ਮੋਹਾਲੀ ਜਿ਼ਲ੍ਹੇ `ਚ ਸਥਿਤ ਮਹਿੰਦਰਾ ਚੌਧਰੀ ਚਿੜੀਆ ਘਰ ਛੱਤਬੀੜ `ਚ ਪ੍ਰਸ਼ਾਸਨ ਛੇਤੀ ਹੀ ਦੋ ਏਸ਼ੀਆਈ ਸ਼ੇਰ ਅਤੇ ਇਕ ਚਿੱਟਾ ਮਾਦਾ ਚੀਤਾ ਲਿਆਉਣ ਲਈ ਤਿਆਰ ਹੈ, ਪ੍ਰੰਤੂ ਇਸ ਦਾ ਅੰਤਿਮ ਫੈਸਲਾ ਗੁਜਰਾਤ ਸੂਬੇ ਦੇ ਮੁੱਖ ਮੰਤਰੀ `ਤੇ ਨਿਰਭਰ ਹੈ।
ਸਥਾਨਕ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਜਾਨਵਰ ਤਬਾਦਲਾ ਪ੍ਰੋਗਰਾਮ ਦੇ ਤਹਿਤ ਕੀਤੀ ਬੇਨਤੀ `ਤੇ ਰਾਜਕੋਟ ਸਫਾਰੀ ਗੁਜਰਾਤ ਵੱਲੋਂ ਹਰੀ ਝੰਡੀ ਮਿਲ ਗਈ ਹੈ, ਜਿਸ ਦੇ ਤਹਿਤ ਫਰਵਰੀ 2019 ਤੱਕ ਤਿੰਨ ਜਾਨਵਰ ਚਿੜੀਆ ਘਰ `ਚ ਆ ਜਾਣਗੇ।
ਫੀਲਡ ਡਾਇਰੈਕਟਰ ਐਮ ਸੁਦਾਗਰ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਇਸ ਸਬੰਧੀ ਗੁਜਰਾਤ ਜੰਗਲ ਵਿੰਗ ਨੇ ਫਾਈਲ ਗੁਜਰਾਤ ਦੇ ਮੁੱਖ ਮੰਤਰੀ ਕੋਲ ਭੇਜ ਦਿੱਤੀ ਹੈ।
ਪਸ਼ੂ ਤਬਾਦਲਾ ਨਿਯਮਾਂ ਦੇ ਮੁਤਾਬਕ ਇਸ ਸਬੰਧੀ ਫਾਇਲ ਗੁਜਰਾਤ ਦੇ ਮੁੱਖ ਮੰਤਰੀ ਦੇ ਦਫ਼ਤਰ `ਚੋਂ ਫੈਸਲਾ ਹੋਣ ਤੋਂ ਬਾਅਦ ਹੀ ਜਾਨਵਰ ਛੱਤਬੀੜ ਚਿੜੀਆ ਘਰ `ਚ ਆ ਸਕਣਗੇ।
ਸੂਤਰਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ `ਤੇ ਦੱਸਿਆ ਇਸ ਸਬੰਧੀ ਸੈਂਟਰਲ ਚਿੜੀਆ ਘਰ ਅਥਾਰਿਟੀ (ਸੀਜੈਡਏ) ਅਤੇ ਕੇਂਦਰੀ ਜੰਗਲਾਤ ਤੇ ਵਾਤਾਵਰਣ ਮੰਤਰਾਲੇ ਵੱਲੋਂ ਮਨਜ਼ੂਰੀ ਮਿਲ ਗਈ ਹੈ। ਆਉਣ ਵਾਲੇ ਜਾਨਵਰਾਂ `ਚ ਇਕ ਜੋੜਾ (ਨਰ ਤੇ ਮਾਦਾ) ਸ਼ੇਰ ਸ਼ਾਮਲ ਹਨ। ਇਸ ਤੋਂ ਪਹਿਲਾਂ ਚਿੜੀਆ ਘਰ `ਚ ਇਕ ਮਾਦਾ ਸ਼ੇਰ ਅਤੇ ਤਿੰਨ ਨਰ ਜਿਨ੍ਹਾਂ ਦੇ ਨਾਮ ਯੁਵਰਾਜ, ਹੀਰ, ਹੈਲੀ ਅਤੇ ਸਿ਼ਲਪਾ ਹਨ।
ਰਾਜਕੋਟ ਚਿੜੀਆ ਘਰ `ਚੋਂ ਆਉਣ ਵਾਲੀ ਚਿੱਟੇ ਮਾਦਾ ਚੀਤਾ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਦੇ ਬਾਅਦ ਛੱਤਬੀੜ ਚਿੜੀਆ ਘਰ `ਚ ਚੀਤਿਆਂ ਦੀ ਗਿਣਤੀ 3 ਹੋ ਜਾਵੇਗੀ। ਇਸ ਤੋਂ ਪਹਿਲਾਂ ਦੋ ਮਾਦਾ ਚੀਤੇ ਹਨ, ਜਿਨ੍ਹਾਂ ਨੂੰ ਇਥੇ ਹੀ ਪਾਲਿਆ ਗਿਆ ਹੈ ਜੋ 6 ਅਤੇ 7 ਸਾਲ ਦੇ ਹਨ, ਇਕ ਮਾਦਾ ਚੀਤਾ ਦੀ ਲੋੜ ਹੈ। ਜਿਸ ਲਈ 7 ਸਾਲਾ ਮਾਦਾ ਚੀਤਾ ਲਿਆਂਦੀ ਜਾ ਰਹੀ ਹੈ।
ਇਸ ਤੋਂ ਇਲਾਵਾ ਇਸ ਚਿੜੀਆ ਘਰ ਨੂੰ 4 ਵੱਖ-ਵੱਖ ਕਿਸਮਾਂ ਦੇ 150 ਹਿਰਨ ਵੀ ਮਿਲਣੇ ਹਨ, ਆਉਣ ਵਾਲੇ ਸਾਲ ਤੱਕ ਚਿੜੀਆ ਘਰ ਲੋਕਾਂ ਨੂੰ ਹੋਰ ਆਕਰਿਸ਼ਤ ਕਰੇਗਾ।