ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਸ਼ਟਿ ਪਰੰਪਰਾ ਤੇ ਜਗਤ ਬਾਬਾ ਨਾਨਕ

ਗੋਸ਼ਟਿ ਪਰੰਪਰਾ ਤੇ ਜਗਤ ਬਾਬਾ ਨਾਨਕ

ਬਾਬੇ ਨਾਨਕ ਦਾ ਵਿਚਾਰਧਾਰਕ ਫਲਸਫਾ ਕੇਵਲ  ਮਨੁੱਖ ਜਾਤੀ ਲਈ ਹੀ ਨਵੀ ਸਗੋਂ ਧਰਤੀ ਤੇ ਰਹਿਣ ਵਾਲੇ ਹਰੇਕ ਪ੍ਰਾਣੀ ਦਾ ਭਲਾ ਮੰਗਣ ਵਾਲਾ ਹੈ।  । ਸਰਵ ਮਨੁੱਖ ਜਾਤੀ ਲਈ ਕਲਿਆਣਕਾਰੀ  ਆਪਣੇ ਇਸ  ਮਹਾਨ  ਵਿਚਾਰਧਾਰਕ ਫਲਸਫੇ ਕਾਰਨ  ਇਸ ਲਈ ਉਹ ਕਿਸੇ ਖਾਸ ਧਰਮ, ਫਿਰਕੇ  ਜਾਂ ਕੌਮ ਦੇ ਗੁਰੂ ਨਾ ਹੋ ਕੇ ਸਰਵ ਮਨੁੱਖ ਜਾਤੀ ਦੇ ਗੁਰੂ ਅਤੇ ਰਾਹ ਦਸੇਰੇ ਹਨ, ਇਸੇ ਲਈ ਤਾਂ ਉਨ੍ਹਾਂ ਨੂੰ ਜਗਤ ਬਾਬੇ ਦੇ ਨਾਲ ਯਾਦ ਕੀਤਾ ਜਾਂਦਾ ਹੈ।  ਨਾਨਕ  ਬਾਣੀ   ਮਨੁੱਖੀ ਸਮਾਜ ਦੀ ਹਰ  ਸੱਮਸਿਆ ਦੇ ਕਾਰਨ ਵੀ ਦੱਸਦੀ ਹੈ ਤੇ ਇਸਦਾ ਹੱਲ ਵੀ । ਇਹ ਬਾਣੀ ਸਾਨੂੰ ਆਪਣੇ ਆਪ ਨਾਲ ਜੁੜ ਕੇ ਆਪਣੀਆਂ ਸੱਮਸਿਆਵਾਂ ਦਾ ਹੱਲ  ਆਪਣੇ ਅੰਦਰੋ ਹੀ ਤਲਾਸ਼ ਕਰਨ ਦੇ ਰਾਹ ਤੋਰਦੀ ਹੈ, ਕਿਉਂ ਕਿ ਸਾਨੂੰ ਕੁਰਾਹੇ ਪਾਉਣ ਵਾਲੇ ਕਾਮ ਕਰੋਧ  ਲੋਭ ਮੋਹ ਤੇ ਹੰਕਾਰ ਵਰਗੇ ਵਿਕਾਰ  ਵੀ ਸਾਡੇ ਅੰਦਰ ਹੀ ਬੈਠੇ  ਹੋਏ ਹਨ । ਜੇ ਇਸ ਬਾਣੀ ਦਾ  ਗਹਿਰ ਗੰਭੀਰ ਅਧਿਐਨ  ਕੀਤਾ ਜਾਵੇ ਤਾਂ ਬਾਬੇ ਨਾਨਕ ਦਾ ਸਰਵ ਪ੍ਰਵਾਨਿਤ  ਬਿੰਬ ਸੰਸਾਰ ਦੇ  ਮਹਾਨ ਵਿਚਾਰਵਾਨ, ਸਮਾਜਿਕ ਚਿੰਤਕ ਤੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਵਜੋਂ ਬਣਦਾ ਹੈ । ਉਨ੍ਹਾਂ ਦੀ ਬਾਣੀ ਦੀ ਕੇਵਲ ਧਾਰਮਿਕ ਦ੍ਰਿਸ਼ਟੀਕੋਨ ਤੋਂ ਹੀ ਨਹੀਂ ਸਗੋ ਸਮਾਜਿਕ ਸਾਇੰਸ ਵਜੋ ਵੀ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ।  

 

 

                         ਬਾਬੇ  ਨਾਨਕ ਜਿਹਾ ਸੈਲਾਨੀ ਦੁਨੀਆਂ ਵਿਚ ਹੋਰ ਕੋਈ ਨਹੀਂ ਹੈ ਜਿਸ ਕੁਰਾਹੇ ਪਏ ਲੋਕਾਂ ਨੂੰ ਰਾਹ ‘ਤੇ ਪਾਉਣ ਲਈ ਲੱਗ ਭੱਗ ਤੀਹ ਪੈਂਤੀ ਹਜਾਰ ਕਿਲੋ ਮੀਟਰ ਪੈਂਡਾਂ ਪੈਦਲ ਤੁਰ ਕੇ ਤੈਹ ਕੀਤਾ ਹੋਵੇ ।  ਚਾਰ ਉਦਾਸੀਆਂ ਦੇ ਨਾਲ ਨਾਲ ਜਾਣੀ ਜਾਂਦੀ ਇਸ ਯਾਤਰਾ ਦੌਰਾਨ ਪਤਾ ਨਹੀਂ ਉਨ੍ਹਾਂ  ਕਿੰਨੇ  ਸਿੱਧਾ ਮਲਕ ਭਾਗੋਆਂ, ਵਲੀ ਕੰਧਾਰੀਆਂ , ਕੌਡੇ ਰਾਖਸਾਂ  ਤੇ ਵੱਖ ਵੱਖ ਧਰਮਾਂ ਦੇ ਠੇਕੇਦਾਰ  ਨਾਲ  ਗੋਸ਼ਟਿ ਕਰਕੇ ਆਪਣੀ ਵਿਚਾਰਧਾਰਾ  ਵਿਚਲੇ ਤਰਕ ਤੇ ਦਲੀਲ ਦੀ ਸ਼ਕਤੀ ਰਾਹੀਂ  ਉਨ੍ਹਾਂ ਨੂੰ ਆਪਣਾ   ਆਪਣਾ ਮੁਰੀਦ ਬਣਾਇਆ ਵਿਚਾਰਧਾਰਕ ਵਖਰੇਵਾਂ ਭਾਵੇ ਧਾਰਮਿਕ ਖੇਤਰ ਦਾ ਹੋਵੇ ਜਾਂ  ਸਮਾਜਿਕ ਤੇ ਰਾਜਸੀ ਪੱਧਰ ਦਾ ,ਬਾਬੇ ਨਾਨਕ ਦੀਆਂ  ਦਲੀਲਾਂ   ਦੀ ਕਿਸੇ ਕੋਲ ਕਾਟ ਨਾ ਹੋਣ  ਕਾਰਨ  ਹਰ ਵਾਰ ਕੂੜ ਨਿਖੁੱਟਦਾ ਰਿਹਾ ਤੇ ੳੜਿਕ ਸੱਚ ਦੀ ਜਿੱਤ ਹੁੰਦੀ ਰਹੀ । ਇਸ ਤਰਾਂ  ਬਾਬੇ ਨਾਨਕ ਵੱਲੋਂ ਤੋਰੀ  ਗੋਸ਼ਟਿ ਪਰੰਪਰਾ  ਉਨ੍ਹਾਂ  ਦੀ ਸੰਸਾਰ ਨੂੰ ਮਹਾਨ ਦੇਣ ਹੈ। ਜਦੋ ਭਾਈ ਗੁਰਦਾਸ ਜੀ ਆਪਣੀ ਵਾਰ ਰਾਹੀ ‘ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ  ਜਿਹੇ  ਉਪਮਾ ਯੁਕਤ ਸ਼ਬਦ ਉਚਾਰਦੇ ਹਨ   ਇਸ ਦਾ ਅਰਥ ਇਹ ਹੀ ਕਿ ਬਾਬੇ  ਨਾਨਕ ਦਾ ਸ਼ਕਤੀਸ਼ਾਲੀ ਵਿਚਾਰਧਾਰਕ  ਫਲਸਫਾ , ਧਰਮ ਦੇ ਠੇਕੇਦਾਰਾਂ  ਤੇ ਮਾਨਵਤਾ ਵਿਰੋਧੀ ਤਾਕਤਾਂ ਵੱਲੋਂ ਪੈਦਾ ਕੀਤੇ ਭਰਮ ਭੁਲੇਖਿਆਂ ਦੀ ਵਿਚਾਰਧਾਰਕ ਧੁੰਧ ਨੂੰ   ਆਪਣੀਆਂ ਜ਼ੋਰਦਾਰ ਦਲੀਲਾਂ ਤੇ ਤਰਕ ਅਧਾਰਿਤ ਸੰਵਾਦ ਰਾਹੀਂ  ਮੇਟ ਕੇ  ਲੋਕਾਂ ਦੇ  ਦਿਲ ਦਿਮਾਗਾਂ ਵਿਚ ਗਿਆਨ ਦਾ ਚਾਨਣ ਕਰ ਦਿੱਤ  ਹੈ ਇਹ ਚਾਨਣ  ਕਿਸੇ ਕਿਸਮ ਦੀਆ ਦੈਵੀ ਸ਼ਕਤੀਆਂ ਜਾ ਕਰਾਮਾਤਾਂ ਦੀ ਉਪਜ ਨਹੀਂ ਸਗੋ ਉਸ ਗੋਸ਼ਿਟ ਪਰੰਪਰਾ ਤੇ ਉਨ੍ਹਾਂ ਦੀ  ਸੰਵਾਦ ਸਿਰਜਕ ਯੋਗਤਾ ਉਪਜ  ਹੈ। 

 

 

                             ਇਸ ਪਰੰਪਰਾ ਨੂੰ ਅੱਗੇ ਤੋਰਨ ਲਈ ਉਨ੍ਹਾਂ ਵੱਲੋ ਦਿੱਤਾ ਕੁਝ ‘ਸੁਣੀਏ ਕੁਝ ਕਹੀਏ’ ਦਾ ਸੁਨਿਹਰੀ ਅਸੂਲ ਸੰਵਾਦ ਦੀ  ਮੱਹਤਤਾ ਨੂੰ ਉਜਾਗਰ ਕਰਕੇ ਦੁਨੀਆਂ ਨੂੰ  ਦੱਸਦਾ  ਹੈ ਕਿ ਧੀਰਜ ਪਿਆਰ ਤੇ ਠਰਮ੍ਹੇ  ਨਾਲ ਦੂਸਰੇ ਦੀ  ਗੱਲ   ਸੁਣ ਕੇ  ਅਤੇ  ਆਪਣੀ ਗੱਲ ਕਹਿ ਕੇ  ਸਾਰੇ ਲੜਾਈ ਝਗੜਿਆਂ ਦਾ ਹੱਲ ਤਲਾਸ਼ ਕੀਤਾ ਜਾ ਸਕਦਾ ਹੈ । ਇਲ ਲੜਾਈ ਝਗੜੇ ਪੈਦਾ ਹੀ ਉਦੋਂ ਹੁੰਦੇ ਹਨ ਜਦੋ  ਜੋ ਕੁਝ ਸੁਣੀਏ ਤੇ ਕੁਝ ਕਹੀਏ  ਦਾ ਦੋ ਧਿਰੀ ਸੰਵਾਦ ਟੁੱਟ ਜਾਂਦਾ ਹੈ।  ਜੇ ਅਸੀ ਜਗਤ ਬਾਬੇ ਦੇ ਇਸ ਸੰਦੇਸ਼ ਨੂੰ ਆਜੋਕੇ ਸਮੇ ਦੇ  ਸੰਦਰਭ  ਵਿਚ ਰੱਖ ਕੇ ਵਿਚਾਰੀਏ ਤਾਂ ਇਹ ਅੱਜ ਵੀ ਉਨ੍ਹਾਂ  ਹੀ ਪ੍ਰੰਸਗਿਕ ਹੈ ਜਿਨ੍ਹਾਂ ਪੰਜ ਸਦੀਆਂ ਪਹਿਲਾਂ ਸੀ  ਬਲਕਿ ਕਿ ਹੁਣ ਤਾਂ ਇਸ ਸੰਦੇਸ਼ ਨੂੰ ਲੜਾਈ ਝੇੜਿਆਂ ਦੇ ਹੱਲ ਲਈ ਇਕ ਸਿਧਾਂਤ ਵਜੋ ਵਰਤਣ ਦੀ ਹੋਰ ਵੀ  ਵਧੇਰੇ  ਲੋਂੜ  ਹੈ।  ਸਾਡਾ ਸਮਾਜਿਕ ਵਾਤਾਵਰਣ ਜਿਸ ਤਰਾਂ ਦਿਨ ਪ੍ਰਤੀ ਦਿਨ ਤਣਾੳ ਗ੍ਰਸਤ  ਹੁੰਦਾ ਜਾ ਰਿਹਾ ਹੈ  , ਉਸ ਲਿਹਾਜ ਨਾਲ ਤਾਂ ਇਸ ਸਿਧਾਂਤ ਨੂੰ ਅਪਣਾਏ ਬਗੈਰ ਸਾਡੀ ਤਬਾਹੀ ਨਿਸਚਿਤ ਹੀ ਹੈ।‘ ਕੁਝ ਸੁਣੀਏ ਕੁਝ ਕਹੀਏ ‘ ਦੀ ਸੰਵਾਦ ਸਿਰਜਕ ਗੋਸ਼ਿਟ ਪਰੰਪਰਾਂ ਨਾਲੋਂ ਟੁੱਟ ਚੁੱਕਿਆ  ਮਨੁੱਖ  ਆਪਣੇ ਮਨੁੱਖੀ ਖਾਸੇ ਨਾਲ ਵੀ ਜੁੜਿਆ ਨਹੀ ਰਹਿ ਸਕਦਾ ਤੇ ਉਹ ਮਨੁੱਖ ਤੋ ਆਪਣੇ ਵਿਅਕਤੀਗਤ  ਹਿੱਤਾ ਲਈ ਹਿਉਣ ਵਾਲਾ ਵਿਅਕਤੀ ਹੀ ਬਣ ਕੇ ਰਹਿ ਗਿਆ ਹੈ।   

 

 

                     ਬਾਬੇ ਨਾਨਕ ਵੱਲੋਂ ਸਮਾਜਿਕ ਸੱਮਸਿਆਵਾ ਤੇ ਝਗੜੇ ਝੇੜਿਆਂ ਦੇ ਹੱਲ ਲਈ  ਕੁਝ ਕਹਿਣ ਤੋਂ ਪਹਿਲਾਂ ਕੁਝ ਸੁਨਣ ਦਾ ਉਪਦੇਸ਼ ਸਾਨੂੰ ਦਿੱਤਾ ਹੈ ਪਰ ਸਾਡੀ ਸੱਮਸਿਆ  ਇਹ ਹੈ ਕਿ ਸਾਡੇ ਵਿਚੋ ਹਰ ਕੋਈ  ਕੁਝ ਸੁਨਣ ਨਾਲੋਂ ਕੁਝ ਕਹਿਣ  ਲਈ ਕਾਹਲਾ ਹੈ । ਕੁਝ  ਸੁਨਣ ਤੇ  ਸਹਿਣ  ਕਰਨ ਦਾ  ਮਾਦਾ ਤਾਂ ਹੁਣ ਸਾਡੇ ਵਿਚ ਰਿਹਾ ਹੀ ਨਹੀ , ਸਗੋਂ ਅਸੀਂ ਤਾਂ ਆਪਣੀ ਮਰਜ਼ੀ ਪੁਗਾਉਣ ਤੇ ਕੇਵਲ  ਆਪਣੇ ਆਪ ਨੂੰ ਹੀ ਸਹੀ ਸਿੱਧ ਕਰਨ ਦੀ ਜਿੱਦ ਪੁਗਾਉਣ ਤੇ ਅੜੇ ਹੋਏ ਹਾਂ । ਅਸੀ ਬਾਬੇ ਨਾਨਕ ਦੀ ਗੋਸ਼ਿਟ ਪ੍ਰੰਪਰਾ ਦਾ ਕੇਵਲ ਧਾਰਮਿਕ ਜਾਬਤੇ  ਦੇ ਤੌਰ ਤੇ  ਹੀ ਸਤਿਕਾਰ ਕਰਦੇ ਹਾਂ ਪਰ ਸਮਾਜਿਕ ਜੀਵਨ ਵਿਚ  ਇਸ ਅਸੂਲ ਨੂੰ ਅਪਨਾਉਣ ਦੇ  ਮਾਮਲੇ ਵਿਚ ਵਿਚ ਸਾਡੀ ਸੂਈ ਜ਼ੀਰੋ ਤੇ ਹੀ ਅਟਕੀ ਹੋਈ ਹੈ।  ਬਾਬੇ ਨਾਨਕ ਕਾਲ ਵੱਲ ਪਿੱਛਲ ਝਾਤ  ਮਾਰੀਏ ਤਾਂ ਬਾਬੇ ਨਾਲ ਗੋਸ਼ਟਿ ਕਰਨ ਵਾਲੇ ਸਿੱਧ  ਸਾਡੇ ਨਾਲੋਂ ਸੌ ਗੁਣਾ ਚੰਗੇ ਹਨ।  ਮਹਾਨ ਵਿਅਕਤੀ ਨਾਲ ਸੰਵਾਦ ਕਰਨ ਵਾਲਾ  ਵੀ ਮਹਾਨ ਹੀ ਬਣ ਜਾਂਦਾ ਹੈ ਬਾਬੇ ਨਾਨਕ ਨੇ ਆਪਣੀਆ  ਸਦੀਵੀ ਸਚਾਈ ਵਰਗੀਆਂ   ਦਲੀਲਾਂ  ਨਾਲ ਉਨ੍ਹਾਂ  ਦੇ ਮੂਲ ਵਿਸਵਾਸ਼ ਦਾ ਵੀ ਖੰਡਨ ਕੀਤਾ  ਪਰ ਉਨ੍ਹਾਂ ਵਿਚਲੇ ਸੁਨਣ ਦੇ  ਮਾਦੇ ਨੇ ਸੰਵਾਦ  ਵਿਚਲੀ ਸੁਹਿਰਦਤਾ ਨੂੰ  ਠੇਸ ਨਹੀ ਪੁੱਜਣ ਦਿੱਤੀ। ਸਿੱਧ ਜੋਗੀਆਂ  ਨਾਲ ਹੋਏ  ਗੋਸ਼ਿਟ  ਨਾਲ ਸਬੰਧਤ  ਕੋਈ ਹਵਾਲਾ ਅਜਿਹਾ ਨਹੀ ਮਿਲਦਾ ਹੈ  ਕਿ ਬਾਬੇ ਤੇ ਸਿੱਧਾਂ ਵਿਚਕਾਰ ਤਿੱਖਾ ਤਕਰਾਰ ਹੋਇਆ ਹੋਵੇ  ਜਾਂ ਨੌਬਤ ਲੜਾਈ ਝਗੜੇ ਤਕ ਪਹੁੰਚ ਗਈ ਹੋਵੇ ਦੂਜੇ ਪਾਸੇ ਅਸੀ  ਕੁਝ ਸੁਨਣ ਤੇ  ਦਲੀਲ ਨਾਲ ਉਸਦਾ ਜਵਾਬ ਦੇਣ ਦਾ ਧੀਰਜ ਇਸ ਹੱਦ ਤਕ ਗੁਆ ਚੁੱਕੇ ਹਾਂ  ਕਿ ਸਾਡੀਆਂ ਭਾਵਨਾਵਾਂ ਹਰ ਵੇਲੇ ਭੜਕਣ ਨੂੰ ਤਿਆਰ ਰਹਿੰਦੀਆਂ ਹਨ। ਜਿਸ ਬਾਬੇ ਨੇ ਸਾਨੂੰ ਸੰਵਾਦ ਤੇ ਦਲੀਲ ਦੀ ਵਰਤੋ ਰਾਹੀ ਆਪਣੀਆਂ ਸੱਮਸਿਆਵਾਂ ਦਾ ਹੱਲ ਤਲਾਸ਼ ਕਰਨ ਦਾ ਰਾਹ ਵਿਖਾਇਆ ਹੈ ਅਸੀਂ  ਉਸਨੂੰ ਆਪਣਾ ਗੁਰੂ ਤਾਂ ਮੰਨਦੇ ਹਾਂ ਪਰ ਉਸ ਦੀ ਸਿਖਿਆਂ   ਦੀ ਬਜਾਇ ਚਲਦੇ ਅਸੀਂ ਆਪਣੀ  ਮਰਜ਼ੀ   ਅਨੁਸਾਰ ਹੀ ਹਾਂ।   

 

 

                 ਬਾਬੇ ਨਾਨਕ ਦੇ ਸਰੀਰਕ ਵਿਛੋੜੇ ਤੋਂ ਬਾਦ ਉਨ੍ਹਾਂ ਦੇ ਕੁਝ ਸ਼ਰਧਾਲੂਆਂ  ਵੱਲੋਂ ਸ਼ਰਧਾਂ ਭਾਵਨਾ ਤਹਿਤ  ਉਨ੍ਹਾ ਬਾਰੇ ਲਿਖੀਆਂ ਸਾਖੀਆਂ ਵਿਚ ਕੁਝ ਅਜਿਹੇ ਕਰਾਮਤੀ ਅੰਸ ਵੀ ਮਿਲਦੇ ਹਨ, ਜਿਹੜੇ ਹਿੰਦੂ ਮਿਥਹਾਸ ਦੇ ਕਰਾਮਾਤੀ  ਵੇਰਵਿਆਂ  ਨਾਲ  ਮੇਲ ਖਾਂਦੇ ਹਨ ਬਾਬੇ ਨਾਨਕ ਕੋਲ ਉਸਦੀ ਦਲੀਲ ਵਿਚਲੀ ਸਚਾਈ ਹੀ ਕਰਾਮਾਤਾਂ ਤੋਂ ਕਿਤੇ ਵੱਧ ਸ਼ਕਤੀਸ਼ਾਲੀ  ਸੀ । ਉਸ   ਯੁਗ ਪੁਰਸ਼  ਤੇ ਜਗਤ ਬਾਬੇ ਦਾ ਰੁਤਬਾ   ਕਰਾਮਾਤਾਂ ਵਿਖਾ ਕੇ ਹਾਸਿਲ ਨਹੀ ਕੀਤਾ ਸਗੋਂ  ਆਪਣੀਆਂ   ਗਿਆਨ ਗੋਸ਼ਿਟੀਆਂ   ਤੇ ਸੰਵਾਦ ਸਿਰਜਕ ਯੋਗਤਾ  ਰਾਹੀ ਪ੍ਰਾਪਤ  ਕੀਤਾ  ਹੈ। ਜਿਹੜੇ ਬਾਬੇ ਅੰਦਰਲੀ ਸੱਚ ਦੀ ਤਾਕਤ  ਬਾਬਰ ਵਰਗੇ ਸ਼ਕਤੀਸ਼ਾਲੀ  ਬਾਦਸ਼ਾਹ ਨੂੰ ਸੀਂਹ ਤੇ ਉਸਦੇ  ਮੁਕੁੱਦਮਾਂ ਨੂੰ ਕੁੱਤੇ ਕਹਿਣ ਦੀ ਜ਼ੁਰਅਤ ਰੱਖਦੀ ਹੈ ਤੇ ਉਸਦੇ ਹਮਲੇ ਨੂੰ  ਬੇ ਖੌਫ ਹੋ ਕੇ ‘ਪਾਪ ਕੀ ਜੰਨ ਆਖਦੀ ਹੈ  , ਉਸ  ਸੱਚ ਦੇ ਮਾਲਕ ਬਾਬੇ ਨੂੰ  ਭਲਾਂ ਕੀ ਲੋੜ ਹੈ ਕਰਾਮਤਾਂ ਵਿਖਾਉਣ ਦੀ!ਬਾਬੇ ਦੀ  ਦਲੀਲ ਹੀ   ਕਰਾਮਾਤ ਸੀ , ਜਿਸ ਨਾਲ ਉਸ  ਬਾਬਰ ਵਰਗੇ ਬਾਦਸਾਹਾ ਤੇ ਮਲਕ ਭਾਗੋਂ ਵਰਗੇ ਧਨਾਢਾਂ ਨੂੰ ਪਸਤ ਕੀਤਾ । ਹਰਿਦਵਾਰ ਜਾ ਕੇ ਆਪਣੇ ਕਰਤਾਰਪੁਰ ਵਿਚਲੇ ਖੇਤਾਂ  ਨੂੰ ਪਾਣੀ ਦੇਣ, ਤਰਕ ਆਧਾਰਿਤ ਦਲੀਲਾਂ ਨਾਲ ਜਨੇਊ ਪਾਉਣ ਤੋਂ ਇੰਨਕਾਰੀ ਹੋਣ  ਤੇ  ਨਕਲੀ ਆਰਤੀ ਦੀ ਥਾਂ ਅਸਲ ਤੇ ਕੁਦਰਤੀ ਆਰਤੀ ਦਾ ਸੰਕਲਪ ਉਸਾਰਣ ਵਰਗੀਆ  ਅਨੇਕਾ ਉਦਾਹਰਣਾਂ ਹਨ  ਜਿਹੜੀਆਂ ਬਾਬੇ ਦੀ ਸੰਵਾਦ ਸਿਰਜਕ ਸ਼ਕਤੀ ਨੂੰ ਉਭਾਰ ਕੇ ਉਨ੍ਹਾਂ ਦੀ ਮਹਾਨ ਵਿਦਵਤਾ   ਨੂੰ ਦਰਸਾਉਂਦੀਆਂ  ਹਨ।  ਸੂਰਜੀ ਪਰਿਵਾਰ ਦੀਆਂ  ਜਿੰਨਾ   ਬ੍ਰਹਮਮੰਡੀ ਧਰਤੀਆਂ  ਦੀ ਖੋਜ਼  ਅੱਜ  ਵਿਗਿਆਨ ਕਰ ਰਹੇ ਹਨ  ਬਾਬੇ ਨਾਨਕ ਨੇ ਤਾਂ ਉਨ੍ਹਾਂ ਬਾਰੇ ਆਪਣੀ ਬਾਰੇ ਆਪਣੀ ਵਿਗਿਆਣਕ ਜਾਣਕਾਰੀ ਦਾ ਖੁਲਾਸਾ  ਪੰਜ ਸੌ ਸਾਲ ਪਹਿਲਾਂ  ਹੀ ‘ਧਰਤੀ  ਹੋਰ ਪਰੇ ਹੋਰ ਹੋਰ’ ਕਹਿ ਕੇ ਕਰ ਦਿੱਤਾ ਸੀ  । ਪੰਜਾਬੀ ਤੋਂ ਇਲਾਵਾ ਕਈ ਸੰਸਕ੍ਰਿਤ ਤੇ ਉਰਦੂ ਸਮੇਤ ਬਹੁਤ ਸਾਰੀਆਂ  ਭਾਸ਼ਾਵਾ ਦੇ ਗਿਆਤਾ  ਜਗਤ ਬਾਬੇ  ਨੂੰ ਕਰਾਮਾਤੀ ਸ਼ਕਤੀਆਂ ਵਾਲੇ ਦੈਵੀ ਪੁਰਸ਼ ਦਾ ਬਜਾਇ ਆਮ ਲੋਕਾਂ ਨੂੰ ਲੋਕ  ਭਾਸ਼ਾ ਵਿਚ ਦਲੀਲ ਤੇ ਤਰਕ ਅਧਾਰਿਤ ਗਿਆਨ ਵੰਡਣ ਵਾਲੇ ਬਾਬੇ ਵਜੋਂ ਯਾਦ ਰੱਖਣਾ ਸਾਡੇ ਲਈ  ਵਧੇਰੇ ਲਾਹੇਵੰਦ ਹੈ।

 

 

                    ਬਾਬੇ ਨਾਨਕ ਦੀ ਗੋਸ਼ਟਿ ਪਰੰਪਰਾ  ਤੇ ਉਨ੍ਹਾਂ ਦੇ ਵਿਚਾਰਧਾਰਕ ਫਲਸਫੇ ਦੇ ਕਾਪੀ ਰਾਈਟ ਅਧਿਕਾਰ ਕੇਵਲ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਤੇ ਦਾਆਵਾ ਕਰ ਰਹੇ  ਕੁਝ ਮੂਲਵਾਦੀ  ਕਥਾ ਵਾਚਕ ਨੇ  ਉਨ੍ਹਾ  ਦਾ  ਲੋਕ ਬਿੰਬ   ਮੇਟ ਕੇ ਅਜਿਹੇ  ਦੈਵੀ ਬਿੰਬ ਵਜੋ ਪੇਸ਼  ਕਰਦੇ ਹਨ ਜਿਹੜਾ ਭੈਣ  ਨਾਨਕੀ  ਵੱਲੋਂ ਯਾਦ ਕਰਨ ਤੇ ਹਜਾਰਾ ਮੀਲ ਦੂਰ ਬੈਠਾ ਵੀ ਅੱਖ ਝਪਕਣ  ਜਿਨੇਂ ਸਮੇ ਵਿਚ ਭੇਣ ਵੱਲੋੰ ਪਕਾਈ ਰੋਟੀ ਖਾਣ ਪਹੁੰਚ ਜਾਂਦਾ ਹੋਵੇ ਬਾਬੇ ਨਾਨਕ ਦਾ ਲੋਕ ਬਿੰਬ ਉਸਾਰਣ ਲਈ ਸਾਨੂੰ   ਆਪਣੇ ਚੇਤਿਆ ਵਿਚ ਉਹ ਅਤਿਅੰਤ  ਮੁਸ਼ਕਲਾਂ ਭਰਿਆ ਜੰਗਲ ਬੇਲਿਆਂ ਦਾ   ਪੈਦਲ ਸਫਰ ਰੱਖਣਾ  ਚਾਹੀਦਾ ਹੈ ਜਿਹੜਾ   ਲੋਕਾਂ ਦੇ ਜੀਵਨ ਵਿਚ ਸਕਾਰਤਮਕ ਤਬਦੀਲੀਆ ਲਿਆਉਣ ਦੇ ਉਦੇਸ਼ ਨਾਲ  ਉਨ੍ਹਾ ਆਪਣੇ ਦੋ ਪੈਰਾ ਨਾਲ ਕੀਤਾ । ਆਪਣੇ ਵਿਚਾਰਧਾਰਕ   ਵਿਰੋਧੀਆਂ ਵੱਲੋਂ ਭੂਤਨਾ ਤੇ ਬੋਤਾਲਾ ਕਹਾ ਕੇ    ਵੀ  ਆਪਣੀ ਲੋਕ ਕਲਿਆਣਕਾਰੀ ਪੈਦਲਾ  ਯਾਤਰਾ  ਨੂੰ ਅਧੂਰਾ ਨਹੀਂ  ਛੱਡਿਆ । ਜੇ ਅੱਜ ਵੀ  ਬਾਬੇ ਦੀ ਗੋਸ਼ਿਟ ਪੰਰਪਰਾ ਨੂੰ ਸੱਚੇ ਦਿਲੋਂ ਸਤਿਕਾਰ ਦੇਈਏ ਤੇ ਉਸਦੀ ਬਾਣੀ ਦੇ ਅਸਲ  ਅਰਥਾਂ  ਤੱਕ  ਪਹੁੰਚਈਏ ਤਾਂ ਸਾਨੂੰ ਨਾ ਕੋਈ  ਹਿੰਦੂ ਨਾ ਕੋਈ ਮੁਸਲਮਾਨ ਤੇ ਨਾ ਕੋ ਸਿੱਖ  ਵਿਖਾਈ ਦੇਵੇਗਾ ਸਗੋ ਹਰ ਪਾਸੇ ਮਨੁੱਖ ਤੇ ਮਨੁੱਖਤਾ ਦਾ ਹੀ  ਪਸਾਰਾ ਹੀ  ਹੋ ਜਾਵੇਗਾ।

 

                                                           -ਨਿਰੰਜਣ ਬੋਹਾ

ਮੋਬਾਇਲ: 89682 82700

ਨਿਰੰਜਣ ਬੋਹਾ

  ਕੱਕੜ ਕਾਟੇਜ, ਮਾਡਲ ਟਾਊਨ ਬੋਹਾ  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goshti Prampara ate Jagat Baba Nanak