ਅਗਲੀ ਕਹਾਣੀ

ਗੁਰਦਾਸਪੁਰ : BSF ਨੇ 22 ਪੈਕਟ ਹੈਰੋਇਨ ਅਤੇ ਹਥਿਆਰ ਕੀਤੇ ਬਰਾਮਦ

ਬੀ.ਐਸ.ਐਫ. ਦੀ 58ਵੀਂ ਬਟਾਲੀਅਨ ਦੇ ਹੱਥ ਵੱਡੀ ਕਾਮਯਾਬੀ ਲਗੀ ਹੈ। ਬੀਐਸਐਫ ਨੇ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੀ ਕੌਮਾਂਤਰੀ ਸਰਹੱਦ 'ਤੇ ਸਰਚ ਆਪ੍ਰੇਸ਼ਨ ਦੌਰਾਨ 22 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 110 ਕਰੋੜ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
 

ਜਾਣਕਾਰੀ ਮੁਤਾਬਿਕ ਇਹ ਹੈਰੋਇਨ ਪਾਕਿਸਤਾਨ ਵਲੋਂ ਸੁੱਟੀ ਗਈ ਸੀ। ਗੁਰਦਾਸਪੁਰ ਪੁਲਿਸ ਮੁਤਾਬਿਕ ਅੱਜ ਤੜਕੇ ਲਗਭਗ 4 'ਤੇ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨ ਚੌਂਤਰਾ ਪੋਸਟ 'ਤੇ ਡਿਊਟੀ ਦੇ ਰਹੇ ਸਨ ਤਾਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੇੜੇ ਹਲਚਲ ਹੁੰਦੀ ਦਿਖਾਈ ਦਿੱਤੀ। ਜਿਸ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਕੀਤੀ ਪਰ ਤਸਕਰ ਪਾਕਿਸਤਾਨ ਵਾਲੇ ਪਾਸੇ ਭੱਜਣ 'ਚ ਸਫਲ ਹੋ ਗਏ।

 

 

ਇਸ ਮਗਰੋਂ ਬੀਐਸਐਫ ਜਵਾਨਾਂ ਨੇ ਜਦੋਂ ਕੰਡਿਆਲੀ ਤਾਰ ਨੇੜੇ ਜਾਂਚ ਪੜਤਾਲ ਕੀਤੀ ਤਾਂ ਉੱਥੋਂ 22.5 ਕਿੱਲੋ ਹੈਰੋਇਨ, 2 ਮੋਬਾਈਲ, ਇਕ ਡੌਂਗਲ, 4 ਜੋੜੇ ਬੂਟ ਅਤੇ 100 ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ। 
 

ਫਿਲਹਾਲ ਜਵਾਨਾਂ ਵਲੋਂ ਇਲਾਕੇ 'ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਬੀ.ਐਸ.ਐਫ. ਅਧਿਕਾਰੀਆਂ ਨੇ ਅਜੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਸਰਹੱਦ 'ਤੇ ਇਸ ਤੋਂ ਪਹਿਲਾਂ ਵੀ ਨਸ਼ਾ ਸਮੱਗਰੀ ਫੜੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨਾਂ 'ਚ ਸਰਹੱਦੀ ਇਲਾਕਿਆਂ 'ਚ ਡਰੋਨ ਦੀਆਂ ਕਈ ਗਤੀਵਿਧੀਆਂ ਨਜ਼ਰ ਆਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdaspur BSF recovers 22 packets of heroin and weapons