ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਵਾਰਦਾਤਾਂ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ `ਚ ਰੋਸ ਮੁਜ਼ਾਹਰਾਕਾਰੀਆਂ `ਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਪਿਛਲੇ ਤਿੰਨ ਦਿਨਾਂ ਦੌਰਾਨ ਉਦੋਂ ਦੇ ਏਡੀਜੀ ਜਿਤੇਂਦਰ ਜੈਨ, ਲੁਧਿਆਣਾ ਦੇ ਤਤਕਾਲੀਨ ਕਮਿਸ਼ਨਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਫਿ਼ਰੋਜ਼ਪੁਰ ਰੇਂਜ ਦੇ ਤਤਕਾਲੀਨ ਡੀਆਈਜੀ ਆਈਜੀ ਅਮਰ ਸਿੰਘ ਚਾਹਲ, ਫ਼ਰੀਦਕੋਟ ਦੇ ਉਦੋਂ ਦੇ ਡੀਸੀ ਐੱਮਐੱਸ ਜੱਗੀ, ਫ਼ਰੀਦਕੋਟ ਦੇ ਉਦੋਂ ਦੇ ਐੱਸਐੱਸਪੀ ਐੱਸਐੱਸ ਮਾਨ, ਫ਼ਰੀਦਕੋਟ ਦੇ ਉਦੋਂ ਦੇ ਐੱਸਡੀਐੱਮ ਵੀ.ਕੇ. ਸਿਆਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪਰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ (HC) ਦੇ ਹੁਕਮਾਂ ਅਨੁਸਾਰ ਇਸ ਵਿਸ਼ੇਸ਼ ਜਾਂਚ ਟੀਮ (ਸਿਟ) ਦੀਆਂ ਕਾਰਵਾਈ ਠੱਪ ਹੋ ਕੇ ਰਹਿ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਇਹ ਟੀਮ ਕਾਫ਼ੀ ਸਰਗਰਮੀ ਨਾਲ ਕੰਮ ਕਰ ਰਹੀ ਸੀ।
ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਡੀਜੀਪੀ ਪ੍ਰਬੋਧ ਕੁਮਾਰ ਰਹੇ ਹਨ ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਵੀ ਇਸ ਦੇ ਮੈਂਬਰ ਹਨ। ਇਹ ਟੀਮ ਪਹਿਲਾਂ ਬਰਗਾੜੀ ਤੇ ਬਹਿਬਲ ਕਲਾਂ `ਚ ਜਾ ਕੇ ਗਵਾਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ।
ਇਹ ਜਾਂਚ ਟੀਮ ਪੰਜਾਬ ਸਰਕਾਰ ਨੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਦੀ ਜਾਂਚ-ਰਿਪੋਰਟ ਵਿਧਾਨ ਸਭਾ `ਚ ਪੇਸ਼ ਹੋਣ ਤੋਂ ਬਾਅਦ ਕਾਇਮ ਕੀਤੀ ਸੀ ਪਰ ਅੱਜ ਹਾਈ ਕੋਰਟ ਨੇ ਇਸ ਨੂੰ ਆਪਣੇ ਪੱਧਰ `ਤੇ ਜਾਂਚ ਕਰਨ ਤੋਂ ਵਰਜ ਦਿੱਤਾ ਹੈ। ਇਸ ਟੀਮ ਨੂੰ ਸਪੱਸ਼ਟ ਆਖ ਦਿੱਤਾ ਗਿਆ ਹੈ ਕਿ ਹਾਈ ਕੋਰਟ ਉਸ ਨੂੰ ਜਿਹੋ ਜਿਹੀ ਹਦਾਇਤ ਜਾਰੀ ਕਰੇਗੀ, ਉਹ ਉਸੇ ਮੁਤਾਬਕ ਅਗਲੇਰੀ ਕਾਰਵਾਈ ਕਰੇ। ਇਸ ਮਾਮਲੇ `ਤੇ ਪੰਜਾਬ ਸਰਕਾਰ ਅਤੇ ਵਿਧਾਨਸਭਾ ਦੇ ਸਪੀਕਰ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ।