ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਰਸਿਮਰਤ ਕੌਰ ਬਾਦਲ ਨੂੰ ਵੀ ਪਤੈ ਕਿ ਐਤਕੀਂ ਬਠਿੰਡਾ ’ਚ ਜਿੱਤ ਸੁਖਾਲ਼ੀ ਨਹੀਂ

​​​​​​​ਹਰਸਿਮਰਤ ਕੌਰ ਬਾਦਲ ਨੂੰ ਵੀ ਪਤੈ ਕਿ ਐਤਕੀਂ ਬਠਿੰਡਾ ’ਚ ਜਿੱਤ ਸੁਖਾਲ਼ੀ ਨਹੀਂ

ਤੁਹਾਡੇ ਹਲਕੇ ਦੇ ਐੱਮਪੀ ਦਾ ਰਿਪੋਰਟ ਕਾਰਡ – 4

 

ਮੰਤਰੀ ਤੇ ਐੱਮਪੀ ਵਜੋਂ ਮੇਰੀ ਕਾਰਗੁਜ਼ਾਰੀ 120% ਰਹੀ ਹੈ: ਬੀਬਾ ਬਾਦਲ

 

ਪੰਜਾਬ ਦੇ ਮਾਲਵਾ ਖਿ਼ੱਤੇ ਦੇ ਸਭ ਤੋਂ ਵੱਧ ਚਰਚਿਤ ਐੱਮਪੀ ਹਰਸਿਮਰਤ ਕੌਰ ਬਾਦਲ ਹਨ। ਉਹ ਕਿਉਂਕਿ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਵੀ ਹਨ, ਇਸ ਲਈ ਉਹ ਲਗਭਗ ਹਰ ਵੇਲੇ ਖ਼ਬਰਾਂ ’ਚ ਬਣੇ ਹੀ ਰਹਿੰਦੇ ਹਨ।  ਬਠਿੰਡਾ ਲੋਕ ਸਭਾ ਹਲਕੇ ਵਿੱਚ 83% ਆਬਾਦੀ ਪਿੰਡਾਂ ਵਿੱਚ ਵੱਸਦੀ ਹੈ। ਇਸ ਹਲਕੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਲੰਬੀ ਬਲਾਕ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਭੁੱਚੋ, ਮੌੜ ਤੇ ਤਲਵੰਡੀ ਸਾਬੋ ਬਲਾਕ ਅਤੇ ਸਮੁੱਚਾ ਮਾਨਸਾ ਜ਼ਿਲ੍ਹਾ ਆਉਂਦੇ ਹਨ। ਸਾਲ 2014 ਦੀਆਂ ਚੋਣਾਂ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਮਨਪ੍ਰੀਤ ਬਾਦਲ ਨੂੰ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਤੋਂ ਪਹਿਲਾਂ 2009 ਦੌਰਾਨ ਵੀ ਉਨ੍ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਅਤੇ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਨੂੰ 1.2 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

47 ਸਾਲਾ ਹਰਸਿਮਰਤ ਕੌਰ ਬਾਦਲ ਗ੍ਰੈਜੂਏਟ ਹਨ। ਪਿੱਛੇ ਜਿਹੇ ਜਦੋਂ ਪਾਕਿਸਤਾਨ ’ਚ ਕਰਤਾਰਪੁਰ ਸਾਹਿਬ ਵਿਖੇ ਜਦੋਂ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ, ਤਦ ਉਹ ਭਾਰਤ ਸਰਕਾਰ ਦੇ ਨੁਮਾਇੰਦੇ ਬਣ ਕੇ ਉੱਥੇ ਗਏ ਸਨ। ਉਨ੍ਹਾਂ ਨੇ ਸੰਸਦ ਵਿੱਚ ਕਿੰਨੀਆਂ ਹਾਜ਼ਰੀਆਂ ਭਰੀਆਂ, ਇਸ ਬਾਰੇ ਕੋਈ ਅੰਕੜਾ ਉਪਲਬਧ ਨਹੀਂ ਹੈ ਕਿਉਂਕਿ ਕੇਂਦਰੀ ਮੰਤਰੀਆਂ ਨੂੰ ਹਾਜ਼ਰੀ–ਰਜਿਸਟਰ ਉੱਤੇ ਦਸਤਖ਼ਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਂਝ ਉਹ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਬਦਲੇ ਮੁਆਵਜ਼ਾ ਦੇਣ, ਸਮੁੱਚੇ ਵਿਸ਼ਵ ਵਿੱਚ ਦਸਤਾਰਧਾਰੀ ਸਿੱਖਾਂ ਦੇ ਅਪਮਾਨ, ਪਾਕਿਸਤਾਨ ਵਿੱਚ ਘੱਟ–ਗਿਣਤੀਆਂ ਦੇ ਅਧਿਕਾਰਾਂ, ਅਨੰਦ ਮੈਰਿਜ ਐਕਟ ਅਤੇ ਖ਼ੁਰਾਕ ਸੁਰੱਖਿਆ ਬਿਲ ਜਿਹੇ ਮੁੱਦਿਆਂ ਉੱਤੇ ਹੋਈਆਂ ਬਹਿਸਾਂ ਵਿੱਚ ਭਾਗ ਲੈ ਚੁੱਕੇ ਹਨ।

 

 

ਜੇ ਬੀਬਾ ਹਰਸਿਮਰਤ ਕੌਰ ਬਾਦਲ ਹੁਰਾਂ ਦੀ ਆਪਣੇ ਹਲਕੇ ਵਿੱਚ ਪਿਛਲੇ ਪੰਜ ਵਰਿ੍ਹਆਂ ਦੀ ਕਾਰਗੁਜ਼ਾਰੀ ਦਾ ਲੇਖਾ–ਜੋਖਾ ਕਰਨਾ ਹੋਵੇ, ਤਾਂ ਸਭ ਤੋਂ ਪਹਿਲਾਂ ਇਹੋ ਆਖਣਾ ਹੋਵੇਗਾ ਕਿ ਉਹ ਬਠਿੰਡਾ ਸ਼ਹਿਰ ਨੂੰ ਛੱਡ ਕੇ ਆਪਣੇ ਹਲਕੇ ਦੇ ਦਿਹਾਤੀ ਇਲਾਕਿਆਂ ਵਿੱਚ ਬਹੁਤ ਘੱਟ ਗਏ ਹਨ। ਇਸ ਵਾਰ ਉਨ੍ਹਾਂ ਨੂੰ ਪਿਛਲੀ ਬਾਦਲ ਸਰਕਾਰ ਵਿਰੋਧੀ ਹਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਸਰਕਾਰ ਨੇ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਨਿਪਟਣ ਵਿੱਚ ਕੋਈ ਖ਼ਾਸ ਮੁਸਤੈਦੀ ਨਹੀਂ ਵਿਖਾਈ ਸੀ।

ਹਰਸਿਮਰਤ ਕੌਰ ਬਾਦਲ ਨੂੰ ਵੀ ਪਤੈ ਕਿ ਐਤਕੀਂ ਬਠਿੰਡਾ ’ਚ ਜਿੱਤ ਸੁਖਾਲ਼ੀ ਨਹੀਂ

 

ਇਹ ਅਹਿਸਾਸ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਖ਼ੁਦ ਵੀ ਹੈ ਕਿਉ਼ਕਿ ਪਿੱਛੇ ਜਿਹੇ ਜਦੋਂ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਰਿਓਂਦ ਗਏ ਸਨ, ਤਾਂ ਉਨ੍ਹਾਂ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਸੀ,‘ਤੁਸੀਂ ਤਾਂ ਮੈਨੂੰ ਬੁਲਾਉਣਾ ਨਹੀਂ, ਮੈਂ ਸੋਚਿਆ ਮੈਂ ਆਪ ਹੀ ਚੱਲ ਕੇ ਤੁਹਾਡੇ ਕੋਲ ਆ ਜਾਵਾਂ।’ ਬੀਬਾ ਬਾਦਲ ਇਨ੍ਹਾਂ ਪਿੰਡਾਂ ਵਿੱਚ ਸਿਲਾਈ ਮਸ਼ੀਨਾਂ ਤੇ ਚੈੱਕ ਵੰਡਣ ਲਈ ਗਏ ਸਨ।

 

 

ਇੱਕ ਪਿੰਡ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ,‘ਬੀਬੀ ਜੀ ਦੋ ਵਾਰੀ ਆਏ ਬੱਸ ਇੱਥੇ, ਇੱਕ ਵਾਰ 2014 ਵਿੱਚ ਆਪਣੇ ਲਈ ਤੇ ਦੂਜੀ ਵਾਰ ਵਿਧਾਨ ਸਭਾ ਚੋਣਾਂ ਦੇ ਟਾਈਮ। ਉਨ੍ਹਾਂ ਦਾ ਆਪਣੇ ਹੀ ਹਲਕੇ ’ਚੋਂ ਗ਼ੈਰ–ਹਾਜ਼ਰ ਰਹਿਣਾ ਇਸ ਵੇਲੇ ਬੁਢਲਾਡਾ ਤੇ ਸਰਦੂਲਗੜ੍ਹ ਜਿਹੇ ਪਿੰਡਾਂ ਅਤੇ ਕਸਬਿਆਂ ਵਿੱਚ ਪਾਰਟੀ ਕਾਡਰ ਲਈ ਇੱਕ ਵੱਡੀ ਚੁਣੌਤੀ ਹੈ।’

 

 

ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਹ ਪਤਾ ਹੈ ਕਿ ਉਨ੍ਹਾਂ ਲਈ ਐਤਕੀਂ ਜਿੱਤ ਇੰਨੀ ਆਸਾਨ ਨਹੀਂ ਹੋਵੇਗੀ। ਉਂਝ ਹਾਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ’ਚ ਸਿਰਫ਼ ਦੋ ਵਿਧਾਨ ਸਭਾ ਸੀਟਾਂ ਜਿੱਤ ਸਕਿਆ ਸੀ; ਜਦ ਕਿ ਇਸ ਹਲਕੇ ਵਿੱਚ ਨੌਂ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ।

 

 

ਇੱਕ ਤਾਂ ਪਿੰਡਾਂ ਦੇ ਲੋਕ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਦੁਖੀ ਹਨ ਅਤੇ ਦੂਜੇ ਬੇਅਦਬੀ ਦੀਆਂ ਕਈ ਘਟਨਾਵਾਂ ਅਤੇ ਸਾਲ 2015 ’ਚ ਹੀ ਬਹਿਬਲ ਕਲਾਂ ਵਿਖੇ ਰੋਸ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਦੀ ਗੋਲੀਬਾਰੀ ਕਾਰਨ ਵੀ ਲੋਕਾਂ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ।

 

 

ਬੀਬਾ ਹਰਸਿਮਰਤ ਕੌਰ ਬਾਦਲ ਪਿਛਲੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਹੋਏ ਇਕੱਠ ਦੌਰਾਨ ਵੀ ਵਿਖਾਈ ਨਹੀਂ ਦਿੱਤੇ ਤੇ ਉਸ ਤੋਂ ਪਹਿਲਾਂ ਉਹ ਫ਼ਤਿਹਗੜ੍ਹ ਸਾਹਿਬ ਵਿਖੇ ਜੋੜ ਮੇਲੇ ਵਿੱਚ ਵੀ ਨਹੀਂ ਸੀ ਗਏ। ਉਹ ਜ਼ਿਆਦਾਤਰ ਦਿੱਲੀ ਰਹਿ ਕੇ ਆਪਣੇ ਮੰਤਰੀ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।

 

 

ਉਂਝ, ਪੰਜਾਬ ਦੇ ਮਸਲਿਆਂ, ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ, ਗੁਰੂਘਰਾਂ ਵਿੱਚ ਵਰਤਾਏ ਜਾਂਦੇ ਲੰਗਰ ਉੱਤੇ ਜੀਐੱਸਟੀ ਲਾਉਣ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਜਿਹੇ ਮੁੱਦਿਆਂ ਉੱਤੇ ਬੀਬਾ ਹਰਸਿਮਰਤ ਕੌਰ ਬਾਦਲ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਦੇ ਰਹੇ ਹਨ। ਉਹ ਕਾਂਗਰਸ ਪਾਰਟੀ, ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਨ ਦਾ ਵੀ ਕੋਈ ਮੌਕਾ ਨਹੀਂ ਗੁਆਉਂਦੇ।

 

 

ਬੀਬਾ ਹਰਸਿਮਰਤ ਕੌਰ ਬਾਦਲ ਦੇ ਗ਼ੈਰ–ਸਰਕਾਰੀ ਸੰਗਠਨ ਵੱਲੋਂ ਕੀਤੇ ਭਲਾਈ ਦੇ ਕੁਝ ਕੰਮਾਂ ਤੋਂ ਇਲਾਵਾ ਉਨ੍ਹਾਂ ਦੇ ਜਤਨਾਂ ਸਦਕਾ ਹੀ ਬਠਿੰਡਾ ਵਿੱਚ ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (ਏਮਸ – AIIMS) ਜਿਹੇ ਵੱਡੇ ਹਸਪਤਾਲ ਅਤੇ ਮਾਨਸਾ ਵਿਖੇ ਕੁੜੀਆਂ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੀ ਸਥਾਪਨਾ ਸੰਭਵ ਹੋ ਸਕੀ ਹੈ। ਕੇਂਦਰ ਸਰਕਾਰ ਦੀ ਇੱਛਾ ਹੈ ਕਿ ਸਾਲ 2019 ਦੀਆਂ ਆਮ ਚੋਣਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਏਮਸ–ਬਠਿੰਡਾ ਵਿੱਚ ‘ਆਊਟ–ਪੇਸ਼ੈਂਟ ਡਿਪਾਰਟਮੈਂਟ’ (OPD – ਬਾਹਰਲੇ ਰੋਗੀਆਂ ਦਾ ਚੈਕਅਪ ਤੇ ਇਲਾਜ ਕਰਨ ਵਾਲਾ ਵਿਭਾਗ) ਵਿਖੇ ਕੰਮ ਸ਼ੁਰੂ ਹੋ ਜਾਵੇ। ਦੋ ਵਰ੍ਹੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਸਪਤਾਲ ਦਾ ਨੀਂਹ–ਪੱਥਰ ਰੱਖਿਆ ਸੀ।

​​​​​​​ਹਰਸਿਮਰਤ ਕੌਰ ਬਾਦਲ ਨੂੰ ਵੀ ਪਤੈ ਕਿ ਐਤਕੀਂ ਬਠਿੰਡਾ ’ਚ ਜਿੱਤ ਸੁਖਾਲ਼ੀ ਨਹੀਂ​​​​​​​

 

ਬੀਬਾ ਹਰਸਿਮਰਤ ਕੌਰ ਬਾਦਲ ਦੱਸਦੇ ਹਨ ਕਿ ਉਨ੍ਹਾਂ ਪੰਜਾਬ ਵਿੱਚ ਤਿੰਨ ਮੈਗਾ ਫ਼ੂਡ ਪਾਰਕਸ, 19 ਕੋਲਡ ਚੇਨਜ਼ ਤੇ ਸੱਤ ਫ਼ੂਡ–ਟੈਸਟਿੰਗ ਲੈਬਾਰੇਟਰੀਜ਼ ਸਮੇਤ 41 ਪ੍ਰੋਜੈਕਟਾਂ ਵਿੱਚ 1,500 ਕਰੋੜ ਰੁਪਏ ਨਿਵੇਸ਼ ਕਰਵਾਏ ਹਨ।

 

 

ਸਰਦੂਲਗੜ੍ਹ ਤੋਂ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਹਵਾ ਦਾ ਲਾਹਾ ਜ਼ਰੂਰ ਲੈਣਾ ਚਾਹੁਣਗੇ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਪ੍ਰਾਪਤੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ 41 ਪ੍ਰੋਜੈਕਟਾਂ ਲਿਆਂਦੇ ਤੇ ਜਿਨ੍ਹਾਂ ਉੱਤੇ 1,500 ਕਰੋੜ ਰੁਪਏ ਖ਼ਰਚ ਹੋਏ। ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫ਼ੂਡ ਪ੍ਰਾਸੈਸਿੰਗ ਮੰਤਰਾਲੇ ਨੂੰ ਸੰਪਦਾ ਯੋਜਨਾ ਲਈ 6,000 ਕਰੋੜ ਰੁਪਏ ਦਿੱਤੇ ਗਏ ਸਨ ਤੇ ਉਨ੍ਹਾਂ ਦੀ ਇੱਛਾ ਸੀ ਕਿ ਇਸ ਵਿੱਚੋਂ ਵੱਧ ਤੋਂ ਵੱਧ ਧਨ ਪੰਜਾਬ ਉੱਤੇ ਖ਼ਰਚ ਹੋਵੇ। ਉਨ੍ਹਾਂ ਕਿਹਾ ਕਿ ਜੇ ਇੰਝ ਹੋ ਜਾਂਦਾ, ਤਾਂ ਖ਼ੁਰਾਕ ਅਰਥ–ਵਿਵਸਥਾ ਬਦਲ ਜਾਣੀ ਸੀ ਪਰ ਸਾਲ 2017 ਵਿੰਚ ਸ਼ੁਰੂ ਹੋਈ ਇਸ ਯੋਜਨਾ ਦਾ ਪੰਜਾਬ ਸਰਕਾਰ ਨੇ ਕੋਈ ਲਾਹਾ ਨਹੀਂ ਲਿਆ।

 

 

ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਐੱਮਪੀ ਵਜੋਂ ਚੋਣ ਲੜਨ ਦੀ ਇੱਛਾ ਨਾ ਤਾਂ ਪਹਿਲੀ ਵਾਰ ਸੀ ਤੇ ਨਾ ਹੀ ਦੂਜੀ ਵਾਰ। ‘ਮੈਂ ਇਸ ਵਾਰ ਵੀ ਸਾਰਾ ਕੁਝ ਵਾਹਿਗੁਰੂ ’ਤੇ ਛੱਡ ਦਿੱਤਾ ਹੈ। ਮੈਂ ਜੋ ਕੁਝ ਵੀ ਕੀਤਾ ਹੈ, ਉਸ ਦੇ ਆਧਾਰ ਉੱਤੇ ਲੋਕ ਆਪੇ ਫ਼ੈਸਲਾ ਕਰਨਗੇ। ਮੈਂ ਹਰੇਕ ਪਿੰਡ ਗਈ ਹਾਂ ਤੇ ਗ੍ਰਾਂਟਾਂ ਵੰਡੀਆਂ ਹਨ। ਮੈਂ ਹਰੇਕ ਮੰਗ ਵੀ ਪੂਰੀ ਕਰਨ ਦਾ ਜਤਨ ਕੀਤਾ ਹੈ। ਮੈਂ ਮਾਨਸਾ ’ਚ ਕੁੜੀਆਂ ਦਾ ਕਾਲਜ ਬਣਵਾਇਆ, ਹੋਟਲ ਮੈਨੇਜਮੈਂਟ ਦਾ ਸੰਸਥਾਨ ਲਿਆਂਦਾ, ਇੱਕ ਖੇਡ ਸਟੇਡੀਅਮ ਬਣਵਾਇਆ।’

 

 

ਬੀਬਾ ਬਾਦਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਹੀ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਾ ਮੁੱਦਾ ਚੁੱਕਿਆ ਸੀ। ਫਿਰ ਲਗਾਤਾਰ ਇਸ ਮੁੱਦੇ ਉੱਤੇ ਕੰਮ ਕਰਦੀ ਰਹੀ। ਹੁਣ ਜਾ ਕੇ ਉਨ੍ਹਾਂ ਜਤਨਾਂ ਨੂੰ ਬੂਰ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਤਾਂ ਇੱਕ ਸਮਾਜ–ਸੇਵਕਾ ਹਨ। ‘ਮੈਂ ਆਪਣੇ ਹਰੇਕ ਕੰਮ ਨੂੰ ਬਾਖ਼ੂਬੀ ਨੇਪਰੇ ਚਾੜ੍ਹਿਆ ਹੈ। ਵਾਹਿਗੁਰੂ ਸਦਾ ਮੇਰੇ ਨਾਲ ਰਹੇ ਨੇ ਤੇ ਮੈਂ ਇੱਕ ਮੰਤਰੀ, ਐੱਮਪੀ ਤੇ ‘ਨੰਨ੍ਹੀ ਛਾਂ’ ਲਹਿਰ ਦੀ ਮੁਖੀ ਵਜੋਂ ਆਪਣੀ 120% ਕਾਰਗੁਜ਼ਾਰੀ ਵਿਖਾਈ ਹੈ। ‘ਨੰਨ੍ਹੀ ਛਾਂ’ ਲਹਿਰ ਰਾਹੀਂ 12,000 ਲੜਕੀਆਂ ਦਾ ਸਸ਼ੱਕਤੀਕਰਨ ਹੋਇਆ ਹੈ ਤੇ 25 ਲੱਖ ਪੌਦੇ ਲਾਏ ਗਏ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harsimrat Kaur Badal knows victory is not so easy this time