ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸ ਬਾਦਲ ਦਾ ਦੇਹਾਂਤ, ਬਾਦਲ ਪਰਿਵਾਰ ਸਦਮੇ ’ਚ, ਕੀਤਾ ਅੰਤਿਮ ਸਸਕਾਰ

ਮਨਪ੍ਰੀਤ ਸਿੰਘ ਬਾਦਲ ਦੀ ਆਪਣੇ ਪਿਤਾ ਗੁਰਦਾਸ ਬਾਦਲ ਨਾਲ ਇੱਕ ਪੁਰਾਣੀ ਤਸਵੀਰ: ਦ. ਸਵੇਰਾ

ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਛੋਟੇ ਭਰਾ ਸ੍ਰੀ ਗੁਰਦਾਸ ਸਿੰਘ ਬਾਦਲ ਦਾ ਵੀਰਵਾਰ ਦੇਰ ਰਾਤੀਂ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ੁੱਕਰਵਾਰ ਦੁਪਹਿਰ 1 ਵਜੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ।
 

 

ਗੁਰਦਾਸ ਸਿੰਘ ਬਾਦਲ ਦੀ ਮੌਤ 'ਤੇ ਉਨ੍ਹਾਂ ਦੇ ਵੱਡੇ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੁੱਖ ਪ੍ਰਗਟ ਕੀਤਾ। ਪਿੰਡ ਬਾਦਲ ਵਿੱਚ ਅੰਤਿਮ ਦਰਸ਼ਨਾਂ ਮੌਕੇ ਭਰਾ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਅਤੇ ਰੋਣ ਲੱਗੇ। ਬਾਦਲ ਨੇ ਕਿਹਾ ਕਿ ਮੈਂ ਜਿੰਦਗੀ ਵਿੱਚ ਕਦੇ ਰੋਇਆ ਨਹੀਂ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ ਹੈ।

 

 

ਮ੍ਰਿਤਕ ਦੇਹ ਨੂੰ ਅਗਨੀ ਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਨੇ ਦਿੱਤੀ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ, ਵਿਧਾਇਕ ਕੁਲਬੀਰ ਸਿੰਘ ਜੀਰਾ, ਤੇਜਿੰਦਰ ਸਿੰਘ ਮਿੱਡੂਖੇੜਾ, ਹਰਪ੍ਰੀਤ ਸਿੰਘ ਕੋਟਭਾਈ ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਗੂ ਮੌਜੂਦ ਸਨ।

 

 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਗੁਰਦਾਸ ਸਿੰਘ ਬਾਦਲ ਜੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਤਿਕਾਰਯੋਗ ਚਾਚਾ ਜੀ ਸ. ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ ਦਾ ਦੁੱਖ ਸਾਡੇ ਸਮੁੱਚੇ ਪਰਿਵਾਰ ਲਈ ਬਹੁਤ ਭਾਰਾ ਹੈ। ਇਹ ਸਾਡੇ ਪਰਿਵਾਰ ਤੇ ਖ਼ਾਸ ਤੌਰ 'ਤੇ ਉਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਜੀ ਲਈ ਬਹੁਤ ਵੱਡਾ ਘਾਟਾ ਹੈ। ਪਰਿਵਾਰ 'ਚ ਪਿਆ ਇਹ ਖ਼ਲਾਅ ਕਦੇ ਭਰਿਆ ਨਹੀਂ ਜਾ ਸਕੇਗਾ। ਗੁਰੂ ਸਾਹਿਬ ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਅਤੇ ਮਨਪ੍ਰੀਤ ਸਮੇਤ ਪਰਿਵਾਰ ਦੇ ਸਾਰੇ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
 

 

ਇਸ ਦੇ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਪਿਆਰੇ ਚਾਚਾ ਜੀ ਸ. ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ ਦਾ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਨਰਮਦਿਲੀ, ਨਿੱਘ ਅਤੇ ਨਿਮਰਤਾ ਯਾਦਾਂ 'ਚ ਸਦਾ ਵਸਦੀ ਰਹੇਗੀ। ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਬਖਸ਼ਿਸ਼ ਕਰਦੇ ਹੋਏ, ਗੁਰੂ ਮਹਾਰਾਜ ਜੀ ਸਾਰੇ ਪਰਿਵਾਰ ਨੂੰ ਇਸ ਭਾਰੇ ਦੁੱਖ ‘ਚੋਂ ਲੰਘਣ ਦੀ ਸਮਰੱਥਾ ਬਖਸ਼ਣ।
 

 

ਸ੍ਰੀ ਗੁਰਦਾਸ ਸਿੰਘ ਬਾਦਲ 88 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਮੋਹਾਲੀ ਦੇ ਫ਼ੋਰਟਿਸ ਹਸਪਤਾਲ ’ਚ ਦਾਖ਼ਲ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ’ਤੇ ਸਨ। ਉਨ੍ਹਾਂ ਨੂੰ ਉਮਰ ਦੇ ਹਿਸਾਬ ਨਾਲ ਹੀ ਕੁਝ ਮੈਡੀਕਲ ਗੁੰਝਲਾਂ ਸਨ।

 

 

ਸ੍ਰੀ ਗੁਰਦਾਸ ਸਿੰਘ ਬਾਦਲ 1971 ’ਚ ਅਕਾਲੀ ਦਲ ਦੀ ਟਿਕਟ ਉੱਤੇ ਸਾਬਕਾ ਫ਼ਾਜ਼ਿਲਕਾ ਲੋਕ ਸਭਾ ਹਲਕੇ ਤੋਂ ਐੱਮਪੀ ਚੁਣੇ ਗਏ ਸਨ। ਤਦ ਉਹ 5ਵੀਂ ਲੋਕ ਸਭਾ ਦੇ ਮੈਂਬਰ ਸਨ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੇ ਟਵਿਟਰ ਹੈਂਡਲ ਉੱਤੇ ਇੱਕ ਸੰਦੇਸ਼ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ਉੱਤੇ ਸਨ।

 

 

ਦਰਅਸਲ, ਬੀਤੀ 19 ਮਾਰਚ ਨੂੰ ਜਦ ਤੋਂ ਮਨਪ੍ਰੀਤ ਸਿੰਘ ਬਾਦਲ ਦੀ ਮਾਂ ਬੀਬੀ ਹਰਮਿੰਦਰ ਕੌਰ ਦਾ ਦੇਹਾਂਤ ਹੋਇਅ ਸੀ, ਤਦ ਤੋਂ ਹੀ ਸ੍ਰੀ ਗੁਰਦਾਸ ਸਿੰਘ ਬਾਦਲ ਦੀ ਤਬੀਅਤ ਕੁਝ ਠੀਕ ਨਹੀਂ ਸੀ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਦੀ ਮਹਾਮਾਰੀ ਕਾਰਨ ਅੰਤਿਮ ਸਸਕਾਰ ਵਿੱਚ ਸ਼ਾਮਲ ਨਾ ਹੋਣ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2012 ’ਚ ਸ੍ਰੀ ਗੁਰਦਾਸ ਬਾਦਲ ਨੇ ਆਪਣੇ ਸਕੇ ਭਰਾ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਤਦ ਉਹ ਹਾਰ ਗਏ ਸਨ। ਇਸ ਦੇ ਬਾਵਜੂਦ ਦੋਵੇਂ ਭਰਾਵਾਂ ਦੇ ਆਪਸੀ ਸਬੰਧ ਜਿਉਂ ਦੇ ਤਿਉਂ ਬਣੇ ਰਹੇ ਸਨ। ਉਹ ‘ਪਾਸ਼’ (ਪ੍ਰਕਾਸ਼) ਅਤੇ ‘ਦਾਸ’ (ਗੁਰਦਾਸ) ਨਾਂਅ ਦੀ ਜੋੜੀ ਨਾਲ ਆਪਣੇ ਇਲਾਕੇ ਵਿੱਚ ਹਰਮਨਪਿਆਰੇ ਸਨ।

 

 

ਕੁਝ ਸਿਆਸੀ ਵਿਰੋਧ ਸ਼ੁਰੂ ਹੋਣ ਤੋਂ ਪਹਿਲਾਂ ਇਸ ਜੋੜੀ ਨੂੰ ‘ਪਾਸ਼ ਤੇ ਦਾਸ ਦੀ ਜੋੜੀ’ ਆਖਿਆ ਜਾਂਦਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdas Badal no more Badal Family in shock Cremation