ਗਰੁੱਪ ਸੀ ਦੀਆਂ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦੇਣ ਦਾ ਐਲਾਨ
ਕੈਪਟਨ ਸਰਕਾਰ ਨੇ ‘ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ’ ਨੂੰ ਹੋਰ ਹੁਲਾਰਾ ਦਿੰਦਿਆਂ ਸ਼ੱਨਿਚਰਵਾਰ ਨੂੰ ਐਲਾਨ ਕੀਤਾ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਪਿੰਡਾਂ ਵਿੱਚ ਰਹਿੰਦੇ ਅਤਿ ਗ਼ਰੀਬਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋੋਰ ਤੇਜ਼ ਕਰੇਗੀ ਅਤੇ ਸਰਕਾਰ ਵੱਲੋਂ ਸਰਕਾਰੀ ਤੇ ਜਨਤਕ ਖੇਤਰ ਦੀਆਂ ਗਰੁੱਪ ਸੀ ਦੀਆਂ ਨੌਕਰੀਆਂ ਦੇ ਇਮਤਿਹਾਨਾਂ ਵਾਸਤੇ ਉਮੀਦਵਾਰਾਂ ਨੂੰ ਤਿਆਰ ਕਰਨ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ‘10 ਬੇਰੁਜ਼ਗਾਰ ਪ੍ਰਤੀ ਪਿੰਡ’ ਉਪਰਾਲੇ ਤਹਿਤ ਹਰ ਪਿੰਡ ਵਿੱਚ 10 ਅਤਿ ਗ਼ਰੀਬਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,34,104 ਬੇਰੁਜ਼ਗਾਰ ਨੌਜਵਾਨਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿੱਚੋਂ 32,420 ਨੂੰ ਪ੍ਰਾਈਵੇਟ ਖੇਤਰ ਵਿੱਚ ਨੌਕਰੀ ਮਿਲੀ ਅਤੇ 12,114 ਦੀ ਸਫ਼ਲਤਾਪੂਰਵਕ ਹੁਨਰ ਸਿਖਲਾਈ ਲਈ ਚੋਣ ਹੋਈ।
ਮੁੱਖ ਮੰਤਰੀ ਅੱਜ ਇਥੇ ਧਾਰਮਿਕ ਤੇ ਇਤਿਹਾਸਕ ਸ਼ਹਿਰ ਚਮਕੌਰ ਸਾਹਿਬ ਵਿਖੇ ਸੂਬੇ ਵਿੱਚ ਲਗਾਏ ਪੰਜਵੇਂ ਰੁਜ਼ਗਾਰ ਮੇਲੇ ਦੇ ਸਮਾਪਨ ਮੌਕੇ ਨੌਕਰੀਆਂ/ਸਵੈ-ਰੁਜ਼ਗਾਰ/ਹੁਨਰ ਸਿਖਲਾਈ ਲਈ ਚੁਣੇ ਗਏ 1,16,556 ਨੌਜਵਾਨਾਂ ਵਿੱਚੋਂ ਕੁਝ ਚੋਣਵੇਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਆਏ ਸਨ।
ਇਸ ਮੌਕੇ ਉਨ੍ਹਾਂ ਸਫ਼ਲ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ 20,000 ਰੁਪਏ ਪ੍ਰਤੀ ਮਹੀਨੇ ਦਾ ਪੈਕੇਜ ਮਿਲਿਆ ਹੈ।
ਮੁਫਤ ਕੋਚਿੰਗ ਸਕੀਮ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਜਨਤਕ ਖੇਤਰ ਵਿੱਚ ਰੁਜ਼ਗਾਰਯੋਗਤਾ ਨੂੰ ਵਧਾਉਣਾ ਹੈ। ਸਰਕਾਰ ਵੱਲੋਂ ਇਸ ਪ੍ਰੋਗਰਾਮ ਅਧੀਨ 30 ਵਿਦਿਆਰਥੀਆਂ ਦੇ ਬੈਚ ਨੂੰ ਦੋ ਮਹੀਨਿਆਂ ਲਈ ਮੁਫ਼ਤ ਕੋਚਿੰਗ ਦੇਣ ਲਈ 2 ਲੱਖ ਰੁਪਏ ਪ੍ਰਤੀ ਬੈਚ ਖ਼ਰਚ ਕੀਤੇ ਜਾ ਰਹੇ ਹਨ। ਹਾਲੇ ਇਹ ਪ੍ਰੋਗਰਾਮ ਪਾਇਲਟ ਪ੍ਰਾਜੈਕਟ ਤਹਿਤ ਪਟਿਆਲਾ, ਮੁਹਾਲੀ, ਜਲੰਧਰ, ਸੰਗਰੂਰ ਤੇ ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ ਹੈ।
ਆਪਣੇ ਸਵਾਗਤੀ ਭਾਸ਼ਣ ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰ ‘ਘਰ ਘਰ ਰੋਜ਼ਗਾਰ ਸਕੀਮ’ ਦਾ ਵਾਅਦਾ ਪੂਰਾ ਕਰਨ ਲਈ ਮੁਬਾਰਕਬਾਦ ਦਿੱਤੀ।
ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਵਿਕਾਸ ਤੇ ਪ੍ਰਗਤੀ ਦੀ ਨਵੀਂ ਲਹਿਰ ਚੱਲ ਰਹੀ ਹੈ। ਉਨਾਂ ਕਿਹਾ ਕਿ ਇਕੱਲੇ ਚਮਕੌਰ ਸਾਹਿਬ ਹਲਕੇ ਵਿੱਚ 112 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ ਚੱਲ ਰਹੇ ਹਨ।