਣ ਸਾਰ ਹੀ ਜ਼ਿੱਦ ਕਰਨ ਲੱਗ ਪਿਆ ਸੀ- ‘ਬੇਬੇ, ਭੁੱਖ ਲੱਗੀ ਐ।’ 


‘ਨਾ ਪੁੱਤਰ, ‘ਮਹਾਰਾਜ ਜੀ’ ਦੇ ਛਕਣ ਤੋਂ ਬਾਅਦ।ਤੇ ਥੱਪੜ ਖਾਣ ਤੋਂ ਬਾਅਦ ਮੀਤਾ ਦੁਬਾਰਾ ਮਾਂ ਦੇ ਨੇੜੇ ਨਹੀਂ ਸੀ ਗਿਆ।


    ਕਥਾ-ਕੀਰਤਨ ਤੋਂ ਵਿਹਲੇ ਹੋ ਕੇ ਰਾਤ ਦੇ ਕਰੀਬ ਗਿਆਰਾਂ ਵਜੇ ਸੰਤਾਂ ਨੇ ਆਪਣੇ ਸਿੰਘਾਂ ਸਮੇਤ ਭੋਜਨ ਛਕਿਆ। ਅਰਦਾਸ ਹੋਈ।ਜੈਕਾਰੇ ਛੱਡੇ ਗਏ। ਬਾਕੀ ਪਰਿਵਾਰ ਨੇ ‘ਸੀਤ-ਪ੍ਰਸਾਦਿ’ ਵੱਜੋਂ ਰੋਟੀ ਖਾਧੀ ਤੇ ਸੌਂ ਗਏ।

 


ਸਵੇਰੇ ਉੱਠ ਕੇ ਬੇਬੇ ਨੇ ਵੇਖਿਆ, ਪਾਸੇ ਜਿਹੇ ਇਕ ਅਲਾਣੀ ਮੰਜੀ ਉੱਤੇ ਮੀਤਾ ਘੂਕ ਸੁੱਤਾ ਹੋਇਆ ਸੀ।


ਉਸ ਦੀਆਂ ਲੱਤਾਂ ਮੰਜੀ ਦੀ ਦੌਣ ਵਿੱਚੋਂ ਥੱਲੇ ਲਮਕ ਰਹੀਆਂ ਸਨ।

===============


 ਬੰਸੋ ਬੁੱਢੀ


    ਹੁਣ ਤਕ ਤਾਂ ਬੇਸ਼ਕ ਬੈਂਕ ਵਿਚ ਕਾਫੀ ਭੀੜ ਹੋ ਗਈ ਸੀ, ਪਰ ਜਦੋਂ ਬੰਸੋ ਬੁੱਢੀ ਆਈ ਸੀ ਉਦੋਂ ਤਾਂ ਸੋਫਾ ਖਾਲੀ ਪਿਆ ਸੀ। ਸੋਫਾ ਖਾਲੀ ਪਿਆ ਹੋਣ ਦੇ ਬਾਵਜੂਦ ਵੀ ਉਹ ਬਰਫ ਵਰਗੇ ਠੰਡੇ ਫਰਸ਼ ਉੱਤੇ ਹੀ ਬੈਠ ਗਈ ਸੀ, ਇਹ ਸੋਚ ਕੇ ਕਿ ਕਿਤੇ ਬੈਂਕ ਵਾਲੇ ਹੋਰ ਵੀ ਨਾਰਾਜ਼ ਨਾ ਹੋ ਜਾਣ। ਪਿਛਲੇ ਦੋ ਹਫਤਿਆਂ ਵਿਚ ਇਹ ਉਸ ਦਾ ਤੀਜਾ ਗੇੜਾ ਸੀ। ਪਿਛਲੇ ਦੋ ਮਹੀਨੇ ਤਾਂ ਉਹ ਸੌ-ਸੌ ਦੇ ਦੋ-ਦੋ ਨਵੇਂ ਨਕੋਰ ਨੋਟ ਇਕ ਮੈਲੇ-ਕੁਚੈਲੇ ਤੇ ਪੁਰਾਣੇ ਜਿਹੇ ਰੁਮਾਲ ਵਿੱਚ ਘੁੱਟ ਕੇ ਬੰਨ, ਚੰਗੀ ਤਰਾਂ ਗੀਜੇ ਵਿਚ ਪਾ-ਸੰਭਾਲ ਕੇ ‘ਛਾਲਾਂ’ ਮਾਰਦੀ ਪਿੰਡ ਆ ਜਾਇਆ ਕਰਦੀ ਸੀ।

 

 

ਬੰਸੋ ਬੁੱਢੀ ਦਾ ਅੱਗਾ ਨਾ ਪਿੱਛਾ। ਦੋ ਸੌ ਰੁਪਿਆ ਤਾਂ ਖਾਧਿਆਂ-ਪੀਤਿਆਂ ਨਹੀਂ ਸੀ ਮੁਕਦਾ।‘ਬੇਬੇ ਤੇਰੀ ਪੈਨਸ਼ਨ ਲੁਆਤੀ। ਬੋਟ ਹੁਣ ਸਾਨੂੰ ਪਾਈਂ’ ਮਾਨਾਂ ਦੀ ਪੱਤੀ ਵਾਲਾ ਛਿੰਦਾ ਵੋਟਾਂ ਵਾਲਾ ਨਿਸ਼ਾਨ ਵੀ ਦੱਸ ਗਿਆ ਸੀ। ਫੋਟੋ ਕਰਵਾ ਕੇ ਉਸੇ ਨੇ ਹੀ ਬੈਂਕ ਦੀ ਕਾਪੀ ਬਣਵਾ ਕੇ ਦਿੱਤੀ ਸੀ। ਪਹਿਲੀ ਵਾਰੀ ਬੰਸੋ ਦੇ ਨਾਲ ਬੈਂਕ ਵੀ ਉਹੋ ਹੀ ਆਇਆ ਸੀ। ਪੈਨਸ਼ਨ ਲੈਣ ਦੋ ਵਾਰੀ ਡਿਗਦੀ-ਢਹਿੰਦੀ, ਪੁੱਛਦੀ-ਪੁਛਾਂਦੀ ਉਹ ਆਪ ਹੀ ਆ ਗਈ ਸੀ। ਪੈਨਸ਼ਨ ਤਾਂ ਪਿੰਡ ਦੇ ਹੋਰ ਵੀ ਬੰਦੇ-ਬੁੜੀਆਂ ਨੂੰ ਲੱਗੀ ਸੀ, ਪਰ ਨਿਮਾਣੀ-ਨਿਤਾਣੀ ਬੰਸੋ ਨੂੰ ਨਾਲ ਲੈ ਕੇ ਨਹੀਂ ਸੀ ਆਉਂਦਾ ਕੋਈ।

 


    ਪਹਿਲੇ ਦੋ ਮਹੀਨੇ ਆਰਾਮ ਨਾਲ ਮਿਲਦੇ ਰਹੇ ਸਨ ਪੈਸੇ। ਇਸ ਮਹੀਨੇ ਕੀ ਚੱਕਰ ਪੈ ਗਿਆ ਸੀ? ਬੰਸੋ ਬੁੱਢੀ ਦੀ ਸਮਝ ਵਿਚ ਨਹੀਂ ਸੀ ਆਉਂਦਾ। ਇਕ ਵਾਰੀ ਤਾਂ ਬੈਂਕ ਦੇ ਬਾਬੂ ਨੇ ਜ਼ਰਾ ਆਰਾਮ ਨਾਲ ਕਿਹਾ ਸੀ, ‘ਅਜੇ ਥੋਡੀ ਪੈਨਸ਼ਨ ਦੇ ਪੈਸੇ ਨਹੀਂ ਆਏ ਮਾਈ, ਫੇਰ ਕਿਤੇ ਆ ਕੇ ਕਰ ਲੀਂ ਪਤਾ।’, ਪਰ ਦੂਜੀ ਵਾਰੀ ਤਾਂ ਟੁੱਟ ਕੇ ਹੀ ਪੈ ਗਿਆ ਸੀ, ‘ਸਿਰ ਕਿਉਂ ਖਾਈ ਜਾਨੀਂ ਐਂ? ਸੋਮਵਾਰ ਆਈਂ ਪਤਾ ਕਰਨ।’‘


    ਪੁੱਤ, ਸੋਮਵਾਰ ਕਿੰਨੇ ਦਿਨਾਂ ਨੂੰ ਆਊ?’


    ‘ਐਤਵਾਰ ਤੋਂ ਅਗਲੇ ਦਿਨ।’ ਤੇ ਬਾਬੂ ਬੰਸੋ ਬੁੱਢੀ ਨੂੰ ਹੋਰ ਚੱਕਰ ਵਿਚ ਪਾ ਕੇ ਆਪਣੇ ਕੰਮ ਵਿਚ ਰੁਝ ਗਿਆ ਸੀ।

 


    ਅੱਜ ਵੀ ਦੁਬਲੇ-ਪਤਲੇ ਕਮਜ਼ੋਰ ਚਿਹਰੇ, ਅੰਦਰ ਨੂੰ ਧਸੀਆਂ ਨਿਰਜੋਤ ਜਿਹੀਆਂ ਅੱਖਾਂ ਉੱਤੇ ਮੈਲੇ ਸ਼ੀਸ਼ਿਆਂ ਵਾਲੀ ਐਨਕ ਲਾਈ ਕੰਬਦੇ ਹੱਥਾਂ ਵਿਚ ਪੈਨਸ਼ਨ ਵਾਲੀ ਕਾਪੀ ਲੈ ਕੇ ਉਹ ਕਿੰਨੇ ਚਿਰ ਤੋਂ ਕਾਉਂਟਰ ਤੇ ਕੂਹਣੀਆਂ ਟਿਕਾਈ ਖੜੀ ਸੀ। ਪਰ ਉਸਦੀ ਕਿਸੇ ਨੇ ਬਾਤ ਨਹੀਂ ਸੀ ਪੁੱਛੀ। ਬੇਸ਼ਕ ਗਾਹਕਾਂ ਦੀ ਭੀੜ ਹੋ ਜਾਣ ਤੋਂ ਪਹਿਲਾਂ ਉਹ ਕਿੰਨੇ ਹੀ ਵਾਰੀ ਵਿੰਗਾ ਜਿਹਾ ਮੂੰਹ ਕਰਕੇ ਫਰਿਆਦ ਕਰ ਚੁੱਕੀ ਸੀ, ‘ਵੇ ਪੁੱਤ, ਦੇਖੀਂ ਮੇਰੀ ਪਿਲਸਨ ਆ ਗਈ?’

 


    ਆਖਿਰ ਘੰਟਾ ਭਰ ਖੜੀ ਰਹਿਣ ਤੋਂ ਬਾਅਦ ਗੰਨਮੈਨ ਨੇ ਝਿੜਕ ਦਿੱਤਾ ਸੀ‘ਮਾਈ, ਹੈਥੇ ਬਹਿਜਾ ‘ਰਾਮ ਨਾਲ। ਅਸੀਂ ਆਪੇ ਦੇਖ ਕੇ ਦੱਸ ਦਿਆਂਗੇ।’

 


    ਦੋ-ਢਾਈ ਵਜੇ ਬੋਂਕ ਦਾ ਅਮਲਾ-ਫੈਲਾ ਜਦੋਂ ਰੋਟੀ ਖਾਣ ਲਈ ਉੱਠਿਆ ਤਾਂ ਠੰਡ ਅਤੇ ਭੁੱਖ ਨਾਲ ਅੱਧਮੋਈ ਜਿਹੀ ਹਾਲਤ ਵਿਚ ਅਜੇ ਵੀ ਪੈਨਸ਼ਨ ਵਾਲੀ ਕਾਪੀ ਹੱਥ ਵਿਚ ਫੜੀ ਬੈਠੀ ਬੰਸੋ ਨੂੰ ਦੇਖ ਕੇ, ਇਕ ਮੁਲਾਜ਼ਮ ਨੇ ਤਰਸ ਖਾ ਉਸਦੇ ਨੇੜੇ ਜਾ ਉੱਚੀ ਬੋਲ ਕੇ ਸਮਝਾਉਣਾ ਚਾਹਿਆ, ‘ਤੇਰੀ ਪੈਨਸ਼ਨ ਬੰਦ ਹੋ ਗਈ।’

 


    ਬੁੱਢੀ ਸੋਟੀ ਦੇ ਸਹਾਰੇ ਕਾਫੀ ਸਾਰਾ ਵਕਤ ਲਾ ਕੇ ਉੱਠ ਖੜੀ ਹੋਈ। ਦੋ-ਤਿੰਨ ਵਾਰੀ ਮੁਲਾਜ਼ਮ ਦੇ ਮੂੰਹੋਂ ਉਹੀ ਸ਼ਬਦ ਸੁਣ ਕੇ ਉਹ ਡੱਡੋਲਿਕੀ ਹੋ ਕੇ ਮੱਧਮ ਆਵਾਜ਼ ਵਿਚ ਬੋਲੀ, ਕਿਉਂ ਪੁੱਤ?

 


‘ਮਾਤਾ, ਸਰਕਾਰ ਬਦਲ ਗਈ ਐ।’ ਮੁਲਾਜ਼ਮ ਨੇ ਕਿਹਾ ਤੇ ਰੋਟੀ ਖਾਣ ਚਲਾ ਗਿਆ।

==============


ਮੂਕ ਸ਼ਬਦਾਂ ਦੀ ਵਾਪਸੀ

 

    ਦਲਜੀਤ ਨੂੰ ਵਿਆਹ-ਸ਼ਾਦੀਆਂ ਦਾ ਰੌਲਾ-ਰੱਪਾ ਚੰਗਾ ਨਹੀਂ ਸੀ ਲਗਦਾ। ਪਰ ਅੱਜ ਉਸ ਦਾ ਜੀਅ ਲੱਗਾ ਹੋਇਆ ਸੀ। ਪਰੀਆਂ ਵਰਗੀ ਇਕ ਤੀਵੀਂ ਕੁਝ ਇਸ ਅਦਾ ਨਾਲ ‘ਛਣ-ਛਣ’ ਕਰਦੀ ਫਿਰਦੀ ਸੀ ਕਿ ਹਰ ਇਕ ਦੇ ਦਿਲ ਨੂੰ ਜ਼ਖ਼ਮੀ ਕਰ ਸਕਦੀ ਸੀ। ਪਰ ‘ਹਰ ਇਕ’ ਨਾਲ ਦਲਜੀਤ ਨੂੰ ਕੀ ਮਤਲਬ? ਉਹ ਤਾਂ ਖੁਦ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ, ਦਿਲ ਵਿਚ ਮਿਠਾਸ ਭਰ ਦੇਣ ਵਾਲਾ ਉਸ ਦਾ ਨਾਂ ਜਾਣਨਾ ਚਾਹੁੰਦਾ ਸੀ। ਪਰ ਨਹੀਂ, ਉਹ ਪਰੀ ਕੋਈ ਮੌਕਾ ਨਹੀਂ ਸੀ ਦੇ ਰਹੀ।

 


    ‘ਮੈਂ ਉਸ ਨੂੰ ਕਹਾਂਗਾ’ ਇਹ ਵਾਕ ਕਿੰਨੀ ਵਾਰੀ ਦਲਜੀਤ ਦੇ ਹੋਠਾਂ ਉੱਤੇ ਆਇਆ ਤੇ ਇਕ ਅਨਹਦ ਜਿਹੀ ਝੁਨਕਾਰ ਦਾ ਸੰਚਾਰ ਕਰਦਾ ਚਲਾ ਗਿਆ। ‘ਬਿਜਲੀ ਦੀ ਲਿਸ਼ਕ’ ਇੱਧਰ-ਉੱਧਰ ਟਪੂੰ-ਟਪੂੰ ਕਰਦੀ ਫਿਰ ਰਹੀ ਸੀ। ਸਜੇ-ਸੰਵਰੇ ਵਾਲ, ਸੁਰਮਈ ਅੱਖਾਂ ਤੇ ਹੋਠਾਂ ਤੇ ਲਾਲੀ।

 


    ਦਲਜੀਤ ਸੋਚ ਰਿਹਾ ਸੀ ਕਿਸ ਖੁਸ਼ਕਿਸਮਤ ਦੇ ਘਰ ਦਾ ਸ਼ਿੰਗਾਰ ਬਣੀ ਹੋਵੇਗੀ ਇਹ? ਉਸ ਨੇ ਦਲਜੀਤ ਵੱਲ ਵੇਖਿਆ ਵੀ ਸੀ ਜਾਂ ਨਹੀਂ, ਪਰ ਇਕ ਮਿੱਠੇ-ਮਿੱਠੇ ਅਹਿਸਾਸ ਨੇ ਤਰਕਾਲਾਂ ਕਰ ਦਿੱਤੀਆਂ ਸਨ।

 


    ਸੋਲਵੇਂ ਸਾਲ ਵਿਚ ਪੈਰ ਰੱਖ ਰਿਹਾ ਦਲਜੀਤ ਦਾ ਬੇਟਾ, ਜਿਹੜਾ ਸਵੇਰ ਦਾ ਪਤਾ ਨਹੀਂ ਕਿੱਥੇ ਰਿਹਾ ਸੀ, ਬਹੁਤ ਹੀ ਖੁਸ਼-ਖੁਸ਼ ਆਪਣੇ ਡੈਡੀ ਦੇ ਨੇੜੇ ਆਇਆ। ਪਹਿਲਾਂ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਿਹਾ, ਫਿਰ ਬਹੁਤ ਹੀ ਸੁਭਾਵਕ ਲਹਿਜੇ ਵਿਚ ਕਹਿਣ ਲੱਗਾ, ਡੈਡੀ ਜੀ, ਔਹ ਆਂਟੀ (ਉਸ ਦਾ ਇਸ਼ਾਰਾ ਉਸ ਪਰੀ ਵੱਲ ਸੀ) ਬਹੁਤ ਚੰਗੇ ਐ।

 


    ਦਲਜੀਤ ਤ੍ਰਭਕ ਗਿਆ ਸੀ। ਪਰ ਪ੍ਰੋੜ ਉਮਰ ਨੇ ਚਿਹਰੇ ਉੱਤੇ ਇਸ ਮਾਨਸਕ ਖਲਲ ਨੂੰ ਸਪਸ਼ਟ ਨਹੀਂ ਸੀ ਹੋਣ ਦਿੱਤਾ।

 


    ਮੁੰਡਾ ਕਹਿੰਦਾ ਚਲਾ ਗਿਆ, ਆਂਟੀ ਦਾ ਨਾਂ ਪੂਨਮ ਐ। ਗਿੱਧੇ ਵੇਲੇ ਉਹ ਮੇਰਾ ਹੱਥ ਫੜ ਕੇ ਨੱਚੇ ਵੀ ਸੀ।


ਦਲਜੀਤ ਨੇ ਮੁੰਡੇ ਦੇ ਚਿਹਰੇ ਵੱਲ ਦੇਖਿਆ, ਜਿਸ ਉੱਤੇ ਲਾਲੀ ਫੈਲ ਗਈ ਸੀ। ਮੁੰਡੇ ਦਾ ਕੱਦ-ਕਾਠ ਉਸ ਨੂੰ ਆਪਣੇ ਤੋਂ ਤਕੜਾ ਤੇ ਉੱਚਾ ਜਾਪਿਆ, ਜਿਹੜਾ ਕਿ ਹੁਣੇ-ਹੁਣੇ ਹੀ ਹੋ ਗਿਆ ਹੋਵੇ।


    ਉਸ ਨੇ ਆਪਣੀ ਗਰਦਨ ਦੂਜੇ ਪਾਸੇ ਘੁਮਾ ਲਈ ਤੇ ਆਪਣੇ ਅੰਦਰਲੇ ਸ਼ਬਦਾਂ ਨੂੰ ਅੰਦਰੋਂ-ਅੰਦਰ ਹੀ ਵਾਪਸ ਲੈ ਲਿਆ ।
   

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gentle Writer of Punjabi Mini Kahani Bikramjit Noor