ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

50 ਕਰੋੜ ਦਾ 160 ਕਿਲੋ ਸੋਨਾ ਹੋਰ ਜਗਮਗਾਏਗਾ ਸ੍ਰੀ ਹਰਿਮੰਦਰ ਸਾਹਿਬ ਨੂੰ

50 ਕਰੋੜ ਦਾ 160 ਕਿਲੋ ਸੋਨਾ ਹੋਰ ਜਗਮਗਾਏਗਾ ਸ੍ਰੀ ਹਰਿਮੰਦਰ ਸਾਹਿਬ ਨੂੰ

ਸਿੱਖਾਂ ਦੇ ਸਭ ਤੋਂ ਵੱਧ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹੁਣ 50 ਕਰੋੜ ਰੁਪਏ ਦੇ 160 ਕਿਲੋਗ੍ਰਾਮ ਸੋਨੇ ਨਾਲ ਹੋਰ ਵੀ ਜਿ਼ਆਦਾ ਜਗਮਗਾਏਗਾ। ਸੋਨੇ ਦੇ ਇਹ ਨਵੇਂ ਪੱਤਰੇ ਚਾਰ ਡਿਓਢੀਆਂ ਦੇ ਗੁੰਬਦਾਂ `ਤੇ ਲਾਏ ਜਾ ਰਹੇ ਹਨ। ਇਹ ਸੋਨਾ ਉਸ ਤੋਂ ਵੱਖਰਾ ਹੈ, ਜੋ ਪਹਿਲਾਂ ਤੋਂ ਹੀ ਪਵਿੱਤਰ ਸਰੋਵਰ ਦੇ ਵਿਚਕਾਰ ਸਥਿਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦਾਂ ਅਤੇ ਦਰਸ਼ਨੀ ਡਿਓਢੀ `ਤੇ ਲੱਗਾ ਹੋਇਆ ਹੈ।


ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੀ ਜਿ਼ੰਮੇਵਾਰੀ ਸੰਭਾਲਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਚਾਰ ਡਿਓਢੀਆਂ `ਤੇ ਸੋਨ ਪੱਤਰੇ ਚੜ੍ਹਾ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਹੈ।। ਇਹ ਚਾਰ ਡਿਓਢੀਆਂ ਭਾਵ ਚਾਰ ਦੁਆਰ ਇਹੋ ਦਰਸਾਉਂਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਸਭ ਪਾਸਿਓਂ ਖੁੱਲ੍ਹਾ ਹੈ ਤੇ ਇੱਥੇ ਕੋਈ ਵੀ ਮਾਣ-ਮਰਿਆਦਾ ਦਾ ਖਿ਼ਆਲ ਰੱਖਦਿਆਂ ਆ ਸਕਦਾ ਹੈ।


ਉਨ੍ਹਾਂ ਅੱਗੇ ਦੱਸਿਆ,‘‘ਚਾਰ ਡਿਓਢੀਆਂ ਦੇ ਹਰੇਕ ਗੁੰਬਦ `ਤੇ 40 ਕਿਲੋਗ੍ਰਾਮ ਸੋਨਾ ਚੜ੍ਹਾਇਆ ਜਾਣਾ ਹੈ। ਘੰਟਾ ਘਰ ਲਾਗੇ ਮੁੱਖ ਡਿਓਢੀ `ਤੇ ਸੋਨ ਪੱਤਰੇ ਚੜ੍ਹਾਉਣ ਦਾ ਕਾਰਜ ਕਾਰ ਸੇਵਾ ਰਾਹੀਂ ਬੀਤੇ ਅਪ੍ਰੈਲ ਮਹੀਨੇ ਤੋਂ ਹੀ ਚੱਲ ਰਿਹਾ ਹੈ। ਪਹਿਲੀ ਡਿਓਢੀ ਦਾ ਇਹ ਕੰਮ ਮੁਕੰਮਲ ਹੋਣ `ਤੇ ਬਾਕੀ ਦੀਆਂ ਡਿਓਢੀਆਂ `ਤੇ ਸੋਨ ਪੱਤਰੇ ਚੜ੍ਹਾਉਣ ਦਾ ਕੰਮ ਕੀਤਾ ਜਾਵੇਗਾ।``

50 ਕਰੋੜ ਦਾ 160 ਕਿਲੋ ਸੋਨਾ ਹੋਰ ਜਗਮਗਾਏਗਾ ਸ੍ਰੀ ਹਰਿਮੰਦਰ ਸਾਹਿਬ ਨੂੰ
ਸੁਨਹਿਰੀ ਜੁੱਗ ਤੇ ਉਸ ਤੋਂ ਬਾਅਦ
192 ਵਰ੍ਹੇ ਪਹਿਲਾਂ ਸਿੱਖ ਹਾਕਮ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਲਈ 16.39 ਲੱਖ ਰੁਪਏ ਦਾਨ ਵਜੋਂ ਦਿੱਤੇ ਸਨ। ਸੋਨ-ਪੱਤਰੇ ਚੜ੍ਹਾਉਣ ਦਾਪਹਿਲਾ ਕੰਮ ਮੁਹੰਮਦ ਖ਼ਾਨ ਨਾਂਅ ਦੇ ਇੱਕ ਕਾਰੀਗਰ ਨੇ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਤੋਂ ਇਲਾਵਾ, ਉਨ੍ਹਾਂ ਦੀਆਂ ਰਾਣੀਆਂ ਤੇ ਕੁਝ ਹੋਰ ਉੱਘੇ ਸਿੱਖਾਂ ਨੇ ਵੀ ਇਸ ਸੇਵਾ ਲਈ ਵੱਡੀਆਂ ਰਕਮਾਂ ਦਾਨ ਕੀਤੀਆਂ ਸਨ। ‘ਤਵਾਰੀਖ਼ ਸ੍ਰੀ ਅੰਮ੍ਰਿਤਸਰ` ਨਾਂਅ ਦੀ ਪੁਸਤਕ ਮੁਤਾਬਕ ਉਸ ਵੇਲੇ ਸੋਨ ਪੱਤਰੇ ਚੜ੍ਹਾਉਣ `ਤੇ ਕੁੱਲ 64.11 ਲੱਖ ਰੁਪਏ ਖ਼ਰਚ ਕੀਤੇ ਗਏ ਸਨ।


1984 `ਚ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਸਿੱਖ ਜੱਥੇਬੰਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੁਰੰਮਤ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਤੇ ਇੰਗਲੈਂਡ `ਚ ਬਰਮਿੰਘਮ ਦੇ ਗੁਰਦੁਆਰਾ ਸੋਹੋ ਮਾਰਗ ਵੱਲੋਂ ਤਦ ਨਵੇਂ ਸੋਨ-ਪੱਤਰੇ ਚੜ੍ਹਾਉਣ ਦਾ ਕਾਰਜ ਸੰਪੰਨ ਕੀਤਾ ਸੀ। ਉਹ ਹਕੰਮ ਫ਼ਰਵਰੀ 1995 `ਚ ਅਰੰਭ ਹੋ ਕੇ ਅਪ੍ਰੈਲ 1999 `ਚ ਮੁਕੰਮਲ ਹੋਇਆ ਸੀ।

50 ਕਰੋੜ ਦਾ 160 ਕਿਲੋ ਸੋਨਾ ਹੋਰ ਜਗਮਗਾਏਗਾ ਸ੍ਰੀ ਹਰਿਮੰਦਰ ਸਾਹਿਬ ਨੂੰ
ਸ਼ਰਧਾ ਅਤੇ ਦਾਨ
ਮੁੱਖ ਡਿਓਢੀ ਦੇ ਐਨ ਵਿਚਕਾਰ ਇੱਕ ਵੱਡਾ ਗੁੰਬਦ ਹੈ ਤੇ ਇਸ ਦੇ ਆਲੇ-ਦੁਆਲੇ ਚਾਰ ਹੋਰ ਛੋਟੇ ਗੁੰਬਦ ਹਨ। ਇਨ੍ਹਾਂ ਗੁੰਬਦਾਂ `ਤੇ ਸੋਨ ਪੱਤਰੇ ਜੜੇ ਜਾ ਰਹੇ ਹਨ। ਇਹ ਪੱਤਰੇ ਉਂਝ ਤਾਂਬੇ ਦੇ ਬਣੇ ਹੁੰਦੇ ਹਨ, ਜਿਨ੍ਹਾਂ `ਤੇ ਸੋਨਾ ਚੜ੍ਹਿਆ ਹੁੰਦਾ ਹੈ। ਕਾਰ ਸੇਵਾ ਕਰਨ ਵਾਲੀ ਜੱਥੇਬੰਦੀ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੇ ਦੱਸਿਆ ਕਿ ਹਰੇਕ ਗੁੰਬਦ `ਤੇ 40 ਕਿਲੋਗ੍ਰਾਮ ਸੋਨਾ ਲੱਗਣ ਦੀ ਸੰਭਾਵਨਾ ਹੈ ਪਰ ਇਸ ਵਿੱਚ 10 ਕਿਲੋਗ੍ਰਾਮ ਦਾ ਵਾਧਾ ਵੀ ਹੋ ਸਕਦਾ ਹੈ।


ਉਨ੍ਹਾਂ ਦੱਸਿਆ ਕਿ ਪੱਤਰਿਆਂ ਲਈ ਵਰਤਿਆ ਜਾਣ ਵਾਲਾ ਸੋਨਾ ਸੰਗਤ ਨੇ ਦਾਨ ਕੀਤਾ ਹੈ। ‘‘ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਲਈ ਇੱਕ ਬੇਹੱਦ ਪਵਿੱਤਰ ਅਸਥਾਨ ਹੈ। ਗੁਰਬਾਣੀ ਵਿੱਚ ਇਸ ਦੀ ਮਹੱਤਤਾ ਨੂੰ ਕੁਝ ਇੰਝ ਉਜਾਗਰ ਕੀਤਾ ਗਿਆ ਹੈ: ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ` - ਭਾਵ ਮੈਂ ਸਾਰੇ ਸਥਾਨ ਵੇਖੇ ਹਨ ਪਰ ਤੁਹਾਡੇ ਜਿੰਨਾ ਖ਼ੂਬਸੂਰਤ ਕਿਤੇ ਵੀ ਨਹੀਂ ਵੇਖ ਸਕਿਆ। ਸੰਗਤ ਸਦਾ ਦਾਨ ਕਰਨ ਅਤੇ ਇਸ ਦੀ ਪਵਿੱਤਰਤਾ ਤੇ ਖ਼ੂਬਸੂਰਤ ਵਾਸਤੇ ਹਰ ਬਲੀਦਾਨ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪਵਿੱਤਰ ਅਸਥਾਨ ਕੁਝ ਦਾਨ ਕਰ ਕੇ ਉਨ੍ਹਾਂ ਨੂੰ ਆਸ਼ੀਰਵਾਦ ਲੈਣ ਦਾ ਇੱਕ ਮੌਕਾ ਮਿਲਦਾ ਹੈ। ਦੇਸ਼-ਵਿਦੇਸ਼ ਦੇ ਸ਼ਰਧਾਲੂ ਜਿ਼ਆਦਾਤਰ ਗਹਿਣਿਆਂ ਦੀ ਸ਼ਕਲ ਵਿੱਚ ਸੋਨਾ ਦਾਨ ਕਰਦੇ ਹਨ ਕੁਝ ਇਸ ਸੋਨੇ ਲਈ ਨਕਦ ਰਕਮਾਂ ਵੀ ਦਾਨ ਕਰਦੇ ਹਨ।``


ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਕਾਰ ਸੇਵਾ ਜੱਥੇਬੰਦੀ ਨੇ ਇੱਕ ਕੈਬਿਨ ਸਥਾਪਤ ਕੀਤਾ ਹੇ, ਜਿੱਥੇ ਧਨ ਦਾਨ ਕੀਤਾ ਜਾ ਸਕਦਾ ਹੈ। ਸੋਨ ਪੱਤਰੇ ਤਰਨ ਤਾਰਨ ਰੋਡ `ਤੇ ਸਥਿਤ ਕਾਰ ਸੇਵਾ ਜੱਥੇਬੰਦੀ ਦੇ ਮੁੱਖ ਦਫ਼ਤਰ `ਤੇ ਤਿਆਰ ਕੀਤੇ ਜਾਂਦੇ ਹਨ।


ਤਾਂਬੇ ਤੋਂ ਸੋਨਾ
ਸੋਨ ਪੱਤਰਿਆਂ ਲਈ ਦਾਨ ਕੀਤੇ ਗਹਿਣੇ ਆਮ ਤੌਰ `ਤੇ 22 ਕੈਰੇਟ ਦੇ ਹੁੰਦੇ ਹਨ, ਇਸੇ ਲਈ ਪਹਿਲਾਂ ਉਨ੍ਹਾਂ ਨੂੰ ਸ਼ੁੱਧ ਕਰ ਕੇ 24 ਕੈਰੇਟ ਦੇ ਬਣਾਇਆ ਜਾਂਦਾ ਹੈ। ਫਿਰ ਸ਼ੁੱਧ ਸੋਨੇ ਨੂੰ ਪਿਘਲਾ ਕੇ ਇੱਕ ਵੱਡੀ ਬਾਰ ਦਾ ਰੂਪ ਦਿੱਤਾ ਜਾਂਦਾ ਹੈ। ਫਿਰ ਉਸ `ਤੇ ਬਹੁਤ ਜਿ਼ਆਦਾ ਦਾਬ ਦੇ ਕੇ ਇੱਕ ਨਿਸ਼ਚਤ ਮੋਟਾਈ ਦੇ ਪੱਧਰੇ ਰਿਬਨ ਤਿਆਰ ਕੀਤੇ ਜਾਂਦੇ ਹਨ।


ਸੋਨ ਪੱਤਰਿਆਂ ਦੇ ਕੰਮ `ਤੇ ਨਿਗਰਾਨੀ ਰੱਖਣ ਵਾਲੇ ਬਲਬੀਰ ਸਿੰਘ ਹੁਰਾਂ ਦੱਸਿਆ,‘‘ਹਰੇਕ ਰਿਬਨ ਦੀ ਪੱਤੀ ਨੂੰ ਛੋਟੇ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਕੁੱਟ-ਕੁੱਟ ਕੇ ਹੋਰ ਪਤਲੇ ਪੱਤਰਿਆਂ ਦਾ ਰੂਪ ਦਿੱਤਾ ਜਾਂਦਾ ਹੈ। ਉਹ ਪੱਤਰੇ ਕਾਗਜ਼ ਦੀਆਂ ਤੈਹਾਂ ਵਿੱਚ ਸੰਭਾਲ ਕੇ ਰੱਖੇ ਜਾਂਦੇ ਹਨ। ਸੋਨੇ ਦੇ 95 ਪੱਤਰੇ ਤਿਆਰ ਕੀਤੇ ਜਾਂਦੇ ਹਨ ਤੇ ਹਰੇਕ ਦਾ ਵਜ਼ਨ 15 ਗ੍ਰਾਮ ਹੁੰਦਾ ਹੈ।``


ਫਿਰ ਤਿਆਰ ਹੋਏ ਉਸ ਤਾਂਬੇ ਦੇ ਪੱਤਰੇ ਨੂੰ ਰੇਤ, ਇਮਲੀ ਅਤੇ ਤੇਜ਼ਾਬ ਤੇ ਪਾਰੇ ਦੇ ਮਿਸ਼ਰਣ ਨਾਲ ਸਾਫ਼ ਕੀਤਾ ਜਾਂਦਾ ਹੈ। ਇੰਝ ਇਹ ਚਮਕੀਲਾ ਚਾਂਦੀ ਰੰਗਾ ਬਣ ਜਾਂਦਾ ਹੈ। ਉਸ ਤੋਂ ਬਾਅਦ ਉਸ ਤਾਂਬੇ `ਤੇ ਸੋਨੇ ਦੇ 20 ਪੱਤਰੇ ਚੜ੍ਹਾਏ ਜਾਂਦੇ ਹਨ।


ਸੋਨ ਪੱਤਰੇ ਚੜ੍ਹਾਉਣ ਤੋਂ ਬਾਅਦ ਵੀ ਸ਼ੀਟਾਂ ਚਾਂਦੀ ਰੰਗੀਆਂ ਹੀ ਰਹਿੰਦੀਆਂ ਹਨ। ਉਹ ਸ਼ੀਟਾਂ ਚਮਕੀਲਾ ਪੀਲ਼ਾ ਰੰਗ ਉਦੋਂ ਹੀ ਧਾਰਦੀਆਂ ਹਨ, ਜਦੋਂ ਉਨ੍ਹਾਂ ਤੋਂ ਪਾਰੇ ਨੂੰ ਹਟਾਉਣ ਲਈ ਉਨ੍ਹਾਂ ਨੂੰ ਗਰਮ ਕੀਤਾ ਜਾਂਦਾ ਹੈ। ਫਿਰ ਹੋਰ ਤੈਹਾਂ ਵੀ ਚੜ੍ਹਾਈਆਂ ਜਾਂਦੀਆਂ ਹਨ। ਸੋਨੇ ਦੀ ਚਮਕ ਨੂੰ ਹੋਰ ਚਮਕੀਲਾ ਕਰਨ ਲਈ ਪਾਲਿਸ਼ ਵੀ ਕੀਤੀ ਜਾਂਦੀ ਹੈ।


ਇੱਕ ਕਾਰੀਗਰ ਹਰਕਮਲ ਕੁਮਾਰ ਨੇ ਦੱਸਿਆ ਕਿ ਸੋਨ ਪੱਤਰੇ ਲਾਉਣ ਦੇ ਕੰਮ ਵਿੱਚ 10 ਕਾਰੀਗਰ ਤੇ ਹੋਰ ਸਹਾਇਕ ਲੱਗੇ ਹੋਏ ਹਨ। ਅੰਤ `ਚ ਇਹ ਸ਼ੀਟਾਂ ਹੋਰ ਵਰਕਰਾਂ ਵੱਲੋਂ ਗੁੰਬਦਾਂ `ਤੇ ਫਿ਼ੱਟ ਕੀਤੀਆਂ ਜਾਂਦੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Golden Temple to glow with 160 KG more gold