ਆਪਣੇ ਕ੍ਰਿਕੇਟਰ ਦੋਸਤ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬੇਨਤੀ ਉੱਤੇ ਗ਼ੌਰ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਲਾਗਲੇ 30 ਏਕੜ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਮਾਰਤ ਨਹੀਂ ਉਸਾਰੀ ਜਾਵੇਗੀ। ਦਰਅਸਲ, ਇਹ ਉਹ ਪੈਲ਼ੀਆਂ (ਖੇਤ) ਹਨ, ਜਿੱਥੇ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਖੇਤ ਵਾਹੁੰਦੇ ਹੁੰਦੇ ਸਨ। ਸ਼ਰਧਾਲੂਆਂ ਦੇ ਦਰਸ਼ਨਾਂ ਲਈ ਉਹ ਖੇਤ ਵੀ ਇੰਨ੍ਹ–ਬਿੰਨ੍ਹ ਰੱਖੇ ਜਾਣਗੇ।
ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਗੁਰੂਘਰ ਲਾਗਲੀਆਂ ਪੈਲ਼ੀਆਂ ਨੂੰ ਜਿਉਂ ਦੀਆਂ ਤਿਉਂ ਰੱਖਣ ਬਾਰੇ ਫ਼ੈਸਲਾ ਕੇਂਦਰੀ ਕੈਬਿਨੇਟ ਨੇ ਆਪਣੀ ਇੱਕ ਮੀਟਿੰਗ ਦੌਰਾਨ ਲਿਆ। ਕਰਤਾਰਪੁਰ ਸਾਹਿਬ ਲਾਂਘਾ ਭਾਰਤੀ ਸ਼ਰਧਾਲੂਆਂ ਲਈ ਆਉਂਦੇ ਨਵੰਬਰ ਮਹੀਨੇ ਤੋਂ ਖੁੱਲ੍ਹ ਜਾਵੇਗਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਹੋਵੇਗਾ।
ਜਦ ਤੋਂ ਕਰਤਾਰਪੁਰ ਸਾਹਿਬ ਲਾਂਘਾ ਉਸਾਰਨ ਦੀ ਗੱਲ ਹੋਈ ਹੈ, ਉਸ ਦੇ ਬਾਅਦ ਤੋਂ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਬਹੁਤ ਕੁਝ ਵਾਪਰ ਚੁੱਕਾ ਹੈ। ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਬੀਤੀ 14 ਫ਼ਰਵਰੀ ਨੂੰ ਅੱਤਵਾਦੀ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ’ਚ ਪਾਕਿਸਤਾਨ ਪ੍ਰਤੀ ਰੋਹ ਬਹੁਤ ਜ਼ਿਆਦਾ ਫੈਲ ਗਿਆ ਸੀ ਕਿਉਂਕਿ ਪਾਕਿਸਤਾਨ ਸਥਿਤ ਮਸੂਦ ਅਜ਼ਹਰ ਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਉਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਉਸ ਤੋਂ ਬਾਅਦ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ’ਚ ਮੌਜੂਦ ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕਰ ਦਿੱਤੇ ਸਨ। ਉਂਝ ਬੀਤੀ 14 ਮਾਰਚ ਨੂੰ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮੀਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ 19 ਮਾਰਚ ਨੂੰ ਦੋਵੇਂ ਧਿਰਾਂ ਦੀਆਂ ਤਕਨੀਕੀ ਟੀਮਾਂ ਨੇ ਵੀ ਆਪਸ ਵਿੱਚ ਇਸ ਪ੍ਰੋਜੈਕਟ ਉੱਤੇ ਗ਼ੌਰ ਕੀਤਾ ਸੀ।
ਚੇਤੇ ਰਹੇ ਕਿ ਬੀਤੀ 20 ਜਨਵਰੀ ਨੂੰ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿੱਠੀ ਲਿਖ ਕੇ ਇਹ ਬੇਨਤੀ ਕੀਤੀ ਸੀ ਕਿ ਉਹ ਕਰਤਾਰਪੁਰ ਸਾਹਿਬ ਗੁਰੂਘਰ ਦੇ ਆਲੇ–ਦੁਆਲੇ ਦੀ ਵਾਤਾਵਰਣਕ ਸੁੰਦਰਤਾ ਨੂੰ ਨਾ ਛੇੜਨ ਤੇ ਉਸ ਨੂੰ ਉਵੇਂ–ਜਿਵੇਂ ਰਹਿਣ ਦਿੱਤਾ ਜਾਵੇ। ਸ੍ਰੀ ਖ਼ਾਨ ਨੇ ਆਪਣੇ ਦੋਸਤ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਦਾ ਪੂਰਾ ਮਾਣ ਰੱਖਿਆ ਹੈ; ਜਦ ਕਿ ਪਹਿਲਾਂ ਪਾਕਿਸਤਾਨ ਸਰਕਾਰ ਨੇ ਬਾਕਾਇਦਾ ਇਸ ਇਲਾਕੇ ਵਿੱਚ ਵਧੀਆ ਹੋਟਲ, ਰੈਸਟੋਰੈਂਟ ਅਤੇ ਹੋਰ ਇਮਾਰਤਾਂ ਵਿਕਸਤ ਕਰਨ ਦੀ ਗੱਲ ਕੀਤੀ ਸੀ।