ਸਿਹਤ ਖੇਤਰ ਨੂੰ ਸੰਸਥਾਗਤ ਤੌਰ ’ਤੇ ਮਜਬੂਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ)’ ਨੂੰ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਅਤੇ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਅਤੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਲੋਂ ਸਿਹਤ ਖੇਤਰ ਵਿੱਚ ਸਾਂਝੇ ਯਤਨ ਕਰਨ ਲਈ ਸਹਿਮਤੀ ਪ੍ਰਗਟਾਈ ਗਈ ਹੈ।
ਜਾਣਕਾਰੀ ਦਿੰਦਿਆਂ ਸਾਇੰਸ, ਤਕਨਾਲੋਜੀ ਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਵਰਮਾ ਨੇ ਅੱਜ ਦੱਸਿਆ ਕਿ ਕੋਲੇ ਤੇ ਸਟੀਮ , ਬਿਜਲੀ ਤੇ ਇਲੈਕਟ੍ਰਾਨਿਕਸ ਅਤੇ ਕੰਪਿਊਟਰ ਖੇਤਰ ਵਿੱਚ ਆਈ ਕ੍ਰਾਂਤੀ ਤੋਂ ਬਾਅਦ ਹੁਣ ਆਰਟੀਫੀਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਚੌਥੀ ਕ੍ਰਾਂਤੀ ਆਈ ਹੈ। ਸਿਹਤ ਸਬੰਧੀ ਮਸਲਿਆਂ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਲਈ ਏ.ਆਈ ਨਾ ਕੇਵਲ ਨਵੇਕਲੀ ਤਕਨਾਲੋਜੀ ਦਾ ਇੱਕ ਸਿਰਮੌਰ ਰੂਪ ਹੈ ਜਿਸ ਨਾਲ ਵੱਖ ਵੱਖ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਸੰਭਵ ਹੈ ਸਗੋਂ ਇਸਦਾ ਆਲਮੀ ਵਿਕਾਸ ਵਿੱਚ ਅਨਿੱਖੜਵਾਂ ਯੋਗਦਾਨ ਹੈ।
ਉਨਾਂ ਕਿਹਾ ਕਿ ਏ.ਆਈ ਨੂੰ ਪ੍ਰਫੁੱਲਿਤ ਕਰਨ ਦਾ ਇਹ ਉਪਰਾਲਾ ਸੂਬੇ ਵਿੱਚ ਸਿਹਤ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਪ੍ਰਮੁੱਖ ਸਕੱਤਰ ਬਾਇਓਮੈਡੀਕਲ ਡਿਵਾਈਸਿਜ਼ ਐਂਡ ਇੰਸਟਰੂਮੈਂਟ ਹੱਬ ਪੀਜੀਆਈਐਮਈਆਰ, ਚੰਡੀਗੜ ਵਲੋਂ ਆਯੋਜਿਤ ਐਪਲੀਕੇਸ਼ਨ ਆਫ ਏ.ਆਈ. ਇਨ ਬਾਇਓਮੈਡੀਕਲ ਇੰਸਟਰੂਮੈਂਟੇਸ਼ਨ ਐਂਡ ਸਰਟੀਫੀਕੇਸ਼ਨ ਆਫ ਬਾਇਓਮੈਡੀਕਲ ਡਿਵਾਈਸਿਜ਼ ਸਬੰਧੀ ਇੱਕ ਰੋਜ਼ਾ ਸਿੰਪੋਜ਼ੀਅਮ ਵਿੱਚ ਡਾਕਟਰਾਂ ਤੇ ਸਾਇੰਸਦਾਨਾ ਨੂੰ ਸੰਬੋਧਨ ਕਰ ਰਹੇ ਸਨ।
ਉਨਾਂ ਜੋਰ ਦਿੰਦਿਆਂ ਕਿਹਾ ਪੀਜੀਆਈ ਸਥਿਤ ਮੈਡੀਕਲ ਡਿਵਾਈਸ ਹੱਬ ਦੇ ਸੰਸਥਾਗਤ ਮਜਬੂਤੀਕਰਨ, ਆਈਆਈਟੀ ਰੋਪੜ ਵਿਖੇ ਹਾਈਐਂਡ ਇੰਸਟਰੂਮੈਂਟੇਸ਼ਨ ਐਂਡ ਐਕਸਪਰਟੀਜ਼, ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ) ਮੋਹਾਲੀ ਵਿਖੇ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲਾਹੇਵੰਦ ਹਨ। ਉਨਾਂ ਦੱਸਿਆ ਕਿ ਏਆਈ ਅਤੇ ਮੈਡੀਕਲ ਡਿਵਾਈਸਿਜ਼ ਨੂੰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਮੋਹਾਲੀ ਵਿਖੇ ਗਲੋਬਲ ਇਨੋਵੇਸ਼ਨ ਹੱਬ ਐਂਡ ਲਾਈਫਸਾਇੰਸ ਪਾਕਰ ਸਥਪਤ ਕੀਤਾ ਜਾ ਰਿਹਾ ਹੈ।
ਹਾਲ ਹੀ ਸ਼ੁਰੂ ਕੀਤੇ ਮਿਸ਼ਨ ਇਨੋਵੇਟ ਅਤੇ ਮਿਸ਼ਨ ਤੰਦਰੁਸਤ ਪੰਜਾਬ 2.0 ਉਨਾਂ ਸਿਹਤ ਖੇਤਰ ਵਿੱਚ ਗੁੰਝਲਦਾਰ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਏ.ਆਈ ਦੀ ਭੂਮਿਕਾ ਤੇ ਮਹੱਤਤਾ ਨੂੰ ਉਜਾਗਰ ਕੀਤਾ। ਉਨਾਂ ਆਲਮੀ ਔਸਤ ਦੇ ਨਿਸਬਤ ਸਿਹਤ ਦੇਖਭਾਲ ਤੇ ਮੈਡੀਕਲ ਯੰਤਰਾਂ ਸਬੰਧੀ ਭਾਰਤ ਦਾ ਪ੍ਰਤੀ ਵਿਅਕਤੀ ਖਰਚੇ ਨੂੰ ਵੀ ਉਭਾਰਿਆ ਅਤੇ ਮੌਜੂਦਾ ਸਮੇਂ ਵਿੱਚ ਆਯਾਤ ਕੀਤੇ ਜਾ ਰਹੇ 70-75 ਫੀਸਦ ਮੈਡੀਕਲ ਯੰਤਰਾਂ ਬਾਰੇ ਵੀ ਜ਼ਿਕਰ ਕੀਤਾ।
ਉਨਾਂ ਅੱਗੇ ਦੱਸਿਆ ਕਿ ਮੈਡੀਕਲ ਯੰਤਰਾਂ ਦੇ ਖੇਤਰ ਵਿੱਚ ਏਆਈ ਦੀ ਵਰਤੋਂ ਦੇ ਮੱਦੇਨਜ਼ਰ ਭਾਰਤ ਦੁਨੀਆਂ ਦੇ ਨਕਸ਼ੇ ਵਿੱਚ ਏ.ਆਈ ਦੇ ਨਵੇਕਲੇ ਬ੍ਰਾਂਡ ਵਜੋਂ ਆਪਣੀ ਪਕੜ ਅਤੇ ਵਿਸ਼ੇਸ਼ਤਾਵਾਂ ਦਰਜ ਕਰਾਉਣ ਲਈ ਯਤਨਸ਼ੀਲ ਹੈ।
.