ਅਗਲੀ ਕਹਾਣੀ

ਸਿਹਤ ਮੰਤਰੀ ਨੇ ਜਲਾਲਾਬਾਦ ਹਲਕੇ ਦੀਆਂ 184 ਪੰਚਾਇਤਾਂ ਨੂੰ 20 ਕਰੋੜ ਦੀਆਂ ਵੰਡੀਆਂ ਗ੍ਰਾਂਟਾਂ 

ਕਿਹਾ, ਕੈਪਟਨ ਸਰਕਾਰ ਨੇ ਪਿੰਡਾਂ-ਸ਼ਹਿਰਾਂ ਦਾ ਬਿਨਾਂ ਭੇਦਭਾਵ ਵਿਕਾਸ ਯਕੀਨੀ ਬਣਾਇਆ

 

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਜਲਾਲਾਬਾਦ ਹਲਕੇ ਦੇ 184 ਪਿੰਡਾਂ ਦੇ ਵਿਕਾਸ ਕਾਰਜਾਂ ਲਈ 20 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਪੰਚਾਇਤਾਂ ਨੂੰ ਸੌਂਪੇ। 

 

ਜਲਾਲਾਬਾਦ ਵਿਖੇ ਸਰਪੰਚਾਂ ਅਤੇ ਪੰਚਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦਾ ਬਿਨਾਂ ਭੇਦਭਾਵ ਵਿਕਾਸ ਕਰਨ ਲਈ ਵਚਨਬੱਧਤਾ ਹੈ।

 

ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੈਂ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਆਪਣੇ ਹਲਕੇ ਵਾਂਗ ਵਿਚਰਿਆਂ ਹਾਂ ਅਤੇ ਸਵਾ ਕੁ ਸਾਲ ਪਹਿਲਾਂ ਮੈਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਇੰਚਾਰਜ ਲਾਉਣ ਤੋਂ ਹੁਣ ਤੱਕ ਮੈਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ’ਤੇ ਸੁਣ ਕੇ ਹੱਲ ਕਰਦਾ ਰਿਹਾ ਹਾਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਹੈ। 

 

ਉਨ੍ਹਾਂ ਕਿਹਾ ਕਿ ਹਲਕੇ ਦੇ ਜਲਾਲਾਬਾਦ ਬਲਾਕ ਦੇ 142 ਅਤੇ ਅਰਨੀਵਾਲਾ ਬਲਾਕ 42 ਪਿੰਡਾਂ ਨੂੰ ਬਿਨਾਂ ਭੇਦਭਾਵਤ ਤੋਂ ਵਿਕਾਸ ਕਾਰਜਾਂ ਲਈ 20 ਕਰੋੜ 4 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਇਲਾਕੇ ਦਾ ਸਮੁੱਚਿਤ ਵਿਕਾਸ ਯਕੀਨੀ ਬਣੇਗਾ। 

 

ਸ. ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦਾ ਸਿਹਤ ਮੰਤਰੀ ਹੋਣ ਦੇ ਬਾਵਜੂਦ ਪਿਛਲੇ 10 ਸਾਲਾਂ ਦੌਰਾਨ ਫ਼ਾਜ਼ਿਲਕਾ ਵਿੱਚ ਡਾਕਟਰਾਂ ਦੀ ਭਾਰੀ ਕਮੀ ਰਹੀ ਜਦਕਿ ਹੁਣ ਅਜਿਹਾ ਨਹੀਂ ਹੈ। ਪੰਜਾਬ ਸਰਕਾਰ ਦੀ ਵਕਾਰੀ ਸਰਬੱਤ ਸਿਹਤ ਬੀਮਾ ਸਕੀਮ ਦਾ ਜ਼ਿਕਰ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਸ ਤਰ੍ਹਾਂ ਸੂਬੇ ਦੀ 2 ਕਰੋੜ 20 ਲੱਖ ਆਬਾਦੀ ਨੂੰ 5 ਲੱਖ ਰੁਪਏ ਸਾਲਾਨਾ ਸਿਹਤ ਬੀਮੇ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਅਧੀਨ ਲਿਆਂਦਾ ਗਿਆ ਹੈ ਜਿਸ ਦੀ ਪ੍ਰਤੀ ਜੀਅ ਆਬਾਦੀ ਕਰੀਬ 10 ਲੱਖ ਬਣਦੀ ਹੈ।
 

ਡਿਪਟੀ ਕਮਿਸਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਮੰਤਰੀ ਨੂੰ ਦੱਸਿਆ ਕਿ ਫ਼ਾਜ਼ਿਲਕਾ ਪਿਛੋਂ ਜਲਾਲਾਬਾਦ ਵਿਖੇ ਵੀ ਪਿਛਲੇ ਮਹੀਨੇ ‘ਸਾਡੀ ਰਸੋਈ’ ਦੀ ਸ਼ੁਰੂਆਤ ਕੀਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health Minister grants Rs 20 crore for development works to 184 panchayats in Jalalabad constituency