ਤਸਵੀਰਾਂ: ਦੀਪਕ ਸਾਂਸਟਾ, ਸ਼ਿਮਲਾ – ਹਿੰਦੁਸਤਾਨ ਟਾਈਮਜ਼
ਅੱਜ ਤੜਕੇ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਇਲਾਕਿਆਂ ’ਚ ਤੇਜ਼ ਝੱਖੜ ਝੁੱਲਿਆ ਤੇ ਗੜੇਮਾਰ ਹੋਈ। ਇਸ ਗੜੇਮਾਰ ਨੇ ਕਿਸਾਨਾਂ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਉੱਧਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ’ਚ ਅੱਜ ਭਾਰੀ ਬਰਫ਼ਬਾਰੀ ਹੋਈ।
ਪੰਜਾਬ, ਹਰਿਆਣਾ, ਹਿਮਾਚਲ, ਜੰਮੂ–ਕਸ਼ਮੀਰ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਮੌਸਮ ਕੱਲ੍ਹ ਸ਼ਾਮ ਤੋਂ ਖ਼ਰਾਬ ਚੱਲ ਰਿਹਾ ਹੈ। ਤੇਜ਼ ਹਵਾਵਾਂ ਦੇ ਨਾਲ–ਨਾਲ ਛਿੱਟਾਂ ਪੈ ਰਹੀਆਂ ਹਨ। ਕੁਝ ਥਾਵਾਂ ’ਤੇ ਕੁਝ ਤੇਜ਼ ਵਰਖਾ ਵੀ ਹੋਈ ਹੈ।
ਪੱਛਮੀ ਗੜਬੜੀ ਤੇ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਤੋਂ ਆਉਣ ਵਾਲੀ ਹਵਾ ਕਾਰਨ ਬੀਤੀ 10 ਫ਼ਰਵਰੀ ਤੱਕ ਦਿੱਲੀ ਦਾ ਤਾਪਮਾਨ ਲਗਾਤਾਰ ਆਮ ਨਾਲੋਂ ਹੇਠਾਂ ਬਣਿਆ ਹੋਇਆ ਸੀ। ਹਵਾ ਦੇ ਰੁਖ਼ ’ਚ ਤਬਦੀਲੀ, ਹਵਾਵਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦਿੱਲੀ ’ਚ 10 ਤਰੀਕ ਤੋਂ ਬਾਅਦ ਤਾਪਮਾਨ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ 10 ਦਿਨਾਂ ’ਚ ਤਾਪਮਾਨ ਵਿੱਚ ਪੰਜ ਡਿਗਰੀ ਦਾ ਵਾਧਾ ਹੋਇਆ ਹੈ।
ਵੀਰਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ। ਪਾਲਮ ਹਵਾਈ ਅੱਡੇ ’ਤੇ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਫ਼ਦਰਜੰਗ ’ਚ ਵੀ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ’ਚ ਆਮ ਤੌਰ ’ਤੇ ਫ਼ਰਵਰੀ ਦੇ ਮਹੀਨੇ ਤੋਂ ਗਰਮੀ ਦੀ ਸ਼ੁਰੂਆਤ ਦਾ ਅਹਿਸਾਸ ਹੋਣ ਲੱਗਦਾ ਹੈ ਪਰ ਇਸ ਵਾਰ ਠੰਢ ਲਗਾਤਾਰ ਕਾਇਮ ਹੈ।
ਸਵੇਰ ਸਮੇਂ ਲੋਕਾਂ ਨੂੰ ਕਾਫ਼ੀ ਠੰਢ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਆਸ ਹੈ ਕਿ ਛੇਤੀ ਹੀ ਗਰਮੀ ਦਾ ਅਹਿਸਾਸ ਹੋਣ ਲੱਗ ਪਵੇਗਾ।