ਅਯੁੱਧਿਆ ਦੇ ਚਿਰੋਕਣੇ ਮਾਮਲੇ ’ਤੇ ਅੱਜ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ‘ਹਾਈ ਅਲਰਟ’ ਐਲਾਨ ਦਿੱਤਾ ਗਿਆ ਹੈ। ਪੁਲਿਸ ਨੇ ਕੁਝ ਅਜਿਹੀਆਂ ਨਾਜ਼ੁਕ ਥਾਵਾਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਦਰਅਸਲ, ਇਸ ਫ਼ੈਸਲੇ ਨੂੰ ਲੈ ਕੇ ਸਮਾਜ–ਵਿਰੋਧੀ ਤਾਕਤਾਂ ਦੇਸ਼ ਵਿੱਚ ਭੜਕਾਹਟ ਪੈਦਾ ਕਰ ਸਕਦੀਆਂ ਹਨ। ਇਸੇ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ।
ਪੰਜਾਬ ਦੇ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਸ੍ਰੀ ਈਸ਼ਵਰ ਸਿੰਘ ਨੇ ਦੱਸਿਆ ਕਿ ਸੂਬੇ ’ਚ ਕੁਝ ਥਾਵਾਂ ’ਤੇ ਵਾਧੂ ਬਲ ਤਾਇਨਾਤ ਕੀਤੇ ਗਏ ਹਨ ਤੇ ਹਾਲੇ ਤੱਕ ਬਿਲਕੁਲ ਸ਼ਾਂਤੀ ਹੈ।
ਕੁਝ ਥਾਵਾਂ ’ਤੇ ਦਫ਼ਾ 144 ਲਾਗੂ ਕੀਤੀ ਗਈ ਹੈ। ਸੂਬੇ ਵਿੱਚ ਆਵਾਜਾਈ ਬਿਲਕੁਲ ਆਮ ਦਿਨਾਂ ਵਾਂਗ ਚੱਲ ਰਹੀ ਹੈ। ਇੰਟਰਨੈੱਟ ਤੇ ਹੋਰ ਸੇਵਾਵਾਂ ਬਾਦਸਤੂਰ ਜਾਰੀ ਹਨ।
ਸੰਗਰੂਰ ’ਚ ਮੁਸਲਿਮ ਬਹੁ–ਗਿਣਤੀ ਵਾਲੇ ਮਾਲੇਰਕੋਟਲਾ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।