ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਲਝਿਆ ਤੇ ਸਮੱਰਥ ਮਿੰਨੀ ਕਹਾਣੀ ਲੇਖਕ- ਜਸਬੀਰ ਢੰਡ

ਸੁਲਝਿਆ ਤੇ ਸਮੱਰਥ ਮਿੰਨੀ ਕਹਾਣੀ ਲੇਖਕ- ਜਸਬੀਰ ਢੰਡ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–9

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਜਸਬੀਰ ਢੰਡ ਪੰਜਾਬੀ ਸਾਹਿਤ ਜਗਤ ਤੇ ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ ਹੈ। ਉਹ ਆਪਣੀ ਮਸਤ ਚਾਲ ਚੱਲਣ ਵਾਲੇ ਵਿਅਕਤੀ ਹਨ ਅਤੇ ਬਿਨਾਂ ਕਿਸੇ ਲਾਗ ਲਪੇਟ ਦੇ ਆਪਣੀ ਗੱਲ ਕਹਿ ਦਿੰਦੇ ਹਨ ।ਕਿਸੇ ਗੁੱਟਬੰਦੀ ਜਾਂ ਜੁਗਾੜਬੰਦੀ ਵਿੱਚ ਵਿਸ਼ਵਾਸ ਨਹੀ ਰੱਖਦੇ। ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਜਿੱਥੇ ਸਮਾਜ ਦੇ ਕਰੂਰ ਯਥਾਰਥ ਦਾ ਚਿਤਰਣ ਬਾਖੂਬੀ ਕਰਦੀਆਂ ਹਨ,ਉੱਥੇ ਸਮਾਜ ਵਿਚਲੀਆਂ ਊਣਤਾਈਆਂ ਤੇ ਉਂਗਲ ਵੀ ਧਰਦੀਆਂ ਹਨ।ਜੀਵਨ ਦੇ ਮੁੱਢਲੇ ਦਿਨਾਂ ਵਿੱਚ ਹੰਢਾਈਆਂ ਤੰਗੀਆਂ-ਤੁਰਸ਼ੀਆਂ ਵੀ ਉਨ੍ਹਾਂ ਦੀਆਂ ਰਚਨਾਵਾਂ ਦਾ ਆਧਾਰ ਬਣਦੀਆਂ ਹਨ। ਨਵੇਂ ਮਿੰਨੀ ਕਹਾਣੀਕਾਰਾਂ ਲਈ ਜਿੱਥੇ ਇੰਨਾਂ ਦੀਆਂ ਰਚਨਾਵਾਂ ਇੱਕ ਖਾਸ ਮਾਪਦੰਡ ਸਿਰਜਦੀਆਂ ਹਨ,ਉੱਥੇ ਇੰਨਾਂ ਵਿੱਚ ਵਰਤੀ ਜਾਦੀ ਠੇਠ ਮਲਵਈ ਭਾਸ਼ਾ ਅਤੇ ਰੁਦਨ ਵੀ ਧਿਆਨ ਖਿੱਚਦਾ ਹੈ। 1980 ਵਿੱਚ ਇਹ ਇੱਕ ਕਹਾਣੀਆਂ ਦੀ ਪੁਸਤਕਵਿਧਵਾ ਚਿੜੀਆਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਪਾ ਚੁੱਕੇ ਹਨ। ਇੰਨਾਂ ਦੀਆਂ ਮਿੰਨੀ ਕਹਾਣੀਆਂ ਕਈ ਸਾਂਝੇ ਸੰਗਿ੍ਰਹਾਂ ਤੋਂ ਇਲਾਵਾ ਲਗਭਗ ਸਾਰੇ ਹੀ ਪ੍ਰਮੁੱਖ ਪਰਚਿਆਂ ਤੇ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

 

ਜਸਬੀਰ ਢੰਡ ਦਾ ਜਨਮ 26 ਅਕਤੂਬਰ, 1944 ਨੂੰ ਮੋਗਾ ਪੰਜਾਬ ਵਿਖੇ ਹੋਇਆ ਤੇ ਇਹ ਅਧਿਆਪਕ ਵਜੋਂ ਸੇਵਾ ਮੁਕਤ ਹੋ ਕੇ ਵਰਤਮਾਨ ਸਮੇਂ ਵਿਚ ਕੁਲਵਕਤੀ ਲੇਖਕ ਵਜੋਂ ਵਿਚਰ ਰਹੇ ਹਨ। ਇਨਾਂ ਨੂੰ ਅਦਾਰਾਮਿੰਨੀਅੰਮਿ੍ਰਤਸਰ ਵੱਲੋਂਗੁਰਮੀਤ ਹੇਅਰ ਯਾਦਗਾਰੀ ਸਨਮਾਨਤੋਂ ਇਲਾਵਾ ਹੋਰ ਵੀ ਕਈ ਮਾਨ ਸਨਮਾਨ ਹਾਸਿਲ ਹੋ ਚੁੱਕੇ ਹਨ। ਢੰਡ ਸਾਹਿਬ ਦੀਆਂ ਕਥਾਵਾਂ ਦੀ ਇਹ ਖਾਸੀਅਤ ਹੈ ਕਿ ਜਦੋਂ ਤੁਸੀਂ ਪੜਦੇ ਹੋ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਬਜ਼ੁਰਗ ਤਹਾਨੂੰ ਕਹਾਣੀ ਸੁਣਾ ਰਿਹਾ ਹੋਵੇ ਤੇ ਉਸਦਾ ਸਾਰਾ ਘਟਨਾਕ੍ਰਮ ਤੁਹਾਡੀਆਂ ਅੱਖਾਂ ਸਾਹਮਣੇ ਘਟ ਰਿਹਾ ਹੋਵੇ। ਮਿੰਨੀ ਕਹਾਣੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿਅਸਲ ਮਿੰਨੀ ਕਹਾਣੀ ਉਹ ਹੈ ਜਿਸ ਵਿਚ ਇਸਦੇ ਨਾਂ ਵਾਲੇ ਦੋਵੇਂ ਗੁਣ ਜਰੂਰ ਹੋਣ ਭਾਵ ਰਚਨਾ ਮਿੰਨੀ ਹੋਵੇ ਤੇ ਉਸ ਵਿਚ ਕਹਾਣੀ ਵੀ ਜਰੂਰ ਹੋਵੇ।ਜਸਬੀਰ ਢੰਡ ਦੀਆਂ ਮਿੰਨੀ ਕਹਾਣੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਤੁਸੀਂ ਆਨੰਦ ਮਾਣੋ ਇਨਾਂ ਦੀਆਂ ਮਿੰਨੀ ਕਹਾਣੀਆਂ ਦਾ:

============

ਡਿਗਦੇ ਮੀਨਾਰ

 

ਉਹ, ਮਾਪਿਆਂ ਦਾ ਇਕਲੌਤਾ ਪੁੱਤਰ, ਸ਼ਕਲ ਸੂਰਤ ਪੱਖੋਂ ਭਾਵੇਂ ਸਧਾਰਨ ਸੀ ਪਰ ਪੜਾਈ ਵਿਚ ਹੁਸ਼ਿਆਰ ਸੀ। ਪਿਓ ਨੇ ਹੱਲਾ-ਸ਼ੇਰੀ ਦਿੱਤੀ, ‘‘ਪੁੱਤਰਾ! ਜਿੰਨਾ ਮਰਜ਼ੀ ਪੜ.....ਮੈਂ ਔਖਾ ਹੋਵਾਂ, ਚਾਹੇ ਸੌਖਾ। ਖਰਚੇ ਵੰਨੀਓਂ ਨਾ ਫ਼ਿਕਰ ਕਰੀਂ.....’’

 

            ਯੂਨੀਵਰਸਿਟੀ ਵਿਚ ਡਬਲ ਐਮ.. ਕਰਨ ਤੋਂ ਬਾਦ ਉਸ ਪੀ.ਐਚ.ਡੀ ਕਰਨ ਦੀ ਤਿਆਰੀ ਕਰ ਲਈ। ਸਾਰੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਸੀ ਪਰ ਹੁਣ ਗਾਈਡ ਦੀ ਸਮੱਸਿਆ ਆਣ ਖੜੀ ਸੀ। ਜਿਸ ਕਿਸੇ ਕੋਲ ਵੀ ਜਾਂਦਾ, ਉਹੀ ਸਿਰ ਮਾਰ ਜਾਂਦਾ। ਕਿਸੇ ਕੋਲ ਸਮਾਂ ਨਹੀਂ ਸੀ, ਸਭ ਰੁੱਝੇ ਹੋਏ ਸਨ। ਇਕ ਵਿਦਵਾਨ ਦੀ ਵਿਦੱਵਤਾ ਦਾ ਉਹ ਕਾਇਲ ਸੀ। ਉਸਦਾ ਜੀਅ ਕਰਦਾ ਸੀ ਕਿ ਉਹ ਉਸਦਾ ਗਾਈਡ ਬਣੇ। ਅਥਾਹ ਸ਼ਰਧਾ ਸੀ ਉਸ ਵਿਦਵਾਨ ਪ੍ਰਤੀ ਉਸਦੇ ਮਨ ਵਿਚ।

 

            ਆਪਣੇ ਸਾਰੇ ਅਸਰ-ਰਸੂਖ਼ ਵਾਲੇ ਮਿੱਤਰਾਂ ਕੋਲ ਆਪਣੀ ਸਮੱਸਿਆ ਦੱਸੀ ਤਾਂ ਇਕ ਮਿੱਤਰ ਨੇ ਹਾਮੀ ਭਰੀ ਕਿ ਉਹ ਉਸ ਵਿਦਵਾਨ ਨੂੰ ਮਿਲਾ ਦੇਵੇਗਾ।

 

            ‘‘ਪਰ ਬੰਦਾ ਰੰਗੀਲੈ.....ਖਾਣ-ਪੀਣ ਦਾ ਸ਼ੁਕੀਨ.....ਖਰਚਾ ਖੁੱਲਾ ਕਰਨਾ ਪਊ।’’

 

            ਮਿੱਤਰ ਨੇ ਪਹਿਲਾਂ ਹੀ ਸਾਵਧਾਨ ਕੀਤਾ ਤਾਂ ਉਸ ਘਰੋਂ ਹੋਰ ਪੈਸੇ ਮੰਗਵਾ ਲਏ।

 

            ਇਕ ਸ਼ਾਮ ਵਧੀਆ ਹੋਟਲ ਵਿਚ ਵਿਦਵਾਨ ਦੀ ਖੂਬ ਸੇਵਾ ਕੀਤੀ। ਖਾਂਦਿਆਂ-ਪੀਂਦਿਆਂ ਉਹ ਬੇਤਕਲੱਫ ਹੰੁਦਾ ਗਿਆ।

 

            ਦੂਸਰੀ ਮੁਲਾਕਾਤ ਵਿਚ ਕਹਿਣ ਲੱਗਾ, ‘‘ਤੇਰੀਆਂ ਕੋਈ ਕੁੜੀਆਂ ਵਾਕਫ਼ ਹੋਣਗੀਆਂ, ਉਨਾਂ ਨਾਲ ਨਹੀਂ ਮਿਲਾਏਂਗਾ?’’

           

ਤੇ ਉਸ ਆਪਣੀਆਂ ਮਿੱਤਰ ਕੁੜੀਆਂ ਨਾਲ ਵਿਦਵਾਨ ਨੂੰ ਮਿਲਾਇਆ ਤਾਂ ਕੁੜੀਆਂ ਉਸ ਤੋਂ ਆਪਣੇ ਥੀਸਸਾਂ ਬਾਰੇ ਹੀ ਸੁਆਲ ਪੁਛਦੀਆਂ ਰਹੀਆਂ।

 

            ‘‘ਇੰਜ ਤਾਂ ਕੋਈ ਗੱਲ ਨਹੀਂ ਬਣੀ। ਤੂੰ ਆਪਣੀ ਕਿਸੇ ਖਾਸ ਮਿੱਤਰ ਕੁੜੀ ਨਾਲ ਗੱਲ ਕਰਾ......ਸਿੱਧੀ!’’ ਦਾਰੂ ਦੀ ਲੋਰ ਵਿਚ ਜਦੋਂ ਵਿਦਵਾਨ ਨੇ ਆਪਣੇ ਇਰਾਦੇ ਸਪਸ਼ਟ ਕੀਤੇ ਤਾਂ ਉਹ ਖਿਝ ਗਿਆ।

 

            ‘‘ਮੁਆਫ਼ ਕਰਨਾ! ਇਹ ਮੇਰੇ ਵੱਸ ਦੀ ਗੱਲ ਨਹੀਂ ਹੈ.....’’ ਜਦੋਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਦਵਾਨ ਆਪਣੀ ਖੇਡ ਦੇ ਸਾਰੇ ਪੱਤੇ ਨੰਗੇ ਕਰਦਿਆਂ ਬੋਲਿਆ।

 

‘‘ਤੂੰ ਪੀ.ਐਚ.ਡੀ. ਨਹੀਂ ਕਰ ਸਕਦਾ। ਨਾ ਤਾਂ ਤੰੂ ਕੁੜੀ ਐਂ..... ਛੇਕੜ ਮੁੰਡਾ ਹੀ ਸੁਹਣਾ ਹੁੰਦਾ......!’’

 

            ‘‘ਮੈਂ ਤੁਹਾਡੇ ਵਰਗੇ ਗਾਈਡ ਕੋਲੋਂ ਪੀ.ਐਚ.ਡੀ ਕਰਨ ਨਾਲੋਂ ਐਵੇਂ ਹੀ ਚੰਗਾ। ਤੁਸੀਂ ਜਾ ਸਕਦੇ ਹੋ.......’’

 

            ਉਸਨੇ ਲੜਖੜਾ ਰਹੇ ਵਿਦਵਾਨ ਦੇ ਕਮਰਿਓਂ ਬਾਹਰ ਹੁੰਦਿਆਂਠਾਹਕਰਕੇ ਦਰਵਾਜ਼ਾ ਬੰਦ ਕਰ ਦਿੱਤਾ।

 

            ......ਤੇ ਸੇਜਲ ਅੱਖਾਂ ਨਾਲ ਉਹ ਵਾਪਸ ਘਰ ਜਾਣ ਲਈ ਕਮਰੇ ਵਿਚੋਂ ਆਪਣਾ ਸਮਾਨ ਇਕੱਠਾ ਕਰਨ ਲੱਗ ਪਿਆ।#

==============

 

ਨਹੀਂ..

 

           ਪਿੰਡ ਵਿਚ ਦੋ ਭਰਾ ਰਹਿੰਦੇ ਸਨ। ਉਹ ਥੋੜੀ ਜਿਹੀ ਭੋਇੰ ਦੇ ਮਾਲਕ ਸਨ ਵੱਡਾ ਅਨਪੜ ਰਹਿ ਗਿਆ ਸੀ। ਪਿਓ ਨੇ ਛੋਟੇ ਹੁੰਦੇ ਹੀ ਹਲ ਦੀ ਹੱਥੀ ਫੜਾ ਦਿੱਤੀ ਸੀ। ਉਂਜ ਵੀ ਉਹ ਭਗਤ ਹੀ ਸੀ। ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਫੇਰ ਵੀ ਪੰਜ ਪਾਂਜੇ ਪੂਰੇ ਨਾ ਹੁੰਦੇ।

 

 ਛੋਟਾ ਭਰਾ ਦਸ ਜਮਾਤਾਂ ਪੜ ਗਿਆ ਸੀ।

 

ਚਿੱਟੇ ਕੱਪੜੇ ਪਾ ਕੇ ਰਖਦਾ, ਕੰਮ ਤੋਂ ਘੇਸਲ ਵਟਦਾ। ਤੋਰੇ-ਫੇਰੇ ਤੇ ਰਹਿੰਦਾ। ਉਤਲੇ ਕੰਮ ਉਹੀ ਕਰਦਾ।

 

ਵੱਡਾ ਹੈਰਾਨ ਸੀ ਕਿ ਛੋਟਾ ਪਤਾ ਨਹੀਂ ਕਿਵੇਂ ਤੁਰਿਆ ਫਿਰਦਾ ਪੁਲਸ ਨਾਲ ਰਲ ਕੇ ਭੁੱਕੀ ਵੇਚਣ ਲੱਗ ਪਿਆ ਸੀ। ਦਿਨਾਂ ਵਿਚ ਹੀ ਉਸਦੇ ਵਾਰੇ-ਨਿਆਰੇ ਹੋ ਗਏ ਸਨ। ਭਾਵੇਂ ਇਕ ਦੋ ਵਾਰ ਫੜਿਆ ਵੀ ਗਿਆ ਸੀ। ਛੋਟੇ ਦੀ ਇਸ ਉੱਪਰਲੀ ਕਮਾਈ ਨੇ ਦੁਹਾਂ ਭਰਾਵਾਂ ਵਿਚ ਵੱਡਾ ਪਾੜਾ ਪਾ ਦਿੱਤਾ ਸੀ। ਛੋਟੇ ਨੇ ਪਿੰਡ ਵਿਚਲਾ ਜੱਦੀ ਘਰ ਛੱਡ ਕੇ ਖੇਤ ਕੋਠੀ ਪਾ ਲਈ ਸੀ, ਉਹ ਆਪ ਤੇ ਉਸਦਾ ਮੁੰਡਾ ਵੀ ਨਸ਼ੇ ਕਰਨ ਲੱਗ ਪਏ ਸਨ। ਜਦੋਂ ਛੋਟੇ ਦੇ ਮੁੰਡੇ ਨੇ ਨਵਾਂ ਸਕੂਟਰ ਲੈ ਆਂਦਾ ਤੇ ਫਿਰਨੀ ਤੋਂ ਦੀ ਧੂੜ ਉਡਾਉਂਦਾ ਤਾਏ ਦੇ ਘਰ ਮੂਹਰਦੀ ਲੰਘਿਆ ਤਾਂ ਵੱਡੇ ਭਰਾ ਲਈ ਪੰਗਾ ਖੜਾ ਹੋ ਗਿਆ।

 

ਦਸਵੀਂ ਵਿਚ ਪੜਦੇ ਵੱਡੇ ਮੁੰਡੇ ਨੇ ਘਰ ਵਿਚ ਝੱਜੂ ਪਾ ਦਿੱਤਾ।

 

“‘‘ਮੈਨੂੰ ਤਾਂ ਨਵਾਂ ਸਕੂਟਰ ਲੈ ਕੇ ਦਿਓ’’!” ਉਸਨੇ ਪਿਓ ਦੇ ਗਲ਼ ਗੂਠਾ ਦਿੰਦਿਆਂ ਰਿਗੜ ਕੀਤੀ। ਪਿਓ ਲਾਚਾਰ ਹੋਇਆ ਕਹਿਣ ਲੱਗਾ, “ਕਿੱਥੋਂ ਲੈ ਦਿਆਂ ਤੈਨੂੰ ਸਕੂਟਰ? ਆਵਦਾ ਘਰ ਨਹੀਂ ਦੀਂਹਦਾ ਤੈਨੂੰ? ਪਤਾ ਨਹੀਂ ਕਿਵੇਂ ਪੰਜ-ਪਾਂਜੇ ਪੂਰੇ ਕਰਦਾ ਮੈ। ਸੁਸਾਇਟੀ ਤੇ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾ ਨੀਂ ਪੂਰੀਆਂ ਹੁੰਦੀਆਂ...

”

‘‘ਉਹ ਵੀ ਤੇਰਾ ਭਰਾ ? ਉਹਨੇ ਕਿਵੇਂ ਲੈ ਤਾਂ ਭਿੰਦਰ ਨੂੰ ਨਵਾਂ ਸਕੂਟਰ?’’”

 

‘‘ਉਹ ਤਾਂ ਭੁੱਕੀ ਵੇਚਦੈ...ਹਰਾਮ ਦੀ ਕਮਾਈ ਉਹ ਤਾਂ....’’”

 

‘‘ਫੇਰ ਤੈਥੋਂ ਨੀ ਭੁੱਕੀ ਵੇਚੀ ਜਾਂਦੀ?’’”

 

ਮੰੁਡੇ ਦੀ ਗੱਲ ਸੁਣ ਕੇ ਵੱਡਾ ਭਰਾ ਸੁੰਨ ਹੋ ਗਿਆ। ਕਿੱਧਰ  ਨੂੰ ਜਾਵੇ? ਕੀ ਕਰੇ? ਉਸ ਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਕਿਰਤ ਕਰਨ ਦਾ ਫਲਸਫਾ ਕੂੜ ਜਾਪਿਆ।

 

 ਉਸਦੇ ਦਿਮਾਗ  ਨੂੰ ਇਕ ਗੁਬਾਰ ਚੜ ਗਿਆ।

 

‘‘ਨਹੀਂ! ਕਦੇ ਨਹੀਂ ਵੇਚਾਂਗਾ ਮੈਂ ਇਹੋ ਜਿਹੀ ਅੱਗ-ਸੁਆਹ ਜੋ ਪਿੰਡ ਦੀ ਜਵਾਨੀ ਨੂੰ ਤਬਾਹ ਕਰਦੀ ਹੋਵੇ! ਭੁੱਖੇ ਮਰਨਾ ਮਨਜ੍ਤੂਰ...ਨਹੀਂ ਕਰਾਂਗਾ ਮੈਂ  ਇਹੋ ਜਿਹੇ ਕੁੱਤੇ ਕੰਮ...ਢੱਠੇ ਖੂਹ ਵਿਚ ਜਾਓ ਤੁਸੀਂ ਸਾਰੇ!!”’’

 

ਮੁੰਡੇ ਨੇ ਬਾਪੂ ਦਾ ਇਹ ਰੂਪ ਕਦੇ ਨਹੀਂ ਵੇਖਿਆ ਸੀ। ਉਹ ਆਪਣੀ ਨਵਾਂ ਸਕੂਟਰ ਲੈਣ ਦੀ ਮੰਗ ਭੁੱਲ ਗਿਆ ਸੀ।

==============

 

ਨਿੱਕੇ ਨਿੱਕੇ ਈਸਾ

 

ਸ਼ਿੰਦਰੋ! ਕੱਲ ਕਿਉਂ ਨੀ ਆਈ?”

 

ਜੀ ਕੱਲ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗੀ ਸੀ।

 

ਕਿਉਂ ? ਕੀ ਹੋਇਆ ਤੇਰੀ ਬੀਬੀ ਨੂੰ?”

 

ਜੀ ਉਹਦੀ ਨਾ ਬੱਖੀ ਚੋਂ ਨਾੜ ਭਰਦੀ ...... ਕੱਲ ਮਾਨਸਾ ਦਖਾਉਣ ਜਾਣਾ ਸੀ।

 

ਦਿਖਾ ਆਏ ਫੇਰ?”

 

ਨਾ ਜੀ...”

 

ਕਿਉਂ?”

 

ਜੀ ਕੱਲ ਪੈਸੇ ਨੀ ਹੈ ਗੇ ਸੀ....

 

ਫੇਰ?”

 

ਜੀ ਅੱਜ ਲੈ ਕੇ ਜਾਊ ਮੇਰਾ ਬਾਪੂ...

 

ਅੱਜ ਕਿੱਥੋਂ ਗੇ ਪੈਸੇ?”

 

ਜੀ ਸੀਰ ਆਲਿਆਂ ਦਿਓਂ ਲਿਆਇਐ... ਧਾਰੇ..”

 

ਪਹਿਲੀ ਜਮਾਤ ਵਿਚ ਪੜਦੀ ਸ਼ਿੰਦਰ ਆਪਣੇ ਅਧਿਆਪਕ ਨਾਲ ਸਿਆਣਿਆਂ ਵਾਂਗ ਗੱਲਾਂ ਕਰਦੀ ਹੈ। ਪੱਕਾ ਸਾਂਵਲਾ ਰੰਗ ਪਰ ਨੈਣ-ਨਕਸ਼ ਸੁਹਣੇ। ਆਪਣੀ ਉਮਰ ਦੇ ਬੱਚਿਆਂ ਨਾਲੋਂ ਦੋ ਤਿੰਨ ਸਾਲ ਵੱਡੀ ਤੇ ਸਮਝਦਾਰ.... ਆਪ ਔਖੀ ਹੋ ਕੇ ਵੀ ਮਾਂ ਨੇ ਪੜਣ ਲਾਈ ਹੈ ਕਿ ਧੀ ਚਾਰ ਅੱਖਰ ਉਠਾਉਣ ਜੋਗੀ ਹੋ ਜਾਵੇ।

 

ਅਗਲੇ ਦਿਨ ਉਹ ਘੰਟਾ ਕੁ ਲੇਟ ਆਉਂਦੀ ਹੈ।

 

ਲੇਟ ਹੋ ਗੀ ਅੱਜ?”

 

ਜੀ ਅੱਜ ਬੀਬੀ ਫੇਰ ਬਾਹਲੀ ਔਖੀ ਸੀ.... ਰੋਟੀਆਂ ਪਕਾ ਕੇ ਆਈ ਆਂ.... ਨਾਲੇ ਜੀ ਪਹਿਲਾਂ ਸਾਰਾ ਘਰ ਸੰਭਰਿਆ....

 

ਤੂੰ ਰੋਟੀਆਂ ਪਕਾ ਲੈਨੀ ਐਂ?”

 

ਹਾਂ ਜੀ! ਦਾਲ ਵੀ, ਮੇਰੀ ਬੀਬੀ ਪਈ ਪਈ ਦੱਸ ਦਿੰਦੀ ... ਮੈਂ ਧਰ ਲੈਨੀ ਆਂ।

 

ਕੁੜੀ ਦੇ ਚਿਹਰੇ ਤੇ ਆਤਮ ਵਿਸ਼ਵਾਸ ਦਾ ਜਲੌ ਦਿਖਾਈ ਦਿੰਦਾ ਹੈ।

 

ਅੱਜ ਫੇਰ ਤੇਰੀ ਬੀਬੀ ਨੇ ਤੈਨੂੰ ਘਰੇ ਰਹਿਣ ਨੂੰ ਨੀ ਆਖਿਆ?” ਅਧਿਆਪਕ ਦਾ ਜੀਅ ਕਰਦਾ ਹੈ ਕਿ ਉਸ ਨੂੰ ਛੁੱਟੀ ਦੇ ਦੇਵੇ।

ਨਾ... ਜੀ ਅੱਜ ਤਾਂ ਬੀਬੀ ਮੇਰੇ ਬਾਪੂ ਨੂੰ ਕਹੀ ਜਾਂਦੀ ਸੀ.... ਜੇ ਮੈਂ ਮਰ ਵੀ ਗਈ ਤਾਂ ਸ਼ਿੰਦਰ ਨੂੰ ਪੜਨੋਂ ਨਾ ਹਟਾਈਂ।

 

ਜਮਾਤ ਵਿਚ ਚਾਲੀ-ਪੰਜਾਹ ਬੱਚਿਆਂ ਦੇ ਸ਼ੋਰ ਦੇ ਬਾਵਜੂਦ ਅਧਿਆਪਕ ਦੇ ਅੰਦਰ ਇਕ ਚੁੱਪ ਪਸਰ ਜਾਂਦੀ ਹੈ। ਸੁੰਨ ਜਿਹਾ ਹੋਇਆ ਉਹ ਕੁੜੀ ਦੇ ਮੂੰਹ ਵੱਲ ਵੇਖਦਾ ਹੈ। ਕਿੰਨੇ ਹੀ ਨਿੱਕੇ ਨਿੱਕੇ ਈਸਾ ਸੂਲੀ ਤੇ ਲਟਕ ਰਹੇ ਹਨ। #

===============

 

ਰਿਸ਼ਤੇ

 

ਤਿੰਨ ਭੈਣਾਂ ਹਨ ਉਹ।

 

ਪਿਛਲੇ ਦਿਨੀਂ ਵੱਡੀ ਦਾ ਘਰਵਾਲਾ ਅਚਾਨਕ ਸੁਰਗਵਾਸ ਹੋ ਗਿਆ।

 

ਸਵੇਰੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮੀਂ ਮੁੱਕ ਵੀ ਗਿਆ। ਉਸੇ ਵੇਲੇ ਸਕੀਰੀਆਂ ਵਿਚ ਟੈਲੀਫੋਨ ਕਰ ਦਿੱਤੇ ਮੁੰਡੇ ਨੇ। ਰਿਸ਼ਤੇਦਾਰ ਮੂੰਹ-ਹਨੇਰੇ ਹੀ ਘਰਾਂ ਤੋਂ ਚੱਲ ਪਏ।

 

ਦੋਵੇਂ ਭੈਣਾ ਤੇ ਉਹਨਾਂ ਦੇ ਘਰਵਾਲੇ ਦਸ ਵੱਜਣ ਤੋਂ ਪਹਿਲਾਂ ਹੀ ਪਹੁੰਚ ਗਏ ਸਨ।

 

ਘਰ ਬਹੁਤ ਹੀ ਭੀੜਾ ਸੀ। ਜਿੱਥੇ ਲਾਸ਼ ਪਈ ਸੀ ਉੱਥੇ ਹੀ ਦਸ-ਬਾਰਾਂ ਜਨਾਨੀਆਂ ਬੈਠੀਆਂ ਹੋਈਆਂ ਸਨ। ਤਿੰਨ ਕੁ ਫੁੱਟ ਚੌੜੀ ਗੈਲਰੀ ਵਿਚ ਪੰਜ-ਸੱਤ ਬੰਦੇ ਬੈਠਣ ਜੋਗੀ ਥਾਂ ਸੀ ਮਸਾਂ। ਰਿਸ਼ਤੇਦਾਰ, ਗਲੀ-ਗੁਆਂਢ ਤੇ ਦੋਸਤ-ਮਿੱਤਰ ਆਈ ਜਾਂਦੇ ਤੇ ਬਾਹਰ ਨਿੱਕਲੀ ਜਾਂਦੇ। ਅੰਦਰ ਰੋਣ-ਕੁਰਲਾਣ ਮੱਚਿਆ ਹੋਇਆ ਸੀ।

 

ਗਲੀ ਵੀ ਭੀੜੀ ਸੀ ਕੋਈ ਕਿਤੇ ਖੜਾ ਸੀ, ਕੋਈ ਕਿਤੇ ਬੈਠਾ ਸੀ। ਕਈ ਤਾਂ ਦੁਕਾਨਾਂ ਦੇ ਥੜਿਆਂ ਉੱਤੇ ਹੀ ਬੈਠੇ ਸਨ। ਉੱਤੋਂ ਲੋਹੜੇ ਦੀ ਗਰਮੀ ਤੇ ਹੁੰਮਸ।

 

ਦੋਵੇਂ ਸਾਢੂ ਅੰਦਰ ਗਏ, ਦਸ-ਵੀਹ ਮਿੰਟ ਲਾਸ਼ ਕੋਲ ਬੈਠੇ, ਸਾਲੀ ਕੋਲ ਅਫਸੋਸ ਕੀਤਾ ਤੇ ਫਿਰ ਬਾਹਰ ਗਏ। ਭੈਣਾਂ ਭੈਣ ਕੋਲ ਬੈਠੀਆਂ ਰਹੀਆਂ।

 

ਅਜੇ ਦਸ ਵੱਜੇ ਸਨ। ਦਿੱਲੀਓਂ ਭਾਈ ਨੇ ਗੱਡੀ ਤੇ ਆਉਣਾ ਸੀ ਤੇ ਉਹਦੇ ਆਉਣ ਤੇ ਹੀ ਦੋ ਵਜੇ ਸਸਕਾਰ ਹੋਣਾ ਸੀ। ਬਾਹਰ ਚੌੜੀ ਸੜਕ ਤੇ ਕੇ ਉਹਨਾਂ ਖੁੱਲਾ ਸਾਹ ਲਿਆ।

 

ਚੱਲ ਯਾਰ! ਸ਼ੇਵ ਕਰਾ ਲਈਏ।ਨਾਈ ਦੀ ਦੁਕਾਨ ਵੇਖਕੇ ਛੋਟੇ ਸਾਢੂ ਨੇ ਕਿਹਾ।

 

ਇਕ ਸ਼ੇਵ ਕਰਾਉਂਦਾ ਰਿਹਾ, ਦੂਜਾ ਅਖਬਾਰਾਂ ਵੇਖਦਾ ਰਿਹਾ। ਸਵੇਰੇ ਘੋਰ ਹਨੇਰੇ ਤੁਰਨ ਕਾਰਨ ਅਖਬਾਰ ਵੀ ਨਹੀਂ ਵੇਖੇ ਸਨ। ਅੱਧੇ ਘੰਟੇ ਬਾਦ ਉਹ ਫੇਰ ਵਿਹਲੇ ਸਨ।

 

ਚੱਲ ਯਾਰ! ਕੁਝ ਪੇਟ-ਪੂਜਾ ਕਰਕੇ ਆਈਏ। ਤੜਕੇ ਦਾ ਚਾਹ ਦਾ ਕੱਪ ਪੀਤੈ।

 

ਬਜਾਰਾਂ ਦੀ ਰੌਣਕ ਵੇਖਦੇ ਹੋਏ ਉਹ ਮੇਨ ਬਜਾਰ ਵਿਚ ਨਿਕਲੇ। ਧੁੱਪ ਸੂਈਆਂ ਵਾਂਗ ਚੁਭ ਰਹੀ ਸੀ।

 

ਬੜੇ ਕਲੋਟੇ ਫਸੇ ਯਾਰ! ਕਿਹੜੇ ਵੇਲੇ ਦੋ ਵੱਜਣਗੇ?” ਛੋਟਾ ਬੋਲਿਆ।

 

ਦੋ ਵਜੇ ਦਾ ਵੀ ਕੀ ਪਤੈ? ਗੱਡੀ ਲੇਟ ਵੀ ਹੋ ਸਕਦੀ ਐ।ਵੱਡੇ ਨੇ ਖਦਸ਼ਾ ਜਾਹਰ ਕੀਤਾ।

 

ਵੱਗ ਵਿੱਚੋਂ ਆਉਟਲੀ ਵੱਛੀ ਵਾਂਗ ਉਹ ਬੇਗਾਨੇ ਸ਼ਹਿਰ ਵਿਚ ਮਾਰੇ-ਮਾਰੇ ਫਿਰ ਰਹੇ ਸਨ। ਅਚਾਨਕ ਛੋਟਾ ਸਾਢੂ ਵੱਡੇ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਬੋਲਿਆ, “ਬੀਅਰ ਨਾ ਪੀਏ ਇਕ-ਇਕ।

 

ਕਮਾਲ ਕਰਦੈਂ ਸਹਿਗਲ ਤੂੰ ਵੀ! ਜੰਨ ਤਾਂ ਨੀ ਆਏ!” ਵੱਡਾ ਗੁੱਸੇ ਵਿਚ ਬੋਲਿਆ।

 

ਵੇਖੋ ਸੱਭਰਵਾਲ ਸਾਹਬ! ਜਿਹੜਾ ਕੁਸ਼ ਹੋਣਾ ਸੀ, ਉਹ ਤਾਂ ਹੋ ਗਿਆ। ਹੁਣ ਬੰਦਾ ਤਾਂ ਮੁੜਦਾ ਨੀਆਪਣੇ ਕੁਝ ਖਾਣ ਜਾਂ ਪੀਣ ਨਾਲ ਤਾਂ ਕੋਈ ਫਰਕ ਨੀ ਪੈਣਾ।

 

ਨਹੀਂ ਯਾਰ, ਕੋਈ ਵੇਖੂਗਾ ਤਾਂ ਕੀ ਕਹੂਗਾ।ਵੱਡਾ ਬੋਲਿਆ।

 

ਵੇਖਣ ਨੂੰ ਆਪਣੇ ਕੋਈ ਮਗਰ ਤੁਰਿਆ ਫਰਦੈ? ਐਥੇ ਐਡੇ ਸ਼ਹਿਰ ਆਪਾਂ ਨੂੰ ਕੌਣ ਜਾਣਦੈ?”

 

ਨਹੀਂ ਯਾਰ, ਮੈਨੂੰ ਠੀਕ ਨਹੀਂ ਲਗਦਾ।ਵੱਡੇ ਨੇ ਕਿਹਾ ਤਾਂ ਛੋਟਾ ਚੁੱਪ ਕਰ ਗਿਆ।

 

ਕੁਝ ਦੇਰ ਉਹ ਚੁੱਪ ਚਾਪ ਤੁਰੇ ਗਏ। ਵਾਪਸ ਘਰੇ ਮੁੜਨ ਦੇ ਖਿਆਲ ਨਾਲ ਦੋਵੇਂ ਅੱਕਲਕਾਣ ਜਿਹੇ ਹੋ ਗਏ। ਵੱਡੇ ਨੇ ਘੜੀ ਵੇਖੀ। ਅਜੇ ਗਿਆਰਾਂ ਵੱਜੇ ਸਨ।

 

ਅਚਾਨਕ ਸਾਹਮਣੇ ਬੀਅਰ-ਬਾਰ ਦੇ ਵੱਡੇ ਸਾਰੇ ਸਾਈਨ-ਬੋਰਡ ਉੱਤੇ ਗੌਡਫਾਦਰ ਨਾਲ ਝੱਗੋ ਝੱਗ ਭਰੇ ਮੱਗ ਨੂੰ ਹੱਥ ਵਿਚ ਫੜੀ ਵੱਡੀਆਂ ਮੁੱਛਾਂ ਵਾਲੇ ਆਦਮੀ ਦੀ ਤਸਵੀਰ ਵੇਖ ਵੱਡਾ ਬੋਲਿਆ, “ਚੱਲ ਯਾਰ! ਵੇਖੀ ਜਾਊ!”

 

ਤੇ ਦੋਵੇਂ ਸਾਢੂ ਚੋਰ-ਅੱਖਾਂ ਨਾਲ ਇੱਧਰ-ਉੱਧਰ ਵੇਖਦਿਆਂ ਤੇਜੀ ਨਾਲ ਬਾਰ ਵਿਚ ਵੜ ਗਏ।

=============

 

ਮੋਢਾ

 

ਐਂਬੂਲੈਂਸ ਵਿਚੋਂ ਕੱਢ ਕੇ ਪਾਪਾ ਦੀ ਮਿ੍ਰਤਕ ਦੇਹ ਘਰ ਦੇ ਵਿਹੜੇ ਵਿਚ ਰੱਖ ਦਿੱਤੀ ਗਈ ਹੈ। ਰੋਣ-ਕੁਰਲਾਹਟ ਮੱਚਿਆ ਹੋਇਆ ਹੈ। ਸਾਨੂੰ ਚਾਰਾਂ ਭੈਣਾਂ ਅਤੇ ਮੰਮੀ ਨੂੰ ਰਿਸ਼ੇਤਦਾਰ ਔਰਤਾਂ ਚੁੱਪ ਕਰਾਉਣ ਦਾ ਯਤਨ ਕਰ ਰਹੀਆਂ ਹਨ। ਸਾਰਿਆਂ ਤੋਂ ਪਹਿਲਾਂ ਮੈਂ, ਜੋ ਸਾਰੀਆਂ ਭੈਣਾਂਚੋਂ ਛੋਟੀ ਹਾਂ, ਚੁੱਪ ਕਰ ਜਾਂਦੀ ਹਾਂ।

 

ਆਪਣੇ ਹੰਝੂ ਪੂੰਝ ਕੇ ਮੰਮੀ ਤੇ ਵੱਡੀਆਂ ਤਿੰਨਾਂ ਨੂੰ ਚੁੱਪ ਕਰਾਣ ਦਾ ਯਤਨ ਕਰਦੀ ਹਾਂ।

 

ਪਤਾ ਨਹੀਂ ਕਿਉਂ ਮੈਂ ਸ਼ੁਰੂ ਤੋਂ ਹੀ ਟੱਬਰ ਵਿਚੋਂ ਵੱਖਰੀ ਹਾਂ। ਸ਼ਾਇਦ ਇਸ ਲਈ ਕਿ ਜਦੋਂ ਮੈਂ ਸੁਰਤ ਸੰਭਾਲੀ ਤਾਂ ਇਕ ਦਿਨ ਪਾਪਾ ਦਾਰੂ ਪੀ ਕੇ ਮੰਮੀ ਨੂੰ ਕੱੁਟਣ ਲੱਗ ਪਏ ਸਨ। ਵੱਡੀਆਂ ਤਾਂ ਦੂਰ ਸ਼ਹਿਰਾਂ ਵਿਚ ਹੋਸਟਲਾਂ ਵਿਚ ਰਹਿੰਦੀਆਂ ਸਨ ਤੇ ਕਦੇ ਕਦਾਈ ਹੀ ਉਨਾਂ ਦਾ ਗੇੜਾ ਵਜਦਾ। ਮੈਂ ਹੀ ਮੰਮੀ ਨੂੰ ਚੁੱਪ ਕਰਾਉਂਦੀ ਸਾਂ।

 

ਉਸ ਦਿਨ ਪਾਪਾ ਲੜਕੇ ਘਰੋਂ ਬਾਹਰ ਚਲੇ ਗਏ ਸਨ ਤਾਂ ਮੰਮੀ ਨੇ ਮੈਨੂੰ ਦੱਸਿਆ ਸੀ ਕਿਜਦੋਂ ਤੇਰਾ ਜਨਮ ਹੋਇਆ ਸੀ ਤਾਂ ਤੇਰੇ ਪਾਪਾ ਸਾਲ ਭਰ ਮੇਰੇ ਨਾਲ ਬੋਲੇ ਨਹੀਂ ਸਨ, ਨਾ ਕਦੀ ਉਨਾਂ ਤੈਨੂੰ ਗੋਦੀ ਚੁੱਕਿਆ ਸੀ।ਉਸ ਦਿਨ ਤੋਂ ਮੇਰੇ ਮਨ ਵਿਚ ਇਕ ਗੰਢ ਜਿਹੀ ਬੱਝ ਗਈ ਸੀ।

 

ਭਲਾ ਮੰਮੀ ਦਾ ਤੇ ਮੇਰਾ ਇਸ ਵਿਚ ਕੀ ਦੋਸ਼ ਸੀ?

 

ਤੇ ਮੈਥੋਂ ਚਾਰ ਸਾਲ ਬਾਦ ਜਦੋਂ ਵੀਰੇ ਦਾ ਜਨਮ ਹੋਇਆ ਸੀ ਤਾਂ ਇਸ ਘਰ ਵਿਚ ਕਿਵੇਂ ਜਸ਼ਨ ਮਨਾਏ ਗਏ ਸਨ। ਕਿੰਨੇ ਦਿਨ ਪਾਪਾ ਨੇ ਸ਼ਰਾਬ ਦਾ ਲੰਗਰ ਲਾਈ ਰੱਖਿਆ ਸੀ।

 

ਜਣੇ-ਖਣੇ ਨੂੰ ਫੜ ਕੇ ਮੂਹਰਲੀ ਬੈਠਕ ਵਿਚ ਲਿਆ ਬਿਠਾਉਂਦੇ। ਦਾਰੂ ਦੀ ਪੇਟੀ ਬੈੱਡ ਥੱਲੇ ਪਈ ਰਹਿੰਦੀ।

 

ਰੱਜ ਕੇ ਪੀ ਯਾਰ! ਇਸ ਘਰ ਦਾ ਵਾਰਸ ਪੈਦਾ ਹੋਇਆ ! ਸਾਡੀ ਅਰਥੀ ਨੂੰ ਮੋਢਾ ਦੇਣ ਵਾਲਾ ਗਿਆ ! ਚੀਅਰਜ਼!!’ .... ਉਹ ਸ਼ਰਾਬ ਨਾਲ ਭਰੇ ਕੱਚ ਦੇ ਗਲਾਸ ਖੜਕਾਉਂਦੇ।

 

ਪਰ ਰੱਬ ਦੇ ਘਰ ਦਾ ਉਦੋਂ ਕੀ ਪਤਾ ਸੀ?

 

ਲਾਡਾਂ-ਪਿਆਰਾਂ ਨਾਲ ਪਾਲਿਆ ਪੁੱਤਰ ਮਸਾਂ ਨਕਲਾਂ-ਨੁਕਲਾਂ ਮਾਰਕੇ ਦਸਵੀਂ ਵਿਚੋਂ ਪਾਸ ਹੋਇਆ। ਨਾ ਅਗਾਂਹ ਪੜਿਆ, ਨਾ ਕਿਸੇ ਕੰਮ ਕਾਰ ਲੱਗਾ।ਨਸ਼ੇ ਕਰਦਾ, ਲੜਾਈਆਂ ਸਹੇੜੀ ਰਖਦਾ। ਪੁਲਸ ... ਠਾਣੇ.... ਸਾਰੇ ਟੱਬਰ ਦੀ ਜਾਨ ਮੁੱਠ ਵਿਚ ਲਿਆਈ ਰੱਖਦਾ।

 

ਅਸੀਂ ਚਾਰੇ ਭੈਣਾਂ ਚੰਗੀ ਪੜਾਈ ਕਰਕੇ, ਚੰਗੀਆਂ ਪੋਸਟਾਂ ਤੇ ਲੱਗ ਕੇ, ਚੰਗੇ ਸਰਦੇ ਪੁੱਜਦੇ ਘਰੀਂ ਵਿਆਹੀਆਂ ਗਈਆਂ।

 

ਤੇ ਅੱਜ ਕਿੱਥੇ ਹੈ ਉਹ ਕੁਲ ਦਾ ਵਾਰਸ? ਬਾਪ ਦੀ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਹੀ ਚਿੜੀ ਪੂੰਝਾ ਛੁਡਾ ਕੇ ਤੁਰ ਗਿਆ ਅਗਲੇ ਜਹਾਨ।

 

ਮੰਮੀ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ....

 

ਅੱਜ ਕੌਣ ਤੇਰੀ ਅਰਥੀ ਨੂੰ ਮੋਢਾ ਦੇਵੇ ਵੇ ਮੇਰੇ ਸਿਰ ਦਿਆਂ ਸਾਈਆਂ? ਕੀਹਦੇ ਆਸਰੇ ਛੱਡ ਕੇ ਤੁਰ ਚੱਲਿਐਂ ਵੇ ਮੈਨੂੰ ਸਹੇੜਨ ਵਾਲਿਆ!!’

 

ਅਚਾਨਕ ਅਸੀਂ ਚਾਰੇ ਭੈਣਾਂ ਫੈਸਲਾ ਕਰ ਲੈਂਦੀਆਂ ਹਾਂ।

 

ਰੋ ਨਾ ਮੰਮੀ!! ਅਸੀਂ ਦੇਵਾਂਗੀਆਂ ਮੋਢਾ ਆਪਣੇ ਬਾਬਲ ਦੀ ਅਰਥੀ ਨੂੰ ਅਸੀਂ ਜਿਊਂਦੀਆਂ ਜਾਗਦੀਆਂ ਬੈਠੀਆਂ ਤੈਨੂੰ ਸਾਂਭਣ ਵਾਲੀਆਂ!”

 

ਮੰਮੀ ਦੇ ਕੀਰਨੇ ਹੌਲੀ ਹੌਲੀ ਹਟਕੋਰਿਆਂ ਵਿਚ ਬਦਲ ਜਾਂਦੇ ਹਨ। ਅਸੀਂ ਚਾਰਾਂ ਭੈਣਾਂ ਨੇ ਅਰਥੀ ਦੇ ਚਾਰੇ ਪਾਸੇ ਮੱਲ ਲਏ ਹਨ।

 

ਸਾਰੀ ਮਜਲਸ ਵਿਚ ਬੜੇ ਜ਼ੋਰ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gracious and able Mini Kahani Writer Jasbir Dhand