ਕੇਂਦਰੀ ਮੰਤਰੀ ਤੇ ਬਾਦਲ ਪਰਿਵਾਰ ਦੀ ਨੁੰਹ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਹ 2019 ਚ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣਾਂ ਲੜ ਸਕਦੇ ਹਨ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਉਨ੍ਹਾਂ ਵਿਰੁੱਧ ਚੋਣ ਲੜਨ ਲਈ ਬਠਿੰਡਾ ਨਹੀਂ ਆਉਣਾ ਪੈਣਾ.
ਸੰਗਰੂਰ ਤੋਂ 10 ਕਿਲੋਮੀਟਰ ਦੂਰ ਖੇੜੀ ਪਿੰਡ ਚ ਇੱਕ 'ਕ੍ਰਿਸ਼ੀ ਵਿਗਿਆਨ ਕੇਂਦਰ'ਦਾ ਨਿਰੀਖਣ ਕਰਨ ਆਈ ਬੀਬੀ ਬਾਦਲ ਨੇ ਹਿੰਦੁਸਤਾਨ ਟਾਈਮਜ਼ ਨੂੰ ਕਿਹਾ "ਉਹ (ਭਗਵੰਤ ਮਾਨ) ਮੇਰੇ ਖਿਲਾਫ਼ ਚੋਣ ਲੜਨ ਦੀ ਬਿਆਨਬਾਜ਼ੀ ਕਰਕੇ ਚਰਚਾ 'ਚ ਆਉਣਾ ਚਾਹੁੰਦੇ ਹਨ. ਪਰ ਹੁਣ ਇਸ ਲਈ ਮਾਨ ਨੂੰ ਬਠਿੰਡਾ ਆਉਣ ਦੀ ਵੀ ਲੋੜ ਨਹੀਂ. ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਸੰਗਰੂਰ ਹਲਕੇ ਤੋਂ ਮੇਰੇ ਖਿਲਾਫ਼ ਚੋਣ ਲੜਨ. "
ਹਰਸਿਮਰਤ ਦੀ ਪਿਛਲੇ ਇੱਕ ਮਹੀਨੇ 'ਚ ਸੰਗਰੂਰ ਦੀ ਇਹ ਦੂਜੀ ਫੇਰੀ ਸੀ. ਇਸਤੋਂ ਪਹਿਲਾਂ ਉਹ 13 ਮਈ ਨੂੰ ਸੁਨਾਮ 'ਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦਾ ਉਦਘਾਟਨ ਕਰਨ ਆਏ ਸਨ.
“ਭਗਵੰਤ” ਨੂੰ ਕਬੂਲ ਹੈ ਚੁਣੌਤੀ
ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਨੇ ਵੀ ਬੀਬੀ ਬਾਦਲ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ,"ਚਰਚਾ 'ਚ ਆਉਣ ਲਈ ਮੈਨੂੰ ਹਰਸਿਮਰਤ ਬਾਦਲ ਦੇ ਨਾਮ ਦੀ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ. ਹਰ ਕੋਈ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਕਈ ਦਹਾਕਿਆਂ ਤੋਂ ਇੱਕ-ਦੂਜੇ ਨਾਲ ਮਿਲੇ ਹੋਏ ਹਨ, ਜਦੋਂ ਕਿ ਆਮ ਆਦਮੀ ਪਾਰਟੀ ਅੰਦੋਲਨ ਤੋਂ ਉਭਰੀ ਹੈ”