ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰਨ ਤੋਂ ਪਹਿਲਾਂ ਮੈਨੂੰ ਸੁਣੇ ਅਦਾਲਤ: ਸੁਮੇਧ ਸੈਣੀ

ਲੁਧਿਆਣਾ ਸਿਟੀ ਸੈਂਟਰ ਘੁਟਾਲੇ ਬਾਰੇ ਸਾਬਕਾ ਡੀਜੀਪੀ ਨੇ ਦਿੱਤਾ ਵੱਡਾ ਬਿਆਨ

--  ਲੁਧਿਆਣਾ ਸਿਟੀ ਸੈਂਟਰ ਘੁਟਾਲੇ ਬਾਰੇ ਸਾਬਕਾ ਡੀਜੀਪੀ ਨੇ ਦਿੱਤਾ ਵੱਡਾ ਬਿਆਨ


--  ਸੁਮੇਧ ਸੈਣੀ ਨੇ ਮੰਗੀ ਸੀਲਬੰਦ ਲਿਫ਼ਾਫ਼ੇ `ਚ ਠੋਸ ਸਬੂਤ ਪੇਸ਼ ਕਰਨ ਦੀ ਇਜਾਜ਼ਤ

 

ਲੁਧਿਆਣਾ ਸਿਟੀ ਸੈਂਟਰ ਮਾਮਲੇ `ਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਜਿ਼ਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਸਾਹਵੇਂ ਆਪਣਾ ਬਿਆਨ ਦਿੰਦਿਆਂ ਕਿਹਾ ਕਿ ਮੁਲਜ਼ਮਾਂ ਵਿਰੁੱਧ ਇਹ ਮਾਮਲਾ ਰੱਦ ਕਰਨ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਸੁਣਵਾਈ ਜ਼ਰੂਰ ਕੀਤੀ ਜਾਵੇ। ਇੱਥੇ ਵਰਨਣਯੋਗ ਹੈ ਕਿ ਇਸ ਮਾਮਲੇ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਮੁੱਖ ਮੁਲਜ਼ਮ ਹਨ ਤੇ ਉਨ੍ਹਾਂ ਕਾਰਨ ਸਰਕਾਰ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ। ਇਹ ਮਾਮਲਾ ਲੁਧਿਆਣਾ ਸਿਟੀ ਸੈਂਟਰ ਨੂੰ ਕੰਟਰੈਕਟ ਆਧਾਰ `ਤੇ ਦਿੱਲੀ ਦੀ ਇੱਕ ਨਿਰਮਾਣ ਫ਼ਰਮ ਹਵਾਲੇ ਕਰਨ ਨਾਲ ਸਬੰਧਤ ਹੈ।


ਮਾਰਚ 2007 `ਚ ਜਦੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ, ਤਦ ਸ੍ਰੀ ਸੁਮੇਧ ਸਿੰਘ ਸੈਣੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਸਨ। ਇਹ ਮਾਮਲਾ ਦਰਜ ਕੀਤੇ ਜਾਣ ਦੇ ਪੂਰੇ ਇੱਕ ਦਹਾਕੇ ਬਾਅਦ ਇਹ ਮਾਮਲਾ ਰੱਦ ਕਰਨ ਬਾਰੇ ਇੱਕ ਰਿਪੋਰਟ ਵਿਜੀਲੈਂਸ ਬਿਊਰੋ ਨੇ ਅਦਾਲਤ `ਚ ਪੇਸ਼ ਕੀਤੀ ਸੀ।


ਸ੍ਰੀ ਸੁਮੇਧ ਸਿੰਘ ਸੈਣੀ ਨੇ ਆਪਣੀ ਅਰਜ਼ੀ ਵਿੱਚ ਦਲੀਲ ਦਿੱਤੀ ਹੈ ਕਿ ਸੁਣਵਾਈ ਕਰ ਰਹੀ ਅਦਾਲਤ ਸਾਹਵੇਂ ਜਦੋਂ ਫ਼ੌਜਦਾਰੀ ਕਾਨੂੰਨ ਦੀ ਧਾਰਾ 173(2) ਅਧੀਨ ਦੋਸ਼-ਪੱਤਰ ਆਇਦ ਕੀਤੇ ਗਏ ਸਨ, ਤਦ ਉਹ ਵਿਜੀਲੈਂਸ ਬਿਊਰੋ ਵਿਭਾਗ ਦੇ ਮੁਖੀ ਸਨ। ਸ੍ਰੀ ਸੈਣੀ ਨੇ ਕਿਹਾ ਕਿ ਇਹ ਮਾਮਲਾ ਰੱਦ ਕਰਨ ਦੀ ਰਿਪੋਰਟ ਆਪਾ-ਵਿਰੋਧੀ ਹੈ ਕਿਉਂਕਿ ਅਜਿਹੀ ਰਿਪੋਰਟ ਪੇਸ਼ ਕਰਨ ਵਿੱਚ ਕੁਝ ਬੇਲੋੜੀ ਦੇਰੀ ਲੱਗੀ ਹੈ।


ਸ੍ਰੀ ਸੁਮੇਧ ਸੈਣੀ ਨੇ ਆਪਣੀ ਅਰਜ਼ੀ ਵਕੀਲ ਰਮਨਪ੍ਰੀਤ ਸੰਧੂ ਰਾਹੀਂ ਅਦਾਲਤ `ਚ ਦਾਖ਼ਲ ਕੀਤੀ ਹੈ। ਸ੍ਰੀ ਸੈਣੀ ਨੇ ਕਿਹਾ ਕਿ ਉਹ ਇੱਕ ਸੀਲਬੰਦ ਲਿਫ਼ਾਫ਼ੇ `ਚ ਬਹੁਤ ਹੀ ਅਹਿਮ ਸਮੱਗਰੀ ਅਦਾਲਤ `ਚ ਪੇਸ਼ ਕਰਨੀ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ।


ਸ੍ਰੀ ਸੈਣੀ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਵਿਜੀਲੈਂਸ ਵਿਭਾਗ ਦੇ ਮੁਖੀ ਸਨ, ਤਦ ਤੱਕ ਇਸ ਮਾਮਲੇ ਦੀ ਸੁਣਵਾਈ ਚੰਗੀ-ਭਲੀ ਚੱਲਦੀ ਰਹੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਮੁਲਜ਼ਮ ਵੱਡੀਆਂ ਤੋਪਾਂ ਹਨ ਤੇ ਸਾਰੇ ਹੀ ਪੈਸੇ ਤੇ ਅਸਰ-ਰਸੂਖ਼ ਵਾਲੇ ਹਨ। ‘ਇਸ ਮਾਮਲੇ `ਚ ਮੈਂ ਹੁਣ ਸੀਲਬੰਦ ਲਿਫ਼ਾਫ਼ੇ `ਚ ਕੁਝ ਸਮੱਗਰੀ ਅਦਾਲਤ `ਚ ਪੇਸ਼ ਕਰਨੀ ਚਾਹੁੰਦਾ ਹਾਂ। ਇਸ ਮਾਮਲੇ ਦੀ ਨਿਆਂਪੂਰਨ ਜਾਂਚ ਲਈ ਵਾਜਬ ਤੱਥ ਅਦਾਲਤ ਸਾਹਵੇਂ ਪੇਸ਼ ਕਰਨੇ ਬਹੁਤ ਜ਼ਰੂਰੀ ਹਨ।`


ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 7 ਦਸੰਬਰ ਰੱਖੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hear me before giving clean chit to Capt says Saini