ਆਕਾਂਸ ਸੈਨ ਕਤਲ ਕਾਂਡ ਦੀ ਸੁਣਵਾਈ ਸ਼ੁਰੂ ਹੋਣ ਦੇ ਦੋ ਸਾਲਾਂ ਬਾਅਦ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਹਰਮਹਿਤਾਬ ਸਿੰਘ ਰਾੜੇਵਾਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸ ਨੂੰ ਧਾਰਾਵਾਂ 302 ਤੇ 34 ਅਧੀਨ ਦੋਸ਼ੀ ਮੰਨਿਆ ਗਿਆ ਹੈ।
ਆਕਾਂਸ਼ ਸੈਨ ਅਸਲ ਵਿੱਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਰਿਸ਼ਤੇਦਾਰ ਸੀ ਤੇ ਉਸ ਨੂੰ 9 ਫ਼ਰਵਰੀ, 2017 ਨੂੰ ਇੱਕ ਝਗੜੇ ਤੋਂ ਬਾਅਦ ਕਥਿਤ ਤੌਰ ਉੱਤੇ ਇੱਕ ਬੀਐੱਮਡਬਲਿਊ ਕਾਰ ਦੇ ਹੇਠਾਂ ਦੇ ਕੇ ਮਾਰਬ ਦਿੱਤਾ ਗਿਆ ਸੀ।
ਸਰਕਾਰੀ ਧਿਰ ਅਨੁਸਾਰ ਬਲਰਾਜ ਸਿੰਘ ਰੰਧਾਵਾ ਨਾਂਅ ਦੇ ਮੁਲਜ਼ਮ ਨੇ ਆਪਣੀ ਕਾਰ ਹੇਠਾਂ ਆਕਾਂਸ਼ ਸੈਨ ਨੂੰ ਦੇ ਕੇ ਕਤਲ ਕੀਤਾ ਸੀ। ਉਸ ਨੂੰ ਹਰਮਹਿਤਾਬ ਸਿੰਘ ਰਾੜੇਵਾਲਾ ਨੇ ਭੜਕਾਇਆ ਸੀ। ਰਾੜੇਵਾਲਾ ਨੂੰ 16 ਫ਼ਰਵਰੀ, 2017 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਰੰਧਾਵਾ ਹਾਲੇ ਵੀ ਫ਼ਰਾਰ ਹੈ। ਇਸ ਕੇਸ ਦੀ ਸੁਣਵਾਈ ਬੀਤੀ 15 ਮਈ ਨੂੰ ਮੁਕੰਮਲ ਹੋ ਗਈ ਸੀ।
ਸੁਣਵਾਈ ਦੌਰਾਨ ਆਕਾਂਸ਼ ਸੈਨ ਦੇ ਰਿਸ਼ਤੇਦਾਰ ਤੇ ਸ਼ਿਕਾਇਤਕਰਤਾ ਅਦੱਮਿਆ ਰਾਠੌੜ ਦੇ ਵਕੀਲ ਤਰਮਿੰਦਰ ਸਿੰਘ ਨੇ ਦਲੀਲ ਦਿੱਤੀ ਸੀ ਕਿ ਮੈਡੀਕਲ ਜਾਂਚ ਦੌਰਾਨ ਮ੍ਰਿਤਕ ਸੈਨ ਦੇ ਢਿੱਡ ਉੱਤੇ ਬੀਐੱਮਡਬਲਿਊ ਕਾਰ ਦੇ ਟਾਇਰ ਦੇ ਨਿਸ਼ਾਨ ਪਾਏ ਗਏ ਸਨ। ਇਸ ਤੋਂ ਚਸ਼ਮਦੀਦ ਗਵਾਹਾਂ ਦੇ ਬਿਆਨ ਵੀ ਸਨ।
ਸਰਕਾਰੀ ਧਿਰ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਰਾੜੇਵਾਲਾ ਤੇ ਗਗਨਦੀਪ ਸਿੰਘ ਸ਼ੇਰਗਿੱਲ ਉਰਫ਼ ਸ਼ੇਰਗਿੱਲ (ਆਕਾਂਸ਼ ਸੈਨ ਦਾ ਦੋਸਤ) ਵਿਚਾਲੇ ਪੁਰਾਣੀ ਦੁਸ਼ਮਣੀ ਸੀ। ਇਹ ਦੁਸ਼ਮਣੀ ਮਨਾਲੀ ਵਿਖੇ ਇੱਕ ਝਗੜੇ ਤੋਂ ਬਾਅਦ ਸ਼ੁਰੂ ਹੋਈ ਸੀ। ਫਿਰ ਇਹ ਦੋਵੇਂ ਰਾੜੇਵਾਲਾ ਦੇ ਲਾਂਡਰਾਂ ਸਥਿਤ ਫ਼ਾਰਮ ਹਾਊਸ ’ਤੇ ਵੀ ਲੜ ਪਏ ਸਨ।
ਫਿਰ ਕਤਲ ਵਾਲੇ ਦਿਨ ਭਾਵ 9 ਫ਼ਰਵਰੀ, 2017 ਨੂੰ ਰਾੜੇਵਾਲਾ ਤੇ ਹੋਰ ਦੋਸਤ ਚੰਡੀਗੜ੍ਹ ਦੇ ਸੈਕਟਰ 9 ’ਚ ਰਹਿੰਦੇ ਇੱਕ ਸਾਂਝੇ ਦੋਸਤ ਦੀਪ ਸਿੱਧੂ ਦੇ ਘਰ ਗਏ ਸਨ। ਸੈਨ ਉੱਥੇ ਸ਼ੇਰਾ ਨੂੰ ਲੱਭਦਾ ਪੁੱਜ ਗਿਆ। ਉਹ ਜਦੋਂ ਘਰ ਦੇ ਬਾਹਰ ਹੀ ਸਨ, ਸੈਨ ਦਾ ਟਾਕਰਾ ਉੱਥੇ ਰਾੜੇਵਾਲਾ ਨਾਲ ਹੋ ਗਿਆ। ਜਦੋਂ ਆਕਾਂਸ਼ ਸੈਨ ਨੇ ਵੇਖਿਆ ਕਿ ਰਾੜੇਵਾਲਾ ਉੱਥੇ ਸ਼ੇਰਾ ਨਾਲ ਬਦਤਮੀਜ਼ੀ ਕਰ ਰਿਹਾ ਸੀ; ਤਦ ਉਸ ਨੇ ਰਾੜੇਵਾਲਾ ਨੂੰ ਰੋਕਿਆ ਸੀ।
ਤਦ ਰਾੜੇਵਾਲਾ ਨੇ ਆਕਾਂਸ਼ ਨੂੰ ਆਖਿਆ ਸੀ – ‘ਤੂੰ ਸ਼ੇਰੇ ਦਾ ਬਾਡੀਗਾਰਡ ਲੱਗਿਆ ਹੈਂ, ਪਹਿਲਾਂ ਤੈਨੂੰ ਹੀ ਠੀਕ ਕਰਦੇ ਹਾਂ।’ ਉਹ ਕਾਰ ’ਚ ਬਹਿ ਗਿਆ ਸੀ ਤੇ ਫਿਰ ਉਸ ਨੇ ਰੰਧਾਵਾ ਨੂੰ ਭੜਕਾਇਆ ਸੀ ਕਿ ਉਹ ਆਪਣੀ ਬੀਐੱਮਡਬਲਿਊ ਆਕਾਂਸ਼ ਸੈਨ ਉੱਤੇ ਚੜ੍ਹਾ ਦੇਵੇ। ਸਰਕਾਰੀ ਧਿਰ ਮੁਤਾਬਕ ਕਾਰ ਦਾ ਟਾਇਰ ਸੈਨ ਦੇ ਉੱਪਰੋਂ ਇੱਕ ਵਾਰ ਨਹੀਂ ਕਈ ਵਾਰ ਚੜ੍ਹਾਇਆ ਗਿਆ ਸੀ ਕਿ ਤਾਂ ਜੋ ਉਸ ਦੀ ਮੌਤ ਯਕੀਨੀ ਤੌਰ ’ਤੇ ਹੋ ਜਾਵੇ।