ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਲਜ਼ਾਰ ਨੇ ਅੰਮ੍ਰਿਤਾ ਪ੍ਰੀਤਮ ਬਾਰੇ ਆਪਣੀਆਂ ਖ਼ਾਸ ਯਾਦਾਂ ਕੀਤੀਆਂ ਸਾਂਝੀਆਂ

ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼

[ਅੰਮ੍ਰਿਤਾ ਪ੍ਰੀਤਮ ਦੇ ਜਨਮ-ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਨੂੰ ਸਮਰਪਿਤ]

 

ਬਾਲੀਵੁੱਡ ਦੇ ਉੱਘੇ ਸ਼ਾਇਰ ਤੇ ਫਿ਼ਲਮ ਨਿਰਦੇਸ਼ਕ ਗੁਲਜ਼ਾਰ ਨੇ ਪੰਜਾਬੀ ਦੀ ਮਹਾਨ ਲੇਖਕਾ ਅੰਮ੍ਰਿਤਾ ਪ੍ਰੀਤਮ ਬਾਰੇ ਆਪਣੀਆਂ ਕੁਝ ਖ਼ਾਸ ਯਾਦਾਂ ‘ਹਿੰਦੁਸਤਾਨ ਟਾਈਮਜ਼` ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ:


‘‘ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਸ ਸ਼ਾਹ ਨੂੰ...` ਮੈਂ ਪਹਿਲੀ ਵਾਰ ਉੱਘੇ ਫਿ਼ਲਮ ਅਦਾਕਾਰ ਬਲਰਾਜ ਸਾਹਨੀ ਤੋਂ ਮੁੰਬਈ `ਚ ਪੰਜਾਬੀ ਸਾਹਿਤ ਸਭਾ ਦੀ ਇੱਕ ਮੀਟਿੰਗ ਦੌਰਾਨ ਸੁਣੀ ਸੀ। 1950ਵਿਆਂ ਦੇ ਅੰਤ ਤੇ 1960ਵਿਆਂ ਦੌਰਾਨ ਮੈਂ ਪਹਿਲੀ ਵਾਰ ਅੰਮ੍ਰਿਤਾ ਪ੍ਰੀਤਮ ਬਾਰੇ ਜਾਣਿਆ ਸੀ। ਮੈਂ ਤਦ ਪ੍ਰਗਤੀਸ਼ੀਲ ਲੇਖਕ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਸਾਂ  ਤੇ ਪੰਜਾਬੀ ਸਾਹਿਤ ਸਭਾ ਦੀਆਂ ਮੀਟਿੰਗਾਂ `ਚ ਜ਼ਰੁਰ ਸ਼ਾਮਲ ਹੁੰਦਾ ਸਾਂ। ਉਨ੍ਹਾਂ ਮੀਟਿੰਗਾਂ `ਚ ਤਦ ਰਾਜਿੰਦਰ ਸਿੰਘ ਬੇਦੀ, ਬਲਰਾਜ ਸਾਹਨੀ, ਹਰਨਾਮ ਸਿੰਘ ਨਾਜ਼ ਤੇ ਸੁਖਬੀਰ ਜਿਹੇ ਉੱਘੇ ਸਾਹਿਤਕਾਰ ਵੀ ਮੌਜੂਦ ਹੁੰਦੇ ਸਨ।


ਉਨ੍ਹਾਂ ਦਿਨਾਂ `ਚ ਪੰਜਾਬੀ ਸਾਹਿਤਕਾਰ ਦੇਸ਼ ਦੀ ਵੰਡ ਦਾ ਦਰਦ ਬਹੁਤ ਜੋਸ਼ੋ-ਖ਼ਰੋਸ਼ ਨਾਲ ਆਪਣੀਆਂ ਸਾਹਿਤਕ ਰਚਨਾਵਾਂ `ਚ ਬਿਆਨ ਕਰਦੇ ਹੁੰਦੇ ਸਨ। ਅੰਮ੍ਰਿਤਾ ਨਾਲ ਮੇਰੀ ਮੁਲਾਕਾਤ ਕਿਤੇ ਬਹੁਤ ਬਾਅਦ `ਚ ਜਾ ਕੇ ਹੋਈ, ਬਾਸੂ ਭੱਟਾਚਾਰੀਆ ਜਦੋਂ ਅੰਮ੍ਰਿਤਾ ਤੇ ਉਸ ਦੇ ਜੀਵਨ-ਸਾਥੀ ਇਮਰੋਜ਼ `ਤੇ ਇੱਕ ਦਸਤਾਵੇਜ਼ੀ ਫਿ਼ਲਮ ਤਿਆਰ ਕਰ ਰਹੇ ਸਨ। ਮੈਂ ਇੰਦਰਜੀਤ ਇਮਰੋਜ਼ ਨੂੰ ਪਹਿਲਾਂ ਤੋਂ ਜਾਣਦਾ ਸਾਂ, ਜਦੋਂ ਉਹ ਸੋਹਰਾਬ ਮੋਦੀ ਦੀ ਫਿ਼ਲਮ ‘ਮਿਰਜ਼ਾ ਗ਼ਾਲਿਬ` ਲਈ 1954 `ਚ ਮੁੰਬਹੀ ਆ ਕੇ ਇੱਕ ਹੋਰ ਕਲਾਕਾਰ ਪ੍ਰਦੁਮਨ ਕੋਲ ਠਹਿਰਦੇ ਹੁੰਦੇ ਸਨ ਤੇ ਉਸ ਫਿ਼ਲਮ ਲਈ ਕੁਝ ਪੇਂਟਿੰਗਜ਼ ਅਤੇ ਕੁਝ ਕੈਲੀਗ੍ਰਾਫ਼ੀ (ਸੁੰਦਰ ਲਿਖਾਈ) ਕਰਦੇ ਸਨ।


ਬਾਸੂ ਭੱਟਾਚਾਰੀਆ ਹੁਰਾਂ ਨੇ ਮੈਨੂੰ ਅੰਮ੍ਰਿਤਾ ਪ੍ਰੀਤਮ ਨਾਲ ਪਹਿਲੀ ਵਾਰ ਮਿਲਵਾਇਆ ਸੀ। ਤਦ ਅੰਮ੍ਰਿਤਾ ਪ੍ਰੀਤਮ ਨੇ ਮੈਨੂੰ ਪੁੱਛਿਆ ਸੀ,‘ਤੁਸੀਂ ਕੀ ਕਰਦੇ ਹੋ?` ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਫਿ਼ਲਮ ਨਿਰਦੇਸ਼ਨ ਵਿੱਚ ਸਹਾਇਕ ਵਜੋਂ ਵਿਚਰਦਾ ਹਾਂ ਅਤੇ ਸ਼ਾਇਰੀ ਵੀ ਕਰ ਲੈਂਦਾ ਹਾਂ।


ਅੰਮ੍ਰਿਤਾ ਪ੍ਰੀਤਮ ਨੇ ਮੈਨੂੰ ਕੋਈ ਕਵਿਤਾ ਸੁਣਾਉਣ ਲਈ ਕਿਹਾ ਤੇ ਮੈਂ ਆਪਣੀ ਕਵਿਤਾ ‘ਦਸਤਕ` ਉਨ੍ਹਾਂ ਨੂੰ ਸੁਣਾਈ। ਉਸ ਕਵਿਤਾ `ਚ ਕੁਝ ਅਜਿਹੇ ਦੋਸਤਾਂ ਦਾ ਜਿ਼ਕਰ ਹੈ, ਜੋ ਸਰਹੱਦ ਪਾਰ ਤੋਂ ਸਾਡੇ ਘਰ ਆਉਂਦੇ ਹਨ। ਉਨ੍ਹਾਂ ਲਈ ਵਿਹੜੇ `ਚ ਚਟਾਈਆਂ ਵਿਛਾ ਕੇ ਖਾਣਾ ਪਰੋਸਿਆ ਜਾਂਦਾ ਹੈ - ਪਰ ਅਫ਼ਸੋਸ ਇਹ ਸਭ ਇੱਕ ਸੁਫ਼ਨਾ ਨਿੱਕਲਦਾ ਹੈ, ਅਸਲੀਅਤ ਨਹੀਂ ਹੁੰਦੀ।


ਦੁਪਹਿਰ ਦੇ ਖਾਣੇ ਵੇਲੇ ਅੰਮ੍ਰਿਤਾ ਪ੍ਰੀਤਮ ਨੇ ਉਹੀ ਕਵਿਤਾ ਮੈਥੋਂ ਦੁਬਾਰਾ ਸੁਣੀ ਤੇ ਮੈਨੂੰ ਬਾਸੂ ਭੱਟਾਚਾਰੀਆ ਨਾਲ ਜੁੜੇ ਰਹਿਣ ਦੀ ਸਲਾਹ ਦਿੱਤੀ। ਡਰਾਇੰਗ ਰੂਮ ਵਿੱਚ ਤਦ ਸਿਰਫ਼ ਅੰਮ੍ਰਿਤਾ ਪ੍ਰੀਤਮ, ਬਾਸੂ ਦਾ, ਇਮਰੋਜ਼ ਤੇ ਮੈਂ ਹੀ ਸਾਂ। ਉੱਥੇ ਇਮਰੋਜ਼ ਦੀਆਂ ਪੇਂਟਿੰਗਜ਼ ਸਨ, ਜਿਨ੍ਹਾਂ ਵਿੱਚ ਉਨ੍ਹਾਂ ਆਪਣੇ ਪਿਆਰ ਅੰਮ੍ਰਿਤਾ ਨੂੰ ਚਿਤਰਿਆ ਹੋਇਆ ਸੀ। ਉਨ੍ਹਾਂ ਪੇਂਟਿੰਗਜ਼ `ਤੇ ਇਮਰੋਜ਼ ਨੇ ਬਹੁਤ ਸੋਹਣੀ ਲਿਖਾਈ `ਚ ਅੰਮ੍ਰਿਤਾ ਦੀਆਂ ਵੱਖੋ-ਵੱਖਰੀਆਂ ਕਵਿਤਾਵਾਂ ਦੀਆਂ ਸਤਰਾਂ ਵੀ ਲਿਖੀਆਂ ਹੋਈਆਂ ਸਨ।


ਅਜਿਹੇ ਵੇਲੇ ਮੈਨੂੰ ਅੰਮ੍ਰਿਤਾ ਪ੍ਰੀਤਮ ਨੇ ਤੀਜੀ ਵਾਰ ਉਹੀ ਕਵਿਤਾ ਸੁਣਾਉਣ ਲਈ ਆਖਿਆ। ਤਦ ਉਨ੍ਹਾਂ ਆਖਿਆ,‘ਇਹ ਵਿਸ਼ਾ ਬਹੁਤ ਗੁੰਝਲਦਾਰ ਸੀ ਪਰ ਤੁਸੀਂ ਇਸ ਨੂੰ ਬਹੁਤ ਆਸਾਨੀ ਨਾਲ ਨਿਭਾਇਆ ਹੈ।` ਸ਼ਲਾਘਾ ਭਰੇ ਇਨ੍ਹਾਂ ਸ਼ਬਦਾਂ ਨੇ ਮੇਰਾ ਤਾਂ ਉਹ ਦਿਨ ਹੀ ਸਫ਼ਲਾ ਕਰ ਦਿੱਤਾ ਸੀ। ਅੰਮ੍ਰਿਤਾ ਹੁਰਾਂ ਦਾ ਮੇਰੀ ਸ਼ਾਇਰੀ `ਚ ਦਿਲਚਸਪੀ ਲੈਣਾ ਹੀ ਆਪਣੇ-ਆਪ ਵਿੱਚ ਵੱਡੀ ਗੱਲ ਸੀ। ਬਾਅਦ `ਚ ਉਨ੍ਹਾਂ ਮੇਰੀ ਬਹੁਤ ਸਾਰੀ ਸ਼ਾਇਰੀ ਨੂੰ ਆਪਣੇ ਰਸਾਲੇ ‘ਨਾਗਮਣੀ` `ਚ ਵੀ ਛਾਪਿਆ।


ਸੰਘਰਸ਼ ਦੇ ਕੁਝ ਹੋਰ ਸਾਲਾਂ ਬਾਅਦ ਮੈਂ ਫਿ਼ਲਮ ਡਾਇਰੈਕਟਰ ਬਣ ਗਿਆ ਤੇ ਮੈਂ ਮੁੰਬਈ `ਚ ਆਪਣਾ ਦਫ਼ਤਰ ਵੀ ਕਾਇਮ ਕਰ ਲਿਆ। ਇੱਕ ਦਿਨ ਅੰਮ੍ਰਿਤਾ ਤੇ ਇਮਰੋਜ਼ ਦੋਵੇਂ ਮੈਨੂੰ ਉੱਥੇ ਮਿਲਣ ਲਈ ਆਏ। ਮੈਂ ਉਨ੍ਹਾਂ ਦਾ ਸੁਆਗਤ ਕੀਤਾ ਤੇ ਸਤਿਕਾਰ ਵਜੋਂ ਉਸ ਮਹਾਨ ਸ਼ਾਇਰਾ ਨੂੰ ਆਪਣੀ ਕੁਰਸੀ `ਤੇ ਬੈਠਣ ਲਈ ਆਖਿਆ। ਮੈਂ ਤੇ ਇਮਰੋਜ਼ ਮੁਲਾਕਾਤੀਆਂ ਦੀਆਂ ਕੁਰਸੀਆਂ `ਤੇ ਬੈਠੇ।


ਅੰਮ੍ਰਿਤਾ ਪ੍ਰੀਤਮ ਨੇ ਤਦ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਦੇ ਨਾਵਲ ‘ਪਿੰਜਰ` `ਤੇ ਇੱਕ ਫਿ਼ਲਮ ਬਣਾਵਾਂ। ਉਨ੍ਹਾਂ ਕੋਲ ਸਕ੍ਰਿਪਟ ਸੀ ਤੇ ਮੈਂ ਉਨ੍ਹਾਂ ਨੂੰ ਇਹ ਸਕ੍ਰਿਪਟ ਇੱਥੇ ਹੀ ਰੱਖ ਕੇ ਜਾਣ ਲਈ ਆਖਿਆ ਤੇ ਕਿਹਾ ਕਿ ਆਪਾਂ ਅਗਲੇ ਦਿਨ ਇਸ ਬਾਰੇ ਵਿਚਾਰ ਕਰਾਂਗੇ।


ਮੈਂ ਉਹ ਸਾਰੀ ਸਕ੍ਰਿਪਟ ਪੜ੍ਹੀ ਤੇ ਰਾਤ ਨੂੰ ਉਹ ਨਾਵਲ ‘ਪਿੰਜਰ` ਵੀ ਪੜ੍ਹਿਆ। ਉਸ ਨਾਵਲ ਦੀ ਕਹਾਣੀ ਦੇਸ਼ ਦੀ ਵੰਡ ਬਾਰੇ ਹੈ, ਜਿਸ ਦੀ ਨਾਇਕਾ ਪੂਰੋ ਔਰਤਾਂ ਖਿ਼ਲਾਫ਼ ਹਿੰਸਾ ਵਿਰੁੱਧ ਮਿਸਾਲੀ ਤਰੀਕੇ ਨਾਲ ਡਟਦੀ ਹੈ।


ਦੂਜੀ ਮੁਲਾਕਾਤ ਵੇਲੇ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਦੱਸਿਆ ਕਿ ਮੈਂ ਇਸ ਦੇ ਸਿਰਫ਼ ਪਹਿਲੇ ਤਿੰਨ ਅਧਿਆਵਾਂ ਨੂੰ ਲੈ ਕੇ ਫਿ਼ਲਮ ਬਣਾਵਾਂਗਾ, ਜੋ ਪੂਰੋ ਦੀ ਕਹਾਣੀ `ਤੇ ਆਧਾਰਤ ਹਨ ਪਰ ਉਸ ਲਈ ਮੈਂ ਇੱਕ ਸਕ੍ਰੀਨਪਲੇਅ ਲਿਖਾਂਗਾ। ਅੰਮ੍ਰਿਤਾ ਇਸ ਗੱਲ `ਤੇ ਜ਼ੋਰ ਦੇ ਰਹੇ ਸਨ ਕਿ ਜੋ ਸਕ੍ਰਿਪਟ ਉਨ੍ਹਾਂ ਨੇ ਲਿਖੀ ਹੈ, ਫਿ਼ਲਮ ਉਸੇ `ਤੇ ਬਣਾਈ ਜਾਵੇ। ਮੈਂ ਜਦੋਂ ਇਨਕਾਰ ਕੀਤਾ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਸੰਭਵ ਨਹੀਂ ਹੋਵੇਗਾ ਤੇ ਉਹ ਇਸ `ਤੇ ਫਿ਼ਲਮ ਖ਼ੁਦ ਆਪਣੇ ਹਿਸਾਬ ਨਾਲ ਬਣਾਉਣਗੇ। ਮੈਂ ਵੇਖਿਆ ਕਿ ਜਾਂਦੇ ਸਮੇਂ ਉਨ੍ਹਾਂ ਦੇ ਚਿਹਰੇ `ਤੇ ਨਾਖ਼ੁਸ਼ੀ ਸਾਫ਼ ਝਲਕ ਰਹੀ ਸੀ।


ਪਰ ਇਸ ਦੇ ਬਾਵਜੂਦ ਅਸੀਂ ਬਾਅਦ `ਚ ਵੀ ਮਿਲਦੇ ਰਹੇ। ਮੈਂ ਜਦੋਂ ਵੀ ਕਦੇ ਦਿੱਲੀ ਜਾਂਦਾ, ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦਾ। ਉਨ੍ਹਾਂ ਮੇਰਾ ਇੱਕ ਲੰਮੇਰਾ ਇੰਟਰਵਿਊ ਵੀ ਛਾਪਿਆ ਸੀ ਤੇ ਮੈਂ ਉਸ ਇੰਟਰਵਿਊ ਨੂੰ ਆਪਣੀ ਹਿੰਦੁਸਤਾਨੀ ਭਾਸ਼ਾ `ਚ ਛਪੀ ਪੁਸਤਕ ‘ਚਾਂਦ ਪੁਖਰਾਜ ਕਾ` ਦੀ ਭੂਮਿਕਾ ਵਜੋਂ ਵਰਤਿਆ।


ਅੰਮ੍ਰਿਤਾ ਪ੍ਰੀਤਮ ਨਾਲ ਮੇਰੀ ਆਖ਼ਰੀ ਮੁਲਾਕਾਤ ਜਦੋਂ ਹੋਈ, ਤਦ ਸਾਹਿਤ ਅਕਾਦਮੀ ਦੇ ਪ੍ਰਧਾਨ ਗੋਪੀ ਚੰਦ ਨਾਰੰਗ ਵੀ ਨਾਲ ਸਨ। ਉਹ ਅੰਮ੍ਰਿਤਾ ਹੁਰਾਂ ਨੂੰ ਅਕਾਦਮੀ ਦਾ ਵੱਕਾਰੀ ਫ਼ੈਲੋਸਿ਼ਪ ਐਵਾਰਡ ਦੇਣ ਲਈ ਪੁੱਜੇ ਸਨ। ਦੁੱਖ ਦੀ ਗੱਲ ਸੀ ਕਿ ਉਦੋਂ ਤੱਕ ਅੰਮ੍ਰਿਤਾ ਬਹੁਤ ਕਮਜ਼ੋਰ ਹੋ ਚੁੱਕੇ ਸਨ। ਤਦ ਉਹ ਨਾ ਕਿਸੇ ਨੂੰ ਪਛਾਣਦੇ ਸਨ ਤੇ ਨਾ ਹੀ ਬੋਲ ਸਕਦੇ ਸਨ। ਉਦੋਂ ਇਮਰੋਜ਼ ਹੁਰਾਂ ਆਖਿਆ ਸੀ ਕਿ ਅਜਿਹੇ ਪੁਰਸਕਾਰ ਉਦੋਂ ਮਿਲਣੇ ਚਾਹੀਦੇ ਹਨ, ਜਦੋਂ ਲੈਣ ਵਾਲਾ ਆਪਣੀ ਜ਼ੁਬਾਨੀ ਉਸ ਦੀ ਸ਼ਲਾਘਾ ਵਿੱਚ ਦੋ ਸ਼ਬਦ ਬੋਲ ਵੀ ਸਕੇ।


ਫਿਰ ਇੱਕ ਸਾਲ ਬਾਅਦ ਮੈਂ ਅੰਮ੍ਰਿਤਾ ਦੀਆਂ ਕਵਿਤਾਵਾਂ ਇੱਕ ਮਿਊਜਿ਼ਕ ਕੰਪਨੀ ਲਈ ਸ਼ਰਧਾਂਜਲੀ ਵਜੋਂ ਪੜ੍ਹੀਆਂ ਵੀ ਤੇ ਹਰੇਕ ਸ਼ਬਦ ਨੇ ਮੇਰੀ ਆਤਮਾ ਨੂੰ ਟੁੰਬ ਲਿਆ ਸੀ।``    

ਗੁਲਜ਼ਾਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gulzar shares memoirs about Amrita Pritam