ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਚੀਨ ਤੋਂ ਪਰਤੇ 1250 ਪੰਜਾਬੀਆਂ ਦੀ ਰਿਪੋਰਟ ਆਈ ਸਾਹਮਣੇ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ, ਕਿਉਂਕਿ ਚੀਨ ਤੋਂ ਇਸ ਵਾਇਰਸ ਦੇ ਫੈਲਣ ਦੀ ਖ਼ਬਰ ਮਿਲੀ ਹੈ, ਜਿਥੇ ਹੁਣ ਤੱਕ 28,000 ਤੋਂ ਵੱਧ ਮਾਮਲਿਆਂ ਅਤੇ 564 ਮੌਤਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ 24 ਹੋਰ ਦੇਸ਼ਾਂ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਭਾਰਤ ਵਿਚ ਵੀ 3 ਮਾਮਲੇ ਸਾਹਮਣੇ ਆਏ ਹਨ।
 

ਇਸ ਅਣਜਾਣ ਬਿਮਾਰੀ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚੀਨ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੂਚੀ ਪੰਜਾਬ ਸਰਕਾਰ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਤੇ ਇਹ ਰਿਪੋਰਟ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਲਗਾਤਾਰ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 1375 ਯਾਤਰੀ ਚੀਨ ਦੀ ਯਾਤਰਾ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ 1250 ਯਾਤਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਜਾਂਚ ਕਰ ਲਈ ਗਈ ਹੈ ਅਤੇ ਇਨ੍ਹਾਂ ਯਾਤਰੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ।
 

ਉਨ੍ਹਾਂ ਕਿਹਾ ਕਿ ਬਾਕੀ ਯਾਤਰੀਆਂ ਦੀ ਸਕਰੀਨਿੰਗ ਭਲਕ ਤੱਕ ਕਰ ਲਈ ਜਾਵੇਗੀ ਅਤੇ ਹੁਣ ਤੱਕ ਪੰਜਾਬ 'ਚ ਕਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਆਏ ਜ਼ੀਰਕਪੁਰ (ਮੋਹਾਲੀ) ਦੇ 4 ਯਾਤਰੀਆਂ ਦੇ ਨਮੂਨੇ ਵੀ ਨਾਕਾਰਾਤਮਕ ਪਾਏ ਗਏ ਜਦਕਿ ਹੁਣ ਤੱਕ ਪੰਜਾਬ ਨਾਲ ਸਬੰਧਤ 26 ਮਾਮਲੇ ਐਨ.ਆਈ.ਵੀ. ਪੁਣੇ ਵੱਲੋਂ ਨਾਕਾਰਾਤਮ ਦੱਸੇ ਗਏ ਹਨ। ਉਨ੍ਹਾਂ ਕਿਹਾ ਕਿ ਚੀਨ ਅਤੇ ਹੋਰ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹੋਰ ਬਹੁਤ ਸਾਰੇ ਯਾਤਰੀ ਸਿਹਤ ਵਿਭਾਗ ਕੋਲ ਖੁਦ ਰਿਪੋਰਟ ਕਰ ਰਹੇ ਹਨ।
 

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਯਾਤਰੀ ਚੀਨ ਦੇ ਵੁਹਾਨ ਸ਼ਹਿਰ ਤੋਂ ਆਇਆ ਹੈ, ਤਾਂ ਉਸ ਨੂੰ ਇਕੱਲਾ ਰੱਖਿਆ ਜਾਣਾ ਜਰੂਰੀ ਹੈ ਅਤੇ ਕੋਈ ਲੱਛਣ ਨਾ ਹੋਣ ਦੇ ਬਾਵਜੂਦ ਵੀ ਇਸ ਵਾਇਰਸ ਸਬੰਧੀ ਨਮੂਨੇ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬੁਖ਼ਾਰ, ਖੰਘ, ਨੱਕ ਵਗਣਾ, ਸਾਹ ਲੈਣ ਵਿੱਚ ਮੁਸ਼ਕਲ ਹੋਣ ਵਰਗੇ ਲੱਛਣ ਹੋਣ 'ਤੇ ਉਸ ਨੂੰ ਹਸਪਤਾਲ ਦੇ ਅਲੱਗ ਵਾਰਡ ਵਿੱਚ ਦਾਖਲ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
 

ਕੈਬਨਿਟ ਮੰਤਰੀ ਨੇ ਸਿਵਲ ਸਰਜਨਾਂ ਨੂੰ ਸਕ੍ਰੀਨਿੰਗ ਮੁਹਿੰਮ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਤਾਂ ਜੋ ਚੀਨ ਦੀ ਯਾਤਰਾ ਕਰ ਚੁੱਕੇ ਜਾਂ ਚੀਨ ਦੇ ਹਵਾਈ ਅੱਡਿਆਂ ਰਾਹੀਂ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਸਕ੍ਰੀਨਿੰਗ ਕੀਤੀ ਜਾ ਸਕੇ।
 

ਸਿਹਤ ਮੰਤਰੀ ਨੇ ਦੱਸਿਆ ਕਿ ਸਾਰੇ ਸਿਵਲ ਸਰਜਨ, ਜ਼ਿਲ੍ਹਾ ਨੋਡਲ ਅਫ਼ਸਰਾਂ ਅਤੇ ਕੰਟਰੋਲ ਰੂਮਾਂ ਦੀ ਸੂਚੀ ਵੀ ਵਿਭਾਗ ਦੀ ਵੈੱਬਸਾਈਟ ਉੱਤੇ ਅਪਲੋਡ ਕੀਤੀ ਗਈ ਹੈ। ਹੋਰ ਵਿਭਾਗਾਂ ਅਤੇ ਜਨਤਾ ਦੀ ਸਹੂਲਤ ਲਈ ਰਾਜ ਕੰਟਰੋਲ ਰੂਮ ਨੰਬਰ 88720-90029 ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਵੈ-ਰਿਪੋਰਟਿੰਗ ਅਤੇ ਆਮ ਜਨਤਾ ਨੂੰ ਇਸ ਵਾਇਰਸ ਸਬੰਧੀ ਜਾਣਕਾਰੀ ਦੇਣ ਲਈ ਕੇਂਦਰੀ ਹੈਲਪਲਾਈਨ 104 ਵੀ ਕਾਰਜਸ਼ੀਲ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health Family Welfare Minister Balbir Singh Sidhu issued instructions about Coronavirus